ਦਰਦਨਾਕ ਹਾਦਸਾ : ਕਾਰ ਦਰਖਤ ਨਾਲ ਟਕਰਾਈ, ਪਤੀ- ਪਤਨੀ ਦੀ ਮੌਤ, ਬੱਚੀ ਗੰਭੀਰ
ਤਲਵੰਡੀ ਸਾਬੋ, 27 ਅਕਤੂਬਰ : ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਾਗੀਵਾਂਦਰ – ਜੀਵਨ ਸਿੰਘ ਵਾਲਾ ਵਿਚਕਾਰ ਬੀਤੀ ਦੇਰ ਸ਼ਾਮ ਬਠਿੰਡਾ ਤੋਂ ਕਾਲਾਂਵਾਲੀ ਜਾ ਰਹੀ ਸਵਿਫ਼ਟ ਡਿਜਾਇਰ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾ ਜਾਣ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਲਿਜਾਇਆ ਗਿਆ। ਹਸਪਤਾਲ ਪਹੁੰਚਣ ’ਤੇ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਦੁਖਦ ਸੂਚਨਾ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਗੱਡੀ ’ਚ ਪਰਿਵਾਰ ਦੇ ਤਿੰਨ ਮੈਂਬਰ ਸਵਾਰ ਸਨ, ਜਿਨ੍ਹਾਂ ’ਚੋਂ ਕਾਲਾਂਵਾਲੀ ਦੇ ਸਾਬਕਾ ਪ੍ਰਧਾਨ ਸਮਾਜ ਸੇਵੀ ਅਤੇ ਸਟਾਰ ਦੇ ਨਾਂ ਨਾਲ ਜਾਣੇ ਜਾਂਦੇ ਤਰਸੇਮ ਬਾਂਸਲ ਅਤੇ ਉਨ੍ਹਾਂ ਦੀ ਪਤਨੀ ਸੀਮਾ ਬਾਂਸਲ ਦੀ ਮੌਤ ਹੋ ਗਈ ਅਤੇ ਸੀਟ ਦੇ ਪਿਛੇ ਬੈਠੀ ਬੱਚੀ ਜ਼ਖ਼ਮੀ ਹੋ ਗਈ। ਦੱਸ ਦੇਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ’ਚ ਜਖਮੀ ਹੋਈ ਉਨ੍ਹਾਂ ਦੀ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਮੈਕਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਹਾਦਸੇ ਵਾਲੀ ਥਾਂ ’ਤੇ ਤਲਵੰਡੀ ਸਾਬੋ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ।