ਹੁਸ਼ਿਆਰਪੁਰ 23 ਜੁਲਾਈ (ਤਰਸੇਮ ਦੀਵਾਨਾ ) 23 ਜੁਲਾਈ ਦੇਸ਼ ਦੇ ਉੱਤਰ ਪੂਰਬੀ ਸੂਬੇ ਮਨੀਪੁਰ ਵਿਖੇ ਪਿਛਲੇ 83 ਦਿਨਾਂ ਤੋਂ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਸਬੰਧੀ ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ’ ਵੱਲੋਂ ਕੀਤੀ ਗਈ ਆਨ ਲਾਈਨ ਮੀਟਿੰਗ ਵਿੱਚ ਇਹਨਾ ਲਈ ਮਨੀਪੁਰ ਦੇ ਮੁੱਖ ਮੰਤਰੀ ਐਨ. ਬਿਰੇਨ ਸਿੰਘ ਦੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸਾਂਝੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਮੀਟਿੰਗ ਵਿੱਚ ਸਾਂਝੇ ਫਰੰਟ ਦੇ ਕਨਵੀਨਰਾਂ ਸੁਖਦੇਵ ਸਿੰਘ ਸੈਣੀ , ਜਰਮਨਜੀਤ ਸਿੰਘ, ਬਾਜ ਸਿੰਘ ਖਹਿਰਾ, ਗਗਨਦੀਪ ਸਿੰਘ, ਧਨਵੰਤ ਸਿੰਘ ਭੱਠਲ, ਰਣਜੀਤ ਸਿੰਘ ਰਾਣਵਾਂ, ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ, ਐਨ.ਕੇ.ਕਲਸੀ, ਰਾਧੇ ਸ਼ਿਆਮ, ਬੋਬਿੰਦਰ ਸਿੰਘ ਅਤੇ ਜਸਵੀਰ ਤਲਵਾੜਾ ਨੇ ਕਿਹਾ ਕਿ ਮਨੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ‘ਤੇ ਯੋਜਨਾਬੱਧ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁਕ ਗਏ। ਪ੍ਰੰਤੂ ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਤੋਂ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾ ਦੀ ਨਗਨ ਪਰੇਡ ਸ਼ੁਰੂ ਕਰ ਦਿੱਤੀ ਗਈ। ਇਹਨਾ ਔਰਤਾਂ ਵਿੱਚ ਇੱਕ 52 ਸਾਲ, ਦੂਸਰੀ 42 ਸਾਲ ਅਤੇ ਤੀਸਰੀ 21 ਸਾਲ ਦੀ ਨੌਂਜਵਾਨ ਕੁੜੀ ਸੀ। ਜਦੋਂ 21 ਸਾਲਾ ਕੁੜੀ ਦੇ 56 ਸਾਲਾ ਪਿਉ ਅਤੇ 19 ਸਾਲਾ ਭਰਾ ਨੇ ਇਸ ਦਰਿੰਦਗੀ ਦਾ ਵਿਰੋਧ ਕੀਤਾ ਤਾਂ ਭੀੜ ਵੱਲੋਂ ਉਹਨਾ ਦੋਵਾਂ ਦਾ ਮੌਕੇ ‘ਤੇ ਕਤਲ ਕਰ ਦਿੱਤਾ ਗਿਆ ਅਤੇ ਉਸ ਕੁੜੀ ਨਾਲ ਭੀੜ ਵੱਲੋਂ ਗੈਂਗ ਰੇਪ ਕੀਤਾ ਗਿਆ। ਨਗਨ ਪਰੇਡ ਵਿਚਲੀ ਤੀਸਰੀ 52 ਸਾਲਾ ਔਰਤ ਜੋ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ, ਦਾ ਪਤੀ ਭਾਰਤੀ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਇਆ ਹੈ ਅਤੇ ਉਹ ਕਾਰਗਿਲ ਵਾਰ ਅਤੇ ਸ਼੍ਰੀਲੰਕਾ ਵਿੱਚ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ ਵਿੱਚ ਸ਼ਾਮਲ ਰਿਹਾ ਸੀ।
ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਅਤੇ ਪੁਲੀਸ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਅਤੇ ਡੇਢ ਮਹੀਨੇ ਬਾਅਦ 21 ਜੂਨ ਨੂੰ ਇੱਕ ਹਲਕੀ ਫੁਲਕੀ ਐਫ.ਆਈ.ਆਰ. ਦਰਜ ਕਰ ਦਿੱਤੀ। ਜਦੋਂ 19 ਜੁਲਾਈ ਨੂੰ ਇਸ ਘਟਨਾ ਦੀ ਇੱਕ 26 ਸਕਿੰਟ ਦੀ ਵੀਡਿਓ ਵਾਇਰਲ ਹੋਈ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਦਾ ਨੋਟਿਸ ਲੈ ਕੇ ਸੂਬਾ ਸਰਕਾਰ ਨੂੰ ਫਿਟਕਾਰ ਪਾਈ ਗਈ, ਜਿਸ ਨਾਲ ਪਿਛਲੇ 80 ਦਿਨਾਂ ਤੋਂ ਚੁੱਪੀ ਧਾਰ ਕੇ ਬੈਠੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਮਨੀਪੁਰ ਬਾਰੇ ਮੂੰਹ ਖੋਲ੍ਹਣ ਲਈ ਮਜਬੂਰ ਹੋਣਾ ਪਿਆ। ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਅਜੇ ਇਸ ਘਟਨਾ ਦੀ ਚਰਚਾ ਚੱਲ ਰਹੀ ਹੈ ਤਾਂ ਮਨੀਪੁਰ ਦੇ ਸੈਕੁਲ ਪੁਲੀਸ ਥਾਣੇ ਅੰਦਰ 4 ਮਈ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 21 ਸਾਲ ਅਤੇ 24 ਸਾਲ ਦੀ ਉਮਰ ਦੀਆਂ ਦੋ ਦੋਸਤ ਕੁੜੀਆਂ ਨਾਲ 100-200 ਲੋਕਾਂ ਦੀ ਭੀੜ ਵੱਲੋਂ ਗੈਂਗ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਸੀ। ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਮਨੀਪੁਰ ਵਿਖੇ ਪਿਛਲੇ 3 ਮਹੀਨੇ ਤੋਂ ਇੰਟਰਨੈੱਟ ਬੰਦ ਕੀਤਾ ਹੋਇਆ ਹੈ ਅਤੇ ਉਥੇ ਵਾਪਰ ਰਹੀਆਂ ਗੈਰ ਮਨੁੱਖੀ ਘਟਨਾਵਾਂ ਦੀ ਅਜੇ 5% ਜਾਣਕਾਰੀ ਵੀ ਆਮ ਲੋਕਾਂ ਤੱਕ ਨਹੀਂ ਪਹੁੰਚੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਨੀਪੁਰ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਉਥੋਂ ਦੇ ਕਬਾਇਲੀ ਭਾਈਚਾਰਿਆਂ ਨਾਲ ਇੱਕਜੁੱਟਤਾ ਪ੍ਰਗਟ ਕਰਨ ਲਈ ਪੰਜਾਬ ਅੰਦਰ 24 ਜੁਲਾਈ ਤੋਂ 30 ਜੁਲਾਈ ਤੱਕ ਰੋਸ ਹਫ਼ਤਾ ਮਨਾਇਆ ਜਾਵੇਗਾ, ਜਿਸ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੂਰਾ ਹਫ਼ਤਾ ਆਪਣੇ ਘਰਾਂ ‘ਤੇ ਕਾਲੇ ਝੰਡੇ ਲਹਿਰਾਏ ਜਾਣਗੇ ਅਤੇ ਮੁਲਾਜ਼ਮਾਂ ਵੱਲੋਂ ਕਾਲੇ ਦੁਪੱਟੇ ਲੈਕੇ, ਕਾਲੀਆਂ ਪੱਗਾਂ ਬੰਨ ਕੇ ਤੇ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਕੀਤੀ ਜਾਵੇਗੀ।
ਇਸ ਦੌਰਾਨ ਸਾਂਝੇ ਫਰੰਟ ਵੱਲੋਂ 26-27 ਜੁਲਾਈ ਨੂੰ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ‘ਤੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਜਾਣਗੇ ਅਤੇ ਭਾਰਤ ਦੇ ਰਾਸ਼ਟਰਪਤੀ ਤੇ ਚੀਫ ਜਸਟਿਸ ਨੂੰ ਰੋਸ ਪੱਤਰ ਭੇਜੇ ਜਾਣਗੇ।ਮੀਟਿੰਗ ਵਿੱਚ ਤੀਰਥ ਸਿੰਘ ਬਾਸੀ, ਸ਼ਿਵ ਕੁਮਾਰ ਤਿਵਾੜੀ, ਅਮਰੀਕ ਸਿੰਘ ਮਸੀਤਾਂ, ਐਨ.ਡੀ.ਤਿਵਾੜੀ, ਗੁਰਦੀਪ ਸਿੰਘ ਬਾਜਵਾ ਅਤੇ ਹਰਦੀਪ ਟੋਡਰਪੁਰ ਆਦਿ ਵੀ ਹਾਜਰ ਸਨ।