350 ਕਰੋੜ ਦੀ ਹੈਰੋਇਨ ਸਮੇਤ ਫੜੀ ਪਾਕਿਸਤਾਨੀ ਕਿਸਤੀ, 6 ਵਿਅਕਤੀ ਗ੍ਰਿਫਤਾਰ
ਅਹਿਮਦਾਬਾਦ, 8 ਅਕਤੂਬਰ : ਭਾਰਤੀ ਤੱਟ ਰੱਖਿਅਕ (ਆਈਸੀਜੀ) ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੰਡੀਅਨ ਕੋਸਟ ਗਾਰਡ (ਆਈਸੀਜੀ) ਨੇ ਏ.ਟੀ.ਐਸ. ਗੁਜਰਾਤ ਦੇ ਨਾਲ ਸਾਂਝੇ ਆਪਰੇਸਨ ’ਚ ਇੱਕ ਪਾਕਿਸਤਾਨੀ ਕਿਸਤੀ ’ਚ ਸਵਾਰ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਤੱਟ ਰੱਖਿਅਕ ਅਤੇ ਏਟੀਐਸ ਗੁਜਰਾਤ ਦੀ ਟੀਮ ਨੇ ਵੀ ਇਨ੍ਹਾਂ ਕੋਲੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਮਾਰਕੀਟ ’ਚ ਕੁੱਲ ਕੀਮਤ ਲਗਭਗ 350 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਕਿਸਤੀ ਸਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਪਾਕਿਸਤਾਨੀ ਕਿਸਤੀ ਅਲ ਸਕਰ ’ਚ ਸਵਾਰ 6 ਵਿਅਕਤੀਆਂ ਨੂੰ 350 ਕਰੋੜ ਰੁਪਏ ਦੀ ਹੈਰੋਇਨ ਸਮੇਤ ਫੜਿਆ ਗਿਆ ਹੈ। ਅਧਿਕਾਰੀ ਮੁਤਾਬਕ ਪਾਕਿਸਤਾਨੀ ਕਿਸਤੀ ਅਤੇ ਉਸ ’ਤੇ ਸਵਾਰ ਵਿਅਕਤੀਆਂ ਨੂੰ ਅੰਤਰਰਾਸਟਰੀ ਸਮੁੰਦਰੀ ਸੀਮਾ ਰੇਖਾ (ਆਈ.ਐਮ.ਬੀ.ਐਲ.) ਨੇੜਿਓਂ ਫੜਿਆ ਗਿਆ।
ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਅਧਿਕਾਰੀ ਨੇ ਦੱਸਿਆ ਕਿ ਕਿਸਤੀ ਨੂੰ ਅਗਲੇਰੀ ਜਾਂਚ ਲਈ ਜਖਾਊ ਲਿਆਂਦਾ ਜਾ ਰਿਹਾ ਹੈ। ਪਿਛਲੇ ਇੱਕ ਸਾਲ ’ਚ ਏਟੀਐਸ ਦੇ ਨਾਲ ਆਈਸੀਜੀ ਦੀ ਇਹ ਛੇਵੀਂ ਕਾਰਵਾਈ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਇਕ ਪਾਕਿਸਤਾਨੀ ਕਿਸਤੀ ’ਚੋਂ ਲਗਭਗ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜਬਤ ਕੀਤੀ ਗਈ ਸੀ।
ਦੱਸ ਦਈਏ ਕਿ ਨਸੀਲੇ ਪਦਾਰਥ ਲੈ ਕੇ ਜਾ ਰਹੀ ਪਾਕਿਸਤਾਨੀ ਕਿਸਤੀ ਨੂੰ ਭਾਰਤੀ ਜਲ ਸੀਮਾ ਦੇ 6 ਮੀਲ ਅੰਦਰੋਂ ਫੜਿਆ ਗਿਆ ਸੀ। ਇਸ ਪਾਕਿਸਤਾਨੀ ਕਿਸਤੀ ਨੂੰ ਭਾਰਤੀ ਤੱਟ ਰੱਖਿਅਕ (ਆਈਸੀਜੀ) ਅਤੇ ਗੁਜਰਾਤ ਐਂਟੀ-ਟੈਰਰਿਸਟ ਸਕੁਐਡ (ਏ.ਟੀ.ਐੱਸ.) ਦੀ ਸਾਂਝੀ ਕਾਰਵਾਈ ਦੌਰਾਨ ਫੜਿਆ ਗਿਆ ਸੀ। ਇਸ ਤੋਂ ਇਲਾਵਾ 6 ਪਾਕਿਸਤਾਨੀ ਨਾਗਰਿਕ, ਜੋ ਕਿਸਤੀ ਚਾਲਕਾਂ ਦੇ ਮੈਂਬਰ ਸਨ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।