ਦਸਮੇਸ਼ ਕਲੋਨੀ ਵੇਰਕਾ ‘ਚ ਸਰਕਾਰੀ ਖਾਲ ਪਾਏ ਜਾ ਰਹੇ ਨੇ ਸਰਕਾਰੀ ਨਿਯਮਾਂ ਦੇ ਉਲਟ: ਹਰਦੇਵ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ, 12 ਜੂਨ (ਗੁਰਮੀਤ ਸਿੰਘ ਰਾਜਾ)- ਹਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ ਨੇ ਅੱਜ ਨਹਿਰੀ ਵਿਭਾਗ ਅੰਮ੍ਰਿਤਸਰ ਵਲੋ ਸਥਾਨਕ ਦਸਮੇਸ਼ ਕਲੋਨੀ ਵਿਚ ਸਰਕਾਰੀ ਖਾਲ ਨੂੰ ਨਿਯਮਾਂ ਅਨੁਸਾਰ ਨਾ ਪਾਏ ਜਾਣ ‘ਤੇ ਪੁਲਿਸ ਥਾਣਾ ਵੇਰਕਾ ਵਿੱਖੇ ਇਕ ਲਿਖਤੀ ਦਰਖਾਸਤ ਦਿੱਤੀ ਗਈ ਹੈ। ਜਿਸ ਵਿਚ ਉਕਤ ਹਰਦੇਵ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਵਲੋਂ ਉਨ੍ਹਾਂ ਦੀ ਜ਼ਮੀਨ ਨੂੰ ਜਾਣ ਵਾਲੇ ਖਾਲ ਦੀ ਕੁੱਲ ਲੰਬਾਈ 420 ਫੁੱਟ ਹੈ ਅਤੇ ਵਿਭਾਗ ਵਲੋਂ ਸਰਕਾਰੀ ਖਾਲ ਦੀ ਖੁਦਾਈ ਦੋਰਾਨ 8 ਇੰਚੀ ਦੇ ਪੋਰੇ ਪਾਏ ਜਾਣੇ ਹਨ, ਜੋ ਸਰਾਸਰ ਗਲਤ ਅਤੇ ਸਰਕਾਰੀ ਨਿਯਮਾਂ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਅੰਦਰੂਨੀ ਪੋਰਿਆਂ ਵਿਚ ਮਿੱਟੀ, ਘਾਹ-ਬੂਟੀ ਆਦਿ ਆਉਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹਰਦੇਵ ਸਿੰਘ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਪਾਸੋ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਉਕਤ ਖਾਲ ਨੂੰ ਕਰੀਬ 3 ਫੁੱਟ ਚੋੜਾ ਕਰਕੇ ਅਤੇ ਉਪਰ ਸਲੈਪਾਂ ਪਾ ਕੇ ਸਾਨੂੰ ਨਿਰਵਿਗਨ ਨਹਿਰੀ ਪਾਣੀ ਮਹੁਈਆਂ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਭਵਿੱਖ ਵਿਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਖੀਰ ਵਿਚ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਸਾਡੀ ਜਾਇਜ ਮੰਗ ਨਾ ਮੰਨੀ ਤਾਂ ਇੰਨ੍ਹਾਂ ਦੇ ਦਫਤਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਬਾਕਸ
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਥਾਣਾ ਵੇਰਕਾ ਵਿੱਖੇ ਤਾਇਨਾਤ ਏ.ਐਸ.ਆਈ ਸਤਵਿੰਦਰ ਸਿੰਘ ਅਤੇ ਏ.ਐਸ.ਆਈ ਸੁਰਜੀਤ ਸਿੰਘ ਨੇ ਘਟਨਾ ਸਥਾਨ ‘ਤੇ ਪੁੱਜ ਕੇ ਸਰਕਾਰੀ ਖਾਲ ਦੀ ਖੁਦਾਈ ਬੰਦ ਕਰਵਾ ਦਿੱਤੀ ਹੈ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਸ਼ਿਕਾਇਤ ਕਰਤਾ ਹਰਦੇਵ ਸਿੰਘ ਨੂੰ ਆਪਣਾ-ਆਪਣਾ ਪੱਖ ਰੱਖਣ ਲਈ ਥਾਣੇ ਬੁਲਾਇਆ ਗਿਆ ਹੈ।
ਬਾਕਸ
ਕੀ ਕਹਿੰਦੇ ਹਨ ਐਸ.ਡੀ.ਓ
ਇਸ ਸਬੰਧੀ ਮੌਕੇ ‘ਤੇ ਪੁੱਜੇ ਨਹਿਰੀ ਵਿਭਾਗ ਦੇ ਐਸ.ਡੀ.ਓ ਰਾਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸਰਕਾਰੀ ਖਾਲ ਸਰਕਾਰ ਦੇ ਆਦੇਸ਼ਾਂ ਅਤੇ ਸਰਕਾਰੀ ਨਿਯਮਾਂ ਅਨੁਸਾਰ ਹੀ ਪਾਏ ਜਾ ਰਹੇ ਹਨ, ਜੇਕਰ ਫਿਰ ਵੀ ਹਰਦੇਵ ਸਿੰਘ ਨੂੰ ਕੋਈ ਇਤਰਾਜ ਹੈ ਤਾਂ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ।