ਸੱਚਾਈ ਅਤੇ ਇਨਸਾਫ਼ ਦੇ ਰਸਤੇ ਤੇ ਚਲਣ ਦਾ ਰਸਤਾ ਸੂਲ਼ੀ ਵੱਲ ਜਾਂਦਾ ਹੈ। ਅਜਿਹੇ ਰਸਤਿਆਂ ਤੇ ਕੰਡੇ ਹੁੰਦੇ ਹਨ ਜਿਹਨਾਂ ਤੇ ਤੁਰ ਕੇ ਸੱਚ ਦੀ ਖੁਸ਼ੀ ਮਨਾਈ ਜਾ ਸਕਦੀ ਹੈ ਪਰ ਇਹ ਹਰ ਇੱਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਜਿਸ ਤਰ੍ਹਾਂ ਬਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਜ਼ਰੂਰਤ ਹੈ ਫਿਰ ਹੀ ਔਰੰਗਜ਼ੇਬ ਦੇ ਜ਼ੁਲਮ ਨੂੰ ਨਕੇਲ ਪਾਈ ਜਾ ਸਕਦੀ ਹੈ ਬਿਲਕੁਲ ਉਸੇ ਤਰ੍ਹਾਂ ਜ਼ੁਲਮ ਦੇ ਵਿਰੁੱਧ ਅਤੇ ਸੱਚਾਈ ਦੀ ਖ਼ਾਤਰ ਬਲੀਦਾਨ ਦੇਣ ਵਾਲਾ ਮਹਾਂਪੁਰਖ ਹੀ ਹੁੰਦਾ ਹੈ।
ਪੰਜਾਬ ਦੀ ਧਰਤੀ ਯੋਧੇ ਅਤੇ ਸੂਰਬੀਰਾਂ ਦੀ ਧਰਤੀ ਹੈ। ਪ੍ਰੋ ਪੂਰਨ ਸਿੰਘ ਦੇ ਅਨੁਸਾਰ ਪੰਜਾਬ ਗੁਰਾਂ ਦੇ ਨਾਮ ਤੇ ਜਿਉਂਦਾ ਹੈ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਸ਼ਾਇਦ ਇਸੇ ਕਰਕੇ ਪੰਜਾਬੀਆਂ ਦੇ ਜੁੱਸੇ ਵਿੱਚ ਫ਼ੌਲਾਦ ਭਰਿਆਂ ਹੈ ਜ਼ੋ ਹੋਰ ਕਿਸੇ ਕੌਮ ਵਿੱਚ ਦਿਖਾਈ ਨਹੀਂ ਦਿੰਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਹਨ।ਸਿੱਖ ਧਰਮ ਵਿੱਚ ਅਜਿਹੀਆਂ ਬਹੁਤ ਸਾਰੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਇਤਿਹਾਸ ਪੰਨਿਆਂ ਵਿੱਚ ਦਰਜ਼ ਅੱਜ਼ ਵੀ ਤਰੋਤਾਜ਼ਾ ਹਨ ਜਿਨ੍ਹਾਂ ਬਾਰੇ ਪੜ੍ਹ ਕੇ ਸਾਡਾ ਸਿਰ ਆਦਰ ਨਾਲ ਝੁਕ ਜਾਂਦਾ ਹੈ। ਇਹਨਾਂ ਸ਼ਹੀਦੀਆਂ ਦੀ ਲੜੀ ਵਿੱਚੋਂ ਸਭ ਤੋਂ ਪਹਿਲਾਂ ਨਾਮ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਆਉਂਦਾ ਹੈ ਜਿਹਨਾਂ ਨੂੰ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਜਿਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਵੀ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਹਨ। ਜਿਹਨਾਂ ਦਾ ਜਨਮ 15 ਅਪ੍ਰੈਲ 1563ਈ਼ ਵਿੱਚ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਗੋਇੰਦਵਾਲ਼ ਸਾਹਿਬ ਵਿਖੇ ਹੋਇਆ। ਬਚਪਨ ਵਿੱਚ ਹੀ ਆਪਨੇ ਦੇਵਨਾਗਰੀ, ਸੰਸਕ੍ਰਿਤ, ਗਣਿਤ ਅਤੇ ਧਿਆਨ ਵਿੱਚ ਮੁਹਾਰਤ ਹਾਸਿਲ ਕਰ ਲਈ।
ਜਿਵੇਂ ਜਿਵੇਂ ਆਪ ਵੱਡੇ ਹੁੰਦੇ ਗਏ ਆਪ ਨੂੰ ਸਮਾਜ਼ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਦੱਬੇ ਕੁੱਚਲੇ ਲੋਕਾਂ ਦੀ ਆਵਾਜਾਂ ਸੁਣਾਈਂ ਦੇਣੀਆਂ ਸ਼ੁਰੂ ਹੋਈਆਂ।
ਮੁਗ਼ਲ ਜਿਨ੍ਹਾਂ ਨੇ ਦੇਸ਼ ਤੇ ਕਬਜ਼ਾ ਅਤੇ ਆਪਣੀ ਹਕੂਮਤ ਨੂੰ ਕਾਇਮ ਕਰਨ ਲਈ ਅੱਤਿਆਚਾਰ ਦਾ ਸਹਾਰਾ ਲਿਆ ਹੋਇਆ ਸੀ , ਉਹਨਾਂ ਅੱਗੇ ਗੁਰੂ ਸਾਹਿਬ ਅਜਿਹੇ ਬਹਾਦਰ ਅਤੇ ਨਿਡਰ ਵਿਅਕਤੀ ਸਨ ਜੇਕਰ ਇਹ ਇਸਲਾਮ ਧਰਮ ਕਬੂਲ ਕਰ ਲੈਣ ਤਾਂ ਪੂਰਾ ਪੰਜਾਬ ਹੀ ਇਸਲਾਮ ਕਬੂਲ ਕਰ ਲਵੇਗਾ।
ਗੁਰੂ ਅਰਜਨ ਦੇਵ ਜੀ ਪ੍ਰਤੀ ਈਰਖਾ ਉਨ੍ਹਾਂ ਦੇ ਘਰ ਵਿੱਚੋਂ ਸ਼ੁਰੂ ਹੁੰਦੀ,ਚੰਦੂ ਕੋਲੋਂ ਹੁੰਦੀ ਜਹਾਂਗੀਰ ਤੱਕ ਪਹੁੰਚੀ। ਚੰਦੂ ਜਿਸ ਦੀ ਧੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਲਈ ਆਇਆ ਸੀ,ਉਹ ਗੁਰੂ ਅਰਜਨ ਦੇਵ ਜੀ ਨੇ ਠੁਕਰਾ ਦਿੱਤਾ ਸੀ ਕਿਉਂਕਿ ਉਸ ਨੂੰ ਆਪਣੀ ਧਨ ਅਤੇ ਦੌਲਤ ਦਾ ਬਹੁਤ ਜ਼ਿਆਦਾ ਘੁਮੰਡ ਸੀ ਜ਼ੋ ਗੁਰੂ ਸਾਹਿਬ ਨੂੰ ਬਿਲਕੁਲ ਪਸੰਦ ਨਹੀਂ ਸੀ, ਇਸੇ ਗੱਲ ਦੀ ਈਰਖਾ ਰੱਖਦਿਆਂ ਚੰਦੂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰ ਦਿੱਤੇ ਅਤੇ ਗੁਰੂ ਸਾਹਿਬ ਨੂੰ 1606 ਹੈ ਵਿੱਚ ਸ਼ਹੀਦ ਕਰਵਾ ਦਿੱਤਾ ਗਿਆ।
ਗੁਰੂ ਸਹਿਬ ਦੀ ਸ਼ਹੀਦੀ ਮੁਗ਼ਲ ਸਲਤਨਤ ਦੀ ਬਰਬਾਦੀ ਦਾ ਪਹਿਲਾ ਕਿੱਲ ਸਾਬਤ ਹੋਈ।ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਪੀਰੀ ਦੀਆਂ ਤਲਵਾਰਾਂ ਦਾ ਧਾਰਨ ਕਰਨਾ, ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ ਵਿੱਚ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਚਪੜ ਚਿੜੀ ਵਿਖੇ ਮੁਗਲਾਂ ਨੂੰ ਹਰਾ ਕੇ ਖਾਲਸਾ ਰਾਜ ਕਾਇਮ ਕਰਨਾ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਹੀ ਦੇਣ ਹਨ।
ਆਪ ਜੀ ਨੇ ਭਾਈ ਗੁਰਦਾਸ ਜੀ ਦੀ ਮਦਦ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਕਾਰਜ ਪੂਰਾ ਕੀਤਾ।1601 ਤੋਂ 1604 ਦੌਰਾਨ ਆਪ ਜੀ ਨੇ ਛੇ ਗੁਰੂ ਸਾਹਿਬਾਨ,15 ਭੱਟ ਅਤੇ 11 ਭਗਤਾਂ ਦੀ ਬਾਣੀ ਸ਼ਾਮਿਲ ਕੀਤੀ।ਆਪ ਨੇ 2312 ਸ਼ਬਦਾਂ ਦੀ ਰਚਨਾ ਕੀਤੀ।ਆਪ ਜੀ ਦੁਆਰਾ ਰਚਿਤ ਪ੍ਰਮੁੱਖ ਬਾਣੀਆਂ ਵਿੱਚ ਸੁਖਮਨੀ ਸਾਹਿਬ, ਬਾਰਾਂਮਾਹ ਸ਼ਾਮਿਲ ਹਨ।
ਅਜੋਕਾ ਸਮੇਂ ਵਿੱਚ ਜਦੋਂ ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਹੈ,ਧਰਮ ਦੇ ਨਾਂ ਤੇ ਰਾਜਨੀਤੀ ਭਾਰੂ ਹੋ ਰਹੀ ਹੈ। ਰਾਜਨੀਤਕ ਲੋਕ ਕੁਰਸੀ ਦੇ ਲਾਲਚ ਲਈ ਧਰਮ ਦੇ ਨਾਂ ਤੇ ਭਟਕਾ ਰਹੇ ਹਨ ਉਸ ਸਮੇਂ ਗੁਰੂ ਸਾਹਿਬ ਦੀ ਸਮੁੱਚੀ ਮਨੁੱਖਤਾ ਲਈ ਦਿੱਤੀ ਲਾਸਾਨੀ ਸ਼ਹਾਦਤ ਸਾਨੂੰ ਜ਼ੁਲਮ ਦੀ ਹਕੂਮਤ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਸੱਚਾਈ ਦਾ ਪਲੜਾ ਕਦੇ ਨਾ ਛੱਡਣ ਦੀ ਪ੍ਰੇਰਨਾ ਦਿੰਦੀ ਹੈ।