ਗੈਂਗਸਟਰ ਅਤੇ ਪੁਲਿਸ ਦਾ ਮੁਕਾਬਲਾ 6 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਖਤਮ, ਆਖ਼ਰ ਕਮਾਦ ’ਚੋਂ ਫੜਿਆ ਗਿਆ ਗੈਂਗਸਟਰ ਬੱਬਲੂ
ਬਟਾਲਾ, 8 ਅਕਤੂਬਰ : ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਅਤੇ ਸੁੱਖਾ ਚਿੜਾ ’ਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ ਖਤਮ ਹੋ ਗਿਆ ਹੈ। 6 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਜ਼ਖ਼ਮੀ ਹਾਲਤ ’ਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਕ੍ਰਾਸ ਫਾਇਰਿੰਗ ਵੀ ਹੋਈ ਜਿਸ ’ਚ ਗੈਂਗਸਟਰ ਨੂੰ ਗੋਲੀ ਵੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ’ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਗੈਂਗਸਟਰ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਵੀ ਹੋਈ। ਉਹ ਕਮਾਦ ’ਚ ਲੁਕਿਆ ਹੋਇਆ ਸੀ। ਬਟਾਲਾ ਪੁਲਿਸ ਨੇ ਕਮਾਦ ਦੇ ਖੇਤਾਂ ਨੂੰ ਚੁਫੇਰਿਓਂ ਘੇਰਾ ਪਾਇਆ ਹੋਇਆ ਸੀ। ਗੈਂਗਸਟਰ ਨੂੰ ਫੜਨ ਲਈ ਪੁਲਿਸ ਦੀਆਂ ਬੁਲਟ ਪਰੂਫ ਗੱਡੀਆਂ ਵੀ ਮੌਕੇ ’ਤੇ ਸਨ। ਐਸਐਸਪੀ ਬਟਾਲਾ ਸਤਿੰਦਰ ਸਿੰਘ ਗੈਂਗਸਟਰ ਬਬਲੂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਅਨਾਊਂਸਮੈਂਟ ਕਰ ਰਹੇ ਸਨ। ਉਸ ਦੀ ਲੋਕੇਸ਼ਨ ਲੱਭਣ ਲਈ ਪੁਲਿਸ ਨੇ ਡਰੋਨ ਅਤੇ ਦੂਰਬੀਨ ਦੀ ਵਰਤੋਂ ਵੀ ਕੀਤੀ।
ਆਈਜੀ ਮਨੀਸ਼ ਚਾਵਲਾ ਅਤੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪਾਸਿਓਂ ਲਗਭਗ 60-70 ਗੋਲੀਆਂ ਚੱਲੀਆਂ। ਮੁਲਜਮ ਰਣਜੋਤ ਸਿੰਘ ਉਰਫ ਬਬਲੂ ’ਤੇ 7 ਮਾਮਲੇ ਦਰਜ ਹਨ। ਚਾਰ ਅੰਮਿ੍ਰਤਸਰ ਅਤੇ 3 ਬਟਾਲਾ ਪੁਲਿਸ ਨੇ ਦਰਜ ਕੀਤੇ ਹਨ। ਦੋ ਪਿਸਤੌਲਾਂ ਬਰਾਮਦ ਹੋਈਆਂ ਹਨ। ਬਬਲੂ ਦੀ ਪਿੱਠ ’ਚ ਗੋਲੀ ਲੱਗੀ ਹੋਈ ਹੈ ਅਤੇ ਉਸ ਨੂੰ ਸਿਵਿਲ ਹਸਪਤਾਲ ਲੈ ਕੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਹੱਥਾਂ ’ਚ ਦੋ ਪਿਸਤੌਲਾਂ ਫੜੀ ਇਕ ਗੈਂਗਸਟਰ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਸੀ। ਪੁਲਿਸ ਦੀ ਕਾਰ ਨੂੰ ਦੇਖ ਕੇ ਸੱਕੀ ਗੈਂਗਸਟਰ ਸਾਈਡ ਤੋਂ ਆਪਣੀ ਕਾਰ ਭਜਾ ਕੇ ਲੈ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸੱਕ ਦੇ ਆਧਾਰ ’ਤੇ ਉਸ ਦਾ ਪਿੱਛਾ ਕੀਤਾ ਤਾਂ ਅਣਪਛਾਤਾ ਗੈਂਗਸਟਰ ਖੇਤਾਂ ’ਚ ਵੜ ਗਿਆ। ਪੁਲਿਸ ਨੇ ਖੇਤਾਂ ਦੀ ਘੇਰਾਬੰਦੀ ਕਰ ਲਈ।