ਹੁਸ਼ਿਆਰਪੁਰ 23 ਜੁਲਾਈ (ਤਰਸੇਮ ਦੀਵਾਨਾ ) ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਲੁਧਿਆਣਾ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਲੋਂ ਸਾਂਝੇ ਬਿਆਨ ਵਿਚ ਕਿਹਾ ਕਿ ਭਾਰਤ ਦੇ ਮਨੀਪੁਰ ਸੂਬੇ ਵਿਚ ਪਿਛਲੇ ਦਿਨਾਂ ਤੋਂ ਆਦਿ ਵਾਸੀਆਂ ਤੇ ਹੋ ਰਹੇ ਅਤਿਆਚਾਰਾਂ, ਆਦਿ ਵਾਸੀ ਔਰਤਾਂ ਨਾਲ ਬਲਾਤਕਾਰ, ਨਿਰਬਸਤਰ ਕਰਕੇ ਘੁਮਾਉਣ ਦੀਆਂ ਘਟਨਾਵਾਂ ਨੇ ਭਾਰਤ ਨੂੰ ਪੂਰੀ ਦੁਨੀਆਂ ਸਾਹਮਣੇ ਸ਼ਰਮਸ਼ਾਰ ਕੀਤਾ ਹੈ। ਉਨਾਂ ਕਿਹਾ ਕਿ ਦੁਨੀਆਂ ਦੇ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਜਿਸ ਭਾਰਤ ਦੇਸ਼ ਦੀ ਰਾਸ਼ਟਰਪਤੀ ਇਕ ਆਦਿ ਵਾਸੀ ਔਰਤ ਹੋਵੇ ਉਸ ਦੇਸ਼ ਦੀਆਂ ਔਰਤਾਂ ਨਾਲ ਇਸ ਤਰਾਂ ਦਾ ਜਾਨਵਰਾਂ ਤੋਂ ਵੀ ਭੈੜਾ ਵਰਤਾਓ ਕੀਤਾ ਜਾਵੇਗਾ। ਉਨਾਂ ਕਿਹਾ ਹੋਰ ਵੀ ਅਫਸੋਸਨਾਕ ਹੈ ਕਿ ਇਸ ਕਰੂਰਤਾ ਭਰੇ ਵਤੀਰੇ ਤੇ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਤਮਾਸ਼ਬੀਨ ਬਣੀਆਂ ਰਹੀਆਂ ਹਨ। ਉਨਾਂ ਕਿਹਾ ਮਨੀਪੁਰ ਵਿਚ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਲਈ ਮਨੀਪੁਰ ਅਤੇ ਕੇਂਦਰ ਸਰਕਾਰ ਸਾਂਝੇ ਤੌਰ ‘ਤੇ ਜ਼ਿੰਮੇਵਾਰ ਹੈ। ਸੰਤ ਸਮਾਜ ਨੇ ਕਿਹਾ ਕਿ ਮਨੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ‘ਤੇ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁਕ ਗਏ। ਪ੍ਰੰਤੂ ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਤੋਂ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਨਗਨ ਪਰੇਡ ਕਰਾਈ, ਇਹਨਾਂ ਔਰਤਾਂ ਵਿੱਚ ਇੱਕ 52 ਸਾਲ, ਦੂਸਰੀ 42 ਸਾਲ ਅਤੇ ਤੀਸਰੀ 21 ਸਾਲ ਦੀ ਨੌਂਜਵਾਨ ਲੜਕੀ ਸੀ। ਜਦੋਂ ਲੜਕੀ ਦੇ ਪਿਉ ਅਤੇ ਨੌਜਵਾਨ ਭਰਾ ਨੇ ਇਸ ਦਰਿੰਦਗੀ ਦਾ ਵਿਰੋਧ ਕੀਤਾ ਤਾਂ ਭੀੜ ਵੱਲੋਂ ਉਹਨਾ ਦੋਵਾਂ ਦਾ ਮੌਕੇ ‘ਤੇ ਕਤਲ ਕਰ ਦਿੱਤਾ ਗਿਆ ਅਤੇ ਉਸ ਕੁੜੀ ਨਾਲ ਭੀੜ ਵੱਲੋਂ ਗੈਂਗ ਰੇਪ ਕੀਤਾ ਗਿਆ। ਨਗਨ ਪਰੇਡ ਵਿਚਲੀ ਤੀਸਰੀ 52 ਸਾਲਾ ਔਰਤ ਜੋ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ, ਦਾ ਪਤੀ ਭਾਰਤੀ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਇਆ ਹੈ ਅਤੇ ਉਹ ਕਾਰਗਿਲ ਵਾਰ ਅਤੇ ਸ਼੍ਰੀਲੰਕਾ ਵਿੱਚ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ ਵਿੱਚ ਸ਼ਾਮਲ ਰਿਹਾ ਸੀ।
ਸੰਤ ਸਮਾਜ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਅਤੇ ਪੁਲੀਸ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਅਤੇ ਕਰੀਬ ਡੇਢ ਮਹੀਨੇ ਬਾਅਦ ਜਦੋਂ ਇਸ ਘਟਨਾ ਦੀ ਵੀਡਿਓ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਦਾ ਨੋਟਿਸ ਲੈ ਕੇ ਸੂਬਾ ਸਰਕਾਰ ਨੂੰ ਫਿਟਕਾਰ ਪਾਈ ਗਈ, ਜਿਸ ਨਾਲ ਪਿਛਲੇ ਢਾਈ ਮਹੀਨਿਆਂ ਤੋਂ ਚੁੱਪੀ ਧਾਰ ਕੇ ਬੈਠੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਮਨੀਪੁਰ ਬਾਰੇ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ। ਸੰਤ ਸਮਾਜ ਨੇ ਕਿਹਾ ਕਿ ਅਜੇ ਇਨਾਂ ਘਟਨਾਵਾਂ ਦੀਆਂ ਸੁਰਖੀਆਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਮਨੀਪੁਰ ਦੇ ਸੈਕੁਲ ਪੁਲੀਸ ਥਾਣੇ ਅੰਦਰ 4 ਮਈ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 21 ਸਾਲ ਅਤੇ 24 ਸਾਲ ਦੀ ਉਮਰ ਦੀਆਂ ਦੋ ਕੁੜੀਆਂ ਨਾਲ ਲੋਕਾਂ ਦੀ ਭੀੜ ਵੱਲੋਂ ਗੈਂਗ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਸੀ। ਉਨਾਂ ਕਿਹਾ ਕਿ ਮਨੀਪੁਰ ਵਿੱਚ 3 ਮਹੀਨੇ ਤੋਂ ਇਕ ਸ਼ਾਜਿਸ਼ ਤਹਿਤ ਇੰਟਰਨੈੱਟ ਬੰਦ ਕੀਤਾ ਹੋਣ ਕਰਕੇ ਉਥੇ ਵਾਪਰ ਰਹੀਆਂ ਗੈਰ ਮਨੁੱਖੀ ਘਟਨਾਵਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀ। ਆਦਿ ਧਰਮ ਸੰਤ ਸਮਾਜ ਨੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਧੰਨਵਾਦ ਕੀਤਾ ਜਿਨਾਂ ਨੇ ਮਨੀਪੁਰ ਦੀਆਂ ਗੈਰ ਮਨੁੱਖੀ ਘਟਨਾਵਾਂ ਤੇ ਗੰਭੀਰ ਨੋਟਿਸ ਲੈਂਦਿਆਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਫਿਟਕਾਰ ਪਾਈ ਹੈ ਜਿਸ ਨਾਲ ਸਰਕਾਰਾਂ ਕੁੱਝ ਕੁ ਹਰਕਤ ਵਿਚ ਆਈਆਂ ਹਨ। ਉਨਾਂ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਨੂੰ ਅਪੀਲ ਕੀਤੀ ਕਿ ਭਾਰਤੀ ਸੰਵਿਧਾਨ ਅਨੁਸਾਰ ਉਹ ਇਹ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਸਖਤ ਕਦਮ ਚੁੱਕਣ।