Home » ਮਨੀਪੁਰ ਵਿੱਚ ਕੁੱਕੀ ਕਬਾਇਲੀ ਔਰਤਾਂ ਨਾਲ ਦਰਿੰਦਗੀਂ ਖ਼ਿਲਾਫ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਅਰਥੀ ਫੂਕ ਪ੍ਰਦਰਸ਼ਨ

ਮਨੀਪੁਰ ਵਿੱਚ ਕੁੱਕੀ ਕਬਾਇਲੀ ਔਰਤਾਂ ਨਾਲ ਦਰਿੰਦਗੀਂ ਖ਼ਿਲਾਫ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਅਰਥੀ ਫੂਕ ਪ੍ਰਦਰਸ਼ਨ

ਭਾਜਪਾ ਦਾ ਔਰਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਨੰਗਾ ਹੋਇਆ

by Rakha Prabh
50 views
ਲਹਿਰਾਗਾਗਾ, 23 ਜੁਲਾਈ, 2023: ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ 3 ਮਈ ਨੂੰ ਮੈਤੇਈ ਤੇ ਕੁੱਕੀ ਕਬੀਲਿਆਂ ਵਿੱਚ ਭੜਕੀ ਹਿੰਸਾ ਦੇ ਚਲਦਿਆਂ 4 ਮਈ ਨੂੂੰ ਕੁੱਕੀ ਕਬੀਲੇ ਦੀਆਂ ਔਰਤਾਂ ਦੀ ਹੋਈ ਬੇਪੱਤੀ ਦੇ ਭਿਅੰਕਰ ਅਤੇ ਦਿਲ ਦਹਿਲਾਉਣ ਵਾਲੇ ਵੀਡੀਓ ਦੀ ਘਟਨਾ ਦੇ ਖ਼ਿਲਾਫ਼ ਅੱਜ ਇੱਥੇ ਲੋਕ ਚੇਤਨਾ ਮੰਚ ਸਮੇਤ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਮਨੀਪੁਰ ਵਿੱਚ ਸੈਂਕੜੇ ਲੋਕਾਂ ਦੇ ਕਤਲਾ, ਹਜ਼ਾਰਾਂ ਲੋਕਾਂ ਦੇ ਉਜਾੜੇ ਤੇ ਬੇਮੁਹਾਰੀ ਹਿੰਸਾ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਸ਼ਰਮਨਾਕ ਚੁੱਪ ਧਾਰਾਂ ਰੱਖੀ ਤੇ ਔਰਤਾਂ ਨਾਲ ਦਰਿੰਦਗੀ ਦੀ ਵੀਡੀਓ ਸਾਹਮਣੇ ਆਉਣ ‘ਤੇ ਵੀ ਸਿਰਫ਼ 36 ਸਕਿੰਟ ਹੀ ਬੋਲਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਬੀਰੇਨ ਸਿੰਘ ਦੀ ਅਰਥੀ ਫੂਕ ਕੇ ਪਰਦਸ਼ਨਕਾਰੀਆਂ ਨੇ ਭਾਰੀ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ।                
ਪ੍ਰਦਰਸ਼ਨ ਨੂੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਹਮੇਸ਼ਾ ਤੋਂ ਹੀ ਦੰਗਿਆਂ, ਯੁੱਧਾਂ ਅਤੇ ਖੂਨ ਖ਼ਰਾਬੇ ਵਿੱਚ ਔਰਤਾਂ ਨੂੰ ਸ਼ਿਕਾਰ ਬਣਾਉਣਾ ਸਮਾਜ ਵਿਚਲੀ ਹਿੰਸਕ ਮਰਦ –ਪ੍ਰਧਾਨ ਸੋਚ ਦਾ ਸਿੱਟਾ ਹੈ। ਮਰਦਾਵੀਂ ਸੋਚ ਹਿੰਸਾ ਦੇ ਨਿਸ਼ਾਨ ਹਮੇਸ਼ਾ ਔਰਤਾਂ ਦੇ ਸਰੀਰਾਂ ਤੇ ਉੱਕਰਦੀ ਹੈ। ਮਨੀਪੁਰ ਵਿੱਚ ਔਰਤਾਂ ਨਾਲ ਹੋਈ ਵਧੀਕੀ ਦੇ ਇੰਨੇ ਸਮੇਂ ਤੱਕ ਘਟਨਾ ਨੂੂੰ ਛੁਪਾ ਕੇ ਰੱਖਣਾ ਅਤੇ ਦੋਸ਼ੀਆਂ ਉੱਤੇ ਕਰਵਾਈ ਨਾ ਕਰਨਾ ਭਾਜਪਾ ਤੇ ਸੰਘ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਕਿਉਂਕਿ ਇਸ ਤੋਂ ਪਹਿਲਾਂ ਆਸਫਾ ਕਾਂਡ, ਬਿਲਕੀਸ ਬਾਨੋ ਕੇਸ, ਉਨਾਓ ਕਾਂਡ ਅਤੇ ਦੇਸ਼ ਦੀਅਾਂ ਨਾਮੀ ਪਹਿਲਵਾਨ ਲੜਕੀਆਂ ਦੇ ਖ਼ਿਲਾਫ਼ ਹੋਏ ਅਪਰਾਧਾਂ ਨੇ ਭਾਜਪਾ ਦਾ ਔਰਤ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਔਰਤਾਂ ਦੀ ਪਛਾਣ ਨੂੰ ਜਨਤਕ ਕਰਨਾ ਵੀ ਦੁਸ਼ਟਤਾ ਵਾਲੇ ਅਪਰਾਧਾਂ ਦੀ ਸੂਚੀ ਵਿੱਚ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਔਰਤਾਂ, ਖਾਸ ਤੌਰ ‘ਤੇ ਆਦਿਵਾਸੀ ਤੇ ਦਲਿਤ ਵਰਗ ਦੀਆਂ ਔਰਤਾਂ, ਦੀ ਹਾਲਤ ਬਹੁਤ ਦੀ ਨਾਜ਼ੁਕ ਤੇ ਤਰਸਯੋਗ ਬਣੀ ਹੋਈ ਹੈ। ਮਨੀਪੁਰ ਦੀ ਭਾਜਪਾ ਸਰਕਾਰ ਅਤੇ ਉਸ ਦਾ ਮੁੱਖ ਮੰਤਰੀ ਬੀਰੇਨ ਸਿੰਘ ਘਿਨੌਣੇ ਅਪਰਾਧਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਆਪਣੇ ਸੌੜੇ ਸਿਆਸੀ ਮਨੋਰਥਾਂ ਲਈ ਮਨੀਪੁਰ ਨੂੂੰ ਨਸਲੀ-ਫਿਰਕੂ ਹਿੰਸਾ ਵਿੱਚ ਝੋਕਿਆ। ਇਸ ਲਈ ਮੋਦੀ ਸਰਕਾਰ ਨੂੂੰ ਨੈਤਿਕ ਜੁੰਮੇਵਾਰੀ ਲੈਂਦਿਆਂ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆ ਤੇ ਬਣਦੀ ਕਾਰਵਾਈ ਅਤੇ ਸੂਬੇ ਵਿਚ ਸ਼ਾਂਤੀ ਬਹਾਲ ਕੀਤੇ ਜਾਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਇਸ ਸਮੇਂ ਉਹਨਾਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇਸ ਘਟਨਾ ਦਾ ਡਟਵਾਂ ਵਿਰੋਧ ਕਰਨ ਦੀ ਅਪੀਲ ਕੀਤੀ।
ਪ੍ਰਦਰਸ਼ਨਕਾਰੀਆਂ ਨੂੂੰ ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਭੁਟਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਲੋਕ ਚੇਤਨਾ ਮੰਚ ਦੇ ਜਗਜੀਤ ਭੁਟਾਲ, ਰਣਜੀਤ ਲਹਿਰਾ, ਪੂਰਨ ਸਿੰਘ ਖਾਈ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਮਾਸਟਰ ਮਨੋਜ ਕੁਮਾਰ, ਡੀ ਟੀ ਐਫ ਦੇ ਮਾਸਟਰ ਹਰਭਗਵਾਨ ਗੁਰਨੇ, ਫੀਲਡ ਵਰਕਰਜ਼ ਯੂਨੀਅਨ ਦੇ ਸੁਖਦੇਵ ਚੰਗਾਲੀਵਾਲਾ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਚਰਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Related Articles

Leave a Comment