ਲਾਹੌਰ (ਭਾਸ਼ਾ)- ਪਾਕਿਸਤਾਨੀ ਪੁਲਸ ਨੇ ਈਸ਼ਨਿੰਦਾ ਦੇ ਦੋਸ਼ੀ ਇੱਕ ਵਿਅਕਤੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਘੱਟੋ-ਘੱਟ 50 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭੀੜ ਦੇ ਹਮਲੇ ਵਿੱਚ ਮਾਰਿਆ ਗਿਆ ਵਿਅਕਤੀ ਪਹਿਲਾਂ ਹੀ ਪੁਲਸ ਦੀ ਹਿਰਾਸਤ ਵਿੱਚ ਸੀ। ਪੰਜਾਬ ਸੂਬੇ ਦੇ ਨਨਕਾਣਾ ਜ਼ਿਲੇ ‘ਚ ਸ਼ਨੀਵਾਰ ਨੂੰ ਸੈਂਕੜੇ ਨਾਰਾਜ਼ ਮੁਸਲਮਾਨ ਪੁਲਸ ਸਟੇਸ਼ਨ ‘ਤੇ ਇਕੱਠੇ ਹੋਏ। ਭੀੜ ਵਿੱਚ ਸ਼ਾਮਲ ਲੋਕਾਂ ਨੂੰ ਦੱਸਿਆ ਗਿਆ ਕਿ ਵਾਰਿਸ ਨਾਮ ਦੇ ਇੱਕ ਵਿਅਕਤੀ ਨੇ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਦੀ ਇੱਕ ਕਾਪੀ ਦੀ ਬੇਅਦਬੀ ਕੀਤੀ ਸੀ। ਜ਼ਿਲ੍ਹਾ ਪੁਲਸ ਮੁਖੀ ਬਾਬਰ ਸਰਫ਼ਰਾਜ਼ ਅਲਪਾ ਦੇ ਅਨੁਸਾਰ ਭੀੜ ਨੇ ਵਾਰਿਸ ‘ਤੇ ਕਿਤਾਬ ਦੇ ਪੰਨਿਆਂ ‘ਤੇ ਆਪਣੀਆਂ, ਉਸਦੀ ਪਤਨੀ ਅਤੇ ਚਾਕੂ ਦੀਆਂ ਤਸਵੀਰਾਂ ਚਿਪਕਾਉਣ, ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸੜਕਾਂ ‘ਤੇ ਸੁੱਟਣ ਦਾ ਦੋਸ਼ ਲਗਾਇਆ।
ਪਾਕਿਸਤਾਨੀ ਕਾਨੂੰਨ ਦੇ ਤਹਿਤ ਈਸ਼ਨਿੰਦਾ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਹੈ। ਅਧਿਕਾਰੀਆਂ ਦੇ ਅਨੁਸਾਰ ਲੋਕਾਂ ਦੀ ਭੀੜ ਨੇ ਸ਼ਨੀਵਾਰ ਨੂੰ ਵਾਰਬਰਟਨ ਪੁਲਸ ਸਟੇਸ਼ਨ ‘ਤੇ ਧਾਵਾ ਬੋਲ ਦਿੱਤਾ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਕੰਧ ‘ਤੇ ਚੜ੍ਹਨ ਲਈ ਲੱਕੜ ਦੀਆਂ ਪੌੜੀਆਂ ਦੀ ਵਰਤੋਂ ਕੀਤੀ ਅਤੇ ਫਿਰ ਉਹਨਾਂ ਨੇ ਸਟੇਸ਼ਨ ਕੰਪਲੈਕਸ ਵਿੱਚ ਦਾਖਲ ਹੋਣ ਲਈ ਮੁੱਖ ਗੇਟ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਥਾਣੇ ਅੰਦਰ ਦਾਖਲ ਹੋ ਗਈ। ਜਦੋਂ ਤੱਕ ਕੈਦੀ ਦੀ ਜਾਨ ਬਚਾਉਣ ਲਈ ਵਾਧੂ ਪੁਲਸ ਫੋਰਸ ਮੌਕੇ ‘ਤੇ ਪਹੁੰਚੀ, ਉਸ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਭੀੜ ਵਿੱਚ ਸ਼ਾਮਲ ਲੋਕ ਉਸ ਦੀ ਲਾਸ਼ ਨੂੰ ਸਾੜਨ ਹੀ ਲੱਗੇ ਸਨ ਕਿ ਪੁਲਸ ਨੇ ਭੀੜ ਨੂੰ ਖਿੰਡਾਇਆ।
ਅਲਪਾ ਨੇ ਸੋਮਵਾਰ ਨੂੰ ਕਿਹਾ ਕਿ ਪੁਲਸ ਨੇ ਹਮਲੇ ‘ਚ ਸ਼ਾਮਲ ਘੱਟੋ-ਘੱਟ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਸ਼ਾਮਲ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਾਰਿਸ ਨੂੰ 2019 ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2022 ਦੇ ਅੱਧ ਤੱਕ ਜੇਲ੍ਹ ਵਿੱਚ ਸੀ। ਇਸ ਸਬੰਧ ਵਿਚ ਇਕ ਬਿਆਨ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਹਮਲੇ ਨੂੰ ਰੋਕਣ ਵਿਚ ਅਸਫਲ ਰਹਿਣ ਕਾਰਨ ਥਾਣਾ ਇੰਚਾਰਜ ਅਤੇ ਇਲਾਕੇ ਦੇ ਡਿਪਟੀ ਸੁਪਰਡੈਂਟ ਨੂੰ ਬਰਖਾਸਤ ਕਰ ਦਿੱਤਾ ਹੈ।