Home » ਰਾਜਪਾਲ ਵੱਲੋਂ ਪੰਜਾਬ ਸਰਕਾਰ ਅਤੇ ਸੁਰੱਖਿਆਂ ਏਜੰਸੀਆਂ ਦੇ ਕੰਮ ਦੀ ਸ਼ਲਾਘਾ

ਰਾਜਪਾਲ ਵੱਲੋਂ ਪੰਜਾਬ ਸਰਕਾਰ ਅਤੇ ਸੁਰੱਖਿਆਂ ਏਜੰਸੀਆਂ ਦੇ ਕੰਮ ਦੀ ਸ਼ਲਾਘਾ

ਨਸ਼ੇ ਦੇ ਖਾਤਮੇ ਲਈ ਸਰਹੱਦੀ ਪੱਟੀ ਵਿਚ ‘ਵਿਲੇਜ ਡਿਫੈਂਸ ਕਮੇਟੀ’ ਬਨਾਉਣ ਦਾ ਕੀਤਾ ਐਲਾਨ

by Rakha Prabh
52 views

ਚੰਗਾ ਕੰਮ ਕਰਨ ਵਾਲੀਆਂ ‘ਵਿਲੇਜ ਡਿਫੈਂਸ ਕਮੇਟੀ’ ਨੂੰ ਦਿੱਤਾ ਜਾਵੇਗਾ ਲੱਖਾਂ ਰੁਪਏ ਦਾ ਨਗਦ ਇਨਾਮ

ਡੀ.ਆਈ.ਜੀ ਬਾਰਡਰ ਰੇਂਜ ਵੱਲੋਂ ਸ਼ੁਰੂ ਕੀਤੀ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਨੂੰ ਸਮੁੱਚੀ ਸਰਹੱਦੀ ਪੱਟੀ ‘ਚ ਲਾਗੂ ਕਰਨ ਦੀ ਕੀਤੀ ਹਦਾਇਤ

ਅੰਮ੍ਰਿਤਸਰ, 8 ਜੂਨ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਸ਼ੇ ਅਤੇ ਤਸਕਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਕਿਹਾ ਕਿ ਇੰਨਾਂ ਦੀ ਬਦੌਲਤ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਦਾ ਲੱਕ ਟੁੱਟ ਗਿਆ ਹੈ ਅਤੇ ਆਸ ਹੈ ਕਿ ਨਿਕਟ ਭਵਿੱਖ ਵਿੱਚ ਅਸੀਂ ਇਸ ਉਤੇ ਪੂਰੀ ਤਰਾਂ ਰੋਕ ਲਗਾ ਦਿਆਂਗੇ। ਉਨਾਂ ਕਿਹਾ ਕਿ ਉਕਤ ਸਾਰੇ ਵਿਭਾਗਾਂ ਤੇ ਏਜੰਸੀਆਂ ਦੀ ਬਦੌਲਤ ਗੁਆਂਢੀ ਦੇਸ਼ ਵੱਲੋਂ ਨਸ਼ੇ ਤੇ ਹਥਿਆਰਾਂ ਦੇ ਭੇਜੇ ਜਾ ਰਹੇ ਡਰੋਨਾਂ ਨੂੰ ਸੁਟਿਆ ਜਾ ਰਿਹਾ ਹੈ, ਜੋ ਕਿ ਸਾਡੀ ਵੱਡੀ ਕਾਮਯਾਬੀ ਹੈ।
 ਉਨਾਂ ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ 6 ਸਰਹੱਦੀ ਜਿਲਿਆਂ ਵਿੱਚ ਭਾਰਤ-ਪਾਕਿ ਸਰਹੱਦ ਦੇ 10 ਕਿਲੋਮੀਟਰ ਘੇਰੇ ਵਿਚ ਪੈਂਦੇ ਪਿੰਡਾਂ ਵਿੱਚ ‘ਵਿਲੇਜ ਡਿਫੈਂਸ ਕਮੇਟੀਆਂ’ ਬਨਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਕਤ ਕਮੇਟੀਆਂ ਵਿੱਚੋਂ ਜਿਹੜੀ ਕਮੇਟੀ ਆਪਣੇ ਪਿੰਡ ਜਾਂ ਇਲਾਕੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸਰਗਰਮੀ ਨਾਲ ਕੰਮ ਕਰੇਂਗੀ, ਆ ਰਹੀ 26 ਜਨਵਰੀ ਦੇ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤਰਾਂ ਹਰੇਕ ਜਿਲ੍ਹੇ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਨੂੰ ਤਿੰਨ ਲੱਖ, ਦੂਜੇ ਨੰਬਰ ’ਤੇ 2 ਲੱਖ ਅਤੇ ਤੀਜੇ ਨੰਬਰ ਤੇ ਆਉਣ ਵਾਲੇ 1 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸ ਦੌਰਾਨ ਉਨਾਂ ਨੇ ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਵੱਲੋਂ ਬੀਤੇ ਦਿਨ ਪਠਾਨਕੋਟ ਦੀ ਸਰਹੱਦੀ ਪੱਟੀ ਵਿੱਚ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਸ਼ੁਰੂ ਕੀਤੇ ਗਏ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਦੀ ਸਰਾਹਨਾ ਕਰਦੇ ਇਸ ਸਿਸਟਮ ਨੂੰ ਸਮੁੱਚੀ ਸਰਹੱਦੀ ਪੱਟੀ ਵਿੱਚ ਲਾਗੂ ਕਰਨ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਇਸ ਫਾਰਮੂਲੇ ਤਹਿਤ ਪੁਲਿਸ ਵੱਲੋਂ ਸਰਹੱਦੀ ਪੱਟੀ ਦੇ ਪਿੰਡ ਵਿੱਚ ਤਾਇਨਾਤ ਕੀਤਾ ‘ਵਿਲੇਜ਼ ਪੁਲਿਸ ਅਫਸਰ’ ਅਤੇ ਵਿਲੇਜ਼ ਡਿਫੈਂਸ ਕਮੇਟੀ ਦੇ 2 ਮੈਂਬਰ ਸਾਰੀ ਰਾਤ ਪਹਿਰੇ ਉਤੇ ਰਹਿਣਗੇ ਅਤੇ ਜਦੋਂ ਵੀ ਡਰੋਨ ਦੀ ਹਰਕਤ ਨਜ਼ਰ ਆਈ ਤਾਂ ਉਹ ਸਾਰੇ ਕਮੇਟੀ ਮੈਂਬਰਾਂ ਨੂੰ ਉਠਾ ਕੇ ਡਰੋਨ ਹੇਠਲੇ ਖੇਤਰ ਦੀ ਨਿਗਰਾਨੀ ਕਰਦੇ ਹੋਏ ਨੇੜਲੇ ਪੁਲਿਸ ਥਾਣੇ ਅਤੇ ਕੰਟਰੋਲ ਰੂਮ ਨੂੰ ਸੂਚਿਚ ਕਰਨਗੇ। ਇਸ ਤਰਾਂ ਡਰੋਨ ਤੋਂ ਸੁੱਟੀ ਗਈ ਖੇਪ ਵੀ ਬਰਾਮਦ ਕੀਤੀ ਜਾ ਸਕੇਗੀ ਅਤੇ ਉਸ ਨੂੰ ਲੈਣ ਆਇਆ ਤਸਕਰ ਵੀ ਪੁਲਿਸ ਦੇ ਅੜਿਕੇ ਆ ਜਾਵੇਗਾ।  ਉੁਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ।
        ਰਾਜਪਾਲ ਪੰਜਾਬ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦਾ ਮੁੱਖ ਮਕਸਦ ਰਾਜ ਅਤੇ ਕੇਂਦਰੀ ਏਜੰਸੀਆਂ ਨਾਲ ਮੀਟਿੰਗ ਕਰਕੇ ਫੀਡ ਬੈਕ ਲੈਣਾ ਹੈ ਅਤੇ ਇਨ੍ਹਾਂ ਵਿੱਚ ਆਪਸੀ ਤਾਲਮੇਲ ਨੂੰ ਵਧੀਆ ਬਣਾਉਣਾ ਹੈ, ਜੋ ਕਿ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਉਨਾਂ ਪੰਜਾਬ ਦੇ ਬਹਾਦਰ ਜਵਾਨਾਂ ਤੇ ਮਿਹਨਤੀ ਕਿਸਾਨਾਂ ਦੀ ਸਿਫ਼ਤ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਦੇਸ਼ ਦੇ ਅੰਨ ਭੰਡਾਰ ਭਰੇ ਹਨ ਅਤੇ ਹੁਣ ਤੁਹਾਡੀ ਮੱਦਦ ਰਾਜ ਨੂੰ ਨਸ਼ਾ ਮੁੱਕਤ ਕਰਨ ਲਈ ਚਾਹੀਦੀ ਹੈ।
  ਰਾਜਪਾਲ ਨੇ ਦੱਸਿਆਂ ਕਿ ਸਰਕਾਰ ਵੱਲੋਂ ਬਾਰਡਰ ਤੇ ਨਵੀਂ ਤਕਨੀਕ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨਾਂ ਰਾਹੀਂ ਹੋ ਗਤੀਵਿਧੀਆਂ ਉੱਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਿੱਧੇ ਤੌਰ ਤੇ ਸਾਡੇ ਨਾਲ ਯੁੱਧ ਤਾਂ ਨਹੀਂ ਕਰ ਸਕਦਾ ਪਰ ਉਹ ਸਾਡੇ ਨੌਜ਼ਵਾਨਾਂ ਨੂੰ ਹਥਿਆਰ ਤੇ ਨਸ਼ਾ ਦੇ ਕੇ ਵਰਗਲਾ ਰਿਹਾ ਹੈ ਅਤੇ ਛੁੱਪ ਕੇ ਯੁੱਧ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਠੱਲ ਪਾਉਣ ਲਈ ਸਾਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਣਾ ਪੈਣਾ ਹੈ।
  ਬੀਤੇ ਕੱਲ ਸਰਹੱਦੀ ਖੇਤਰ ਦੇ ਮੋਹਤਬਰਾਂ ਦੀ ਮੀਟਿੰਗ ਦੌਰਾਨ ਖੇਮਕਰਨ ਇਲਾਕੇ ਦੇ ਇੱਕ ਸਰਪੰਚ ਵੱਲੋਂ ਉਠਾਏ ਗਏ ਮੁੱਦੇ ਉਤੇ ਤਰੁੰਤ ਗੌਰ ਕਰਦੇ ਰਾਜਪਾਲ ਪੰਜਾਬ ਨੇ ਸਰਹੱਦੀ ਪੱਟੀ ਦੇ ਨੌਜ਼ਵਾਨਾਂ ਨੂੰ ਵਿਗਿਆਨਕ ਢੰਗ ਨਾਲ ਸਿੱਖਿਆਂ ਨੂੰ ਵਧਾਉਣ ਲਈ ਸਰਹੱਦੀ ਖੇਤਰਾਂ ਵਿੱਚ ਇੱਕ ਮੋਬਾਇਲ ਸਾਇੰਸ ਲੈਬ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਤਾਂ ਜੋ ਸਰਹੱਦੀ ਖੇਤਰ ਦੇ ਨੌਜ਼ਵਾਨਾਂ ਨੂੰ ਸਾਇੰਸ ਦੇ ਖੇਤਰ ਵਿੱਚ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਨਾਲ ਨੌਜ਼ਵਾਨਾਂ ਦੇ ਵਿਗਿਆਨਕ ਗਿਆਨ ਵਿੱਚ ਵਾਧਾ ਹੋਵੇਗਾ।
  ਇਸ ਮੌਕੇ ਮੁੱਖ ਸਕੱਤਰ ਪੰਜਾਬ ਵਿਜੈ ਕੁਮਾਰ ਜੰਜੂਆਂ, ਡੀ.ਜੀ.ਪੀ ਪੰਜਾਬ ਗੌਰਵ ਯਾਦਵ, ਪ੍ਰਭਾਰੀ ਸਕੱਤਰ ਰਮੇਸ਼ ਕੁਮਾਰ ਗੈਂਟਾ, ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ, ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਰਿਸ਼ੀ, ਵਾਇਸ ਚਾਂਸਲਰ ਜਸਪਾਲ ਸਿੰਘ ਸੰਧੂ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਤੋਂ ਇਲਾਵਾਂ ਹੋਰ ਉਚ ਅਧਿਕਾਰੀ ਹਾਜ਼ਰ ਸਨ।
—–
 ਕੈਪਸ਼ਨ
ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਮੁੱਖ ਸਕੱਤਰ ਪੰਜਾਬ ਸ੍ਰੀ ਵਿਜੈ ਕੁਮਾਰ ਜੰਜੂਆਂ, ਡੀ:ਜੀ:ਪੀ ਪੰਜਾਬ ਸ੍ਰੀ ਗੌਰਵ ਯਾਦਵ

Related Articles

Leave a Comment