ਸਰਕਾਰੀ ਵਿਭਾਗਾਂ ’ਚ ਨਾਗਰਿਕਾਂ ਦੀ ਖੱਜਲ ਖੁਆਰੀ ਬਰਦਾਸ਼ਤਯੋਗ ਨਹੀਂ: ਜਤਿੰਦਰ ਜੋਰਵਾਲ
ਸੰਗਰੂਰ, 30 ਜੂਨ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਦੀ ਪ੍ਰਗਤੀ ਸਬੰਧੀ ਜਾਇਜ਼ਾ ਲੈਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂ ਹਦਾਇਤ ਕੀਤੀ ਕਿ ਸੇਵਾ ਕੇਂਦਰਾਂ ਵਿਖੇ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਬ ਡਵੀਜ਼ਨ ਪੱਧਰ ’ਤੇ ਇਸ ਬਾਰੇ ਨਿਰੰਤਰ ਸੇਵਾ ਕੇਂਦਰਾਂ ਦੇ ਸਟਾਫ਼ ਤੋਂ ਜਾਇਜ਼ਾ ਲਿਆ ਜਾਵੇ ਤਾਂ ਜੋ ਨਾਗਰਿਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋ ਸਕੇ। ਜਤਿੰਦਰ ਜੋਰਵਾਲ ਨੇ ਸਕੱਤਰ ਆਰ.ਟੀ.ਏ ਤੋਂ ਡਰਾਇਵਿੰਗ ਲਾਇਸੰਸ ਅਤੇ ਵਾਹਨਾਂ ਦੀ ਰਜਿਸਟਰੇਸ਼ਨ ਕਾਪੀ ਸਬੰਧੀ ਬਕਾਇਆ ਬਿਨੈ ਪੱਤਰਾਂ ’ਤੇ ਕੀਤੀ ਜਾ ਰਹੀ ਕਾਰਵਾਈ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਨਾਗਰਿਕਾਂ ਦੇ ਕੰਮ ਤਰਜੀਹੀ ਆਧਾਰ ’ਤੇ ਕਰਨੇ ਯਕੀਨੀ ਬਣਾਏ ਜਾਣ ਕਿਉਂਕਿ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇਣ ਵਿੱਚ ਲਾਪਰਵਾਹੀ ਬਰਦਾਸ਼ਤਯੋਗ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਜਲ ਜੀਵਨ ਮਿਸ਼ਨ, ਸਵੱਛ ਭਾਰਤ ਮਿਸ਼ਨ, ਮਗਨਰੇਗਾ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸ਼ਹਿਰੀ ਵਿਕਾਸ ਲਈ ਨਿਰਧਾਰਿਤ ਵੱਖ-ਵੱਖ ਯੋਜਨਾਵਾਂ ਤਹਿਤ ਕੀਤੇ ਜਾ ਰਹੇ ਕਾਰਜਾਂ ਦੇ ਨਾਲ ਨਾਲ ਸੜਕਾਂ ਦੇ ਮੁਰੰਮਤ ਕਾਰਜਾਂ, ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀ ਵੰਡ ਦੀ ਸਥਿਤੀ, ਸਰਕਾਰੀ ਤੇ ਪ੍ਰਾਈਵੇਟ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰਾਂ ਵਿਖੇ ਜੇਰੇ ਇਲਾਜ ਮਰੀਜ਼ਾਂ, ਓਟ ਕਲੀਨਿਕਾਂ ’ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸੁਵਿਧਾਵਾਂ ਆਦਿ ਦਾ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਯੋਜਨਾ ਦੇ ਤਹਿਤ ਜ਼ਿਲ੍ਹੇ ਵਿੱਚ ਲਾਭਪਾਤਰੀਆਂ ਨੂੰ ਇਸ ਸੁਵਿਧਾ ਦਾ ਲੋੜ ਪੈਣ ’ਤੇ ਲਾਭ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਹਾਲੇ ਵੀ ਬਹੁ ਗਿਣਤੀ ਲੋਕ ਇਸ ਦਾ ਲਾਭ ਹਾਸਲ ਕਰਨ ਤੋਂ ਵਾਂਝੇ ਹਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਐਸ.ਡੀ.ਐਮ ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਸਕੱਤਰ ਆਰ.ਟੀ.ਏ ਵਿਨੀਤ ਕੁਮਾਰ, ਸਿਵਲ ਸਰਜਨ ਡਾ. ਪਰਮਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।