ਵੱਡੀ ਖਬਰ : ਕੋਇੰਬਟੂਰ ਕਾਰ ਧਮਾਕੇ ਦੇ ਤਾਰ ਦੱਖਣੀ ਭਾਰਤ ’ਚ ਧਮਾਕਿਆਂ ਦੀ ਸਾਜ਼ਿਸ਼ ਨਾਲ ਜੁੜੇ
ਕੋਇੰਬਟੂਰ, 27 ਅਕਤੂਬਰ : ਤਾਮਿਲਨਾਡੂ ਸਰਕਾਰ ਦੀ ਸਿਫ਼ਾਰਸ਼ ਤੋਂ ਬਾਅਦ ਐਨਆਈਏ ਦੇ ਸੀਨੀਅਰ ਅਫਸਰਾਂ ਨੇ ਕੋਇੰਬਟੂਰ ਕਾਰ ਧਮਾਕਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਕੇਂਦਰੀ ਜਾਂਚ ਏਜੰਸੀ ਨੇ ਤਾਮਿਲਨਾਡੂ ਪੁਲਿਸ ਤੋਂ ਜਾਣਕਾਰੀ ਵੀ ਹਾਸਲ ਕੀਤੀ ਹੈ।
ਦੀਵਾਲੀ ਤੋ ਇਕ ਦਿਨ ਪਹਿਲਾਂ ਸੰਗਮੇਸ਼ਵਰ ਮੰਦਰ ਸਾਹਮਣੇ ਹੋਏ ਇਸ ਕਾਰ ਧਮਾਕੇ ’ਚ ਮਾਰਿਆ ਗਿਆ ਉਕੱਦਮ ਦਾ ਨੌਜਵਾਨ ਜਮੇਸ਼ਾ ਮੁਬੀਨ ਗਿ੍ਫ਼ਤਾਰ ਕੀਤੇ ਗਏ ਆਪਣੇ ਪੰਜ ਹੋਰ ਸਾਥੀਆਂ ਨਾਲ ਦੱਖਣੀ ਭਾਰਤ ’ਚ ਪ੍ਰਮੁੱਖ ਥਾਵਾਂ ’ਤੇ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਤਾਮਿਲਨਾਡੂ ਪੁਲਿਸ ਦੇ ਜਾਂਚ ਦਲ ਦੇ ਸੂਤਰਾਂ ਨੇ ਕਿਹਾ ਕਿ ਇਸ ਗੱਲ ਦਾ ਵੀ ਖ਼ਦਸ਼ਾ ਹੈ ਕਿ ਮੁਬੀਨ ਇਕ ਆਤਮਘਾਤੀ ਮਨੁੱਖੀ ਬੰਬ ਹੋਵੇਗਾ, ਕਿਉਂਕਿ ਉਸ ਦੀ ਲਾਸ਼ ’ਚ ਪੋਸਟਮਾਰਟਮ ਦੌਰਾਨ ਕਾਫ਼ੀ ਮਾਤਰਾ ’ਚ ਰਸਾਇਣਕ ਪਦਾਰਥ ਮਿਲੇ ਹਨ।
ਪੁਲਿਸ ਨੇ ਕਿਹਾ ਕਿ ਡੀਆਈਜੀ ਤੇ ਐਸਪੀ ਰੈਂਕ ਦੇ ਐਨਆਈਏ ਅਫਸਰਾਂ ਨੇ ਕੋਇੰਬਟੂਰ ਪਹੁੰਚ ਕੇ ਕਾਰ ਧਮਾਕੇ ਸਬੰਧੀ ਾਮਿਲਨਾਡੂ ਦੇ ਸੀਨੀਅਰ ਅਫਸਰਾਂ ਨਾਲ ਚਰਚਾ ਕੀਤੀ ਹੈ। ਐਨਆਈਏ ਅਫਸਰ ਮਾਰੇ ਗਏ ਸ਼ੱਕੀ ਮੁਬੀਨ ਦੇ ਘਰ ਦੀ ਤਲਾਸ਼ੀ ਵੀ ਲੈਣਗੇ, ਜਿੱਥੋਂ 75 ਕਿੱਲੋ ਵਿਸਫੋਟਕ ਮਿਲੇ ਸਨ। ਦੱਸਿਆ ਜਾਂਦਾ ਹੈ ਕਿ ਮੁਬੀਨ ਦੀ ਮੌਤ ਵੀ ਇਕ ਆਤਮਘਾਤੀ ਹਮਲਾ ਹੋ ਸਕਦਾ ਹੈ ਕਿਉਂਕਿ ਉਸ ਦਾ ਆਖਰੀ ਵ੍ਹਟਸਐਪ ਸਟੇਟਸ ਵੀ ਮੌਤ ਦੀ ‘ਉਮੀਦ’ ਪ੍ਰਗਟਾਉਂਦਾ ਹੈ।
ਜਾਂਚ ਦਲ ਮੁਤਾਬਕ, ਮੁਬੀਨ ਦੇ ਘਰੋਂ ਤਲਾਸ਼ੀ ਦੌਰਾਨ ਕੋਇੰਬਟੂਰ ਰੇਲਵੇ ਸਟੇਸ਼ਨ ਦਾ ਨਕਸ਼ਾ, ਸਿਟੀ ਪੁਲਿਸ ਕਮਿਸ਼ਨਰ ਆਫਿਸ, ਕੋਇੰਬਟੂਰ ਕੁਲੈਕਟੋਰੇਟ, ਰੇਸ ਕੋਰਸ ਤੇ ਵਿਕਟੋਰੀਆ ਹਾਲ ਦੇ ਰੋਡਮੈਪ ਮਿਲੇ ਹਨ। ਇਸ ਤੋਂ ਲੱਗਦਾ ਹੈ ਕਿ ਮੁਬੀਨ ਤੇ ਉਸ ਦੇ ਸਾਥੀ ਇਨ੍ਹਾਂ ਥਾਵਾਂ ’ਤੇ ਕੋਈ ਧਮਾਕਾ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਕਾਰ ’ਚ ਰੱਖੇ ਕੁਝ ਵਿਸਫੋਟਕਾਂ ਤੋਂ ਪਤਾ ਲੱਗਦਾ ਹੈ ਕਿ ਮੁਬੀਨ ਆਤਮਘਾਤੀ ਹਮਲਾਵਰ ਬਣਨ ਵਾਲਾ ਸੀ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਆਈਐਸ ਨਾਲ ਸਿੱਧਾ ਸੰਪਰਕ ਸੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਗਿ੍ਰਫ਼ਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ ਹੈ। ਇਨ੍ਹਾਂ ’ਚੋਂ ਕੁਝ ਮੁਲਜ਼ਮਾਂ ਦਾ ਸਬੰਧ 2019 ਦੇ ਕੋਲੰਬੋ ਚਰਚ ਧਮਾਕਿਆਂ ਨਾਲ ਰਿਹਾ ਹੈ।