ਲੌਂਗੋਵਾਲ, 30 ਜੂਨ, 2023: ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਬ-ਡਵੀਜਨ ਲੌਂਗੋਵਾਲ ਦੇ ਰਿਸ਼ਵਤਖੋਰ ਜੇਈ ਦੀ ਪੁਸ਼ਤਪਨਾਹੀ ਕਰਨ ਅਤੇ ਉਸ ਖਿਲਾਫ ਕਾਰਵਾਈ ਨਾ ਕਰਨ ਅਤੇ ਜੇਈ ਖਿਲਾਫ ਸ਼ਿਕਾਇਤ ਕਰਨ ਵਾਲੇ ਕਿਸਾਨ ਦੇ ਟ੍ਰਾਂਸਫਾਰਮਰ ਰੱਖਣ ਤੋਂ ਜਵਾਬ ਦੇਣ ਅਤੇ ਕਿਸਾਨਾਂ ਦੇ ਲਟਕਦੇ ਕੰਮਾਂ ਦੇ ਸਬੰਧ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਬ-ਡਵੀਜ਼ਨ ਲੌਂਗੋਵਾਲ ਦਾ 5 ਜੁਲਾਈ ਨੂੰ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਸਬ ਡਵੀਜ਼ਨ ਵਿੱਚ ਜੇਈ ਵੱਲੋਂ ਕਿਸਾਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਕੰਮ ਨਹੀਂ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਤੋ ਕੰਮ ਬਦਲੇ ਰਿਸ਼ਵਤ ਲਈ ਜਾ ਰਹੀ ਸੀ ਤਾਂ ਉਸ ਦੇ ਖਿਲਾਫ ਪਿਛਲੀ 13 ਜੂਨ ਨੂੰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨਾ ਦਿੱਤਾ ਸੀ ਅਤੇ ਇਸੇ ਸਮੇਂ ਸਬੰਧਤ ਕਿਸਾਨ ਨੇ ਉਸ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਅਪਣਾ ਹਲਫ਼ਨਾਮਾ ਦਿੱਤਾ ਸੀ। ਉਸ ਸਮੇਂ ਐਕਸੀਅਨ ਸੁਨਾਮ ਵੱਲੋਂ ਵਿਸ਼ਵਾਸ ਦੁਆਇਆ ਗਿਆ ਸੀ ਕਿ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਦੇ ਕੰਮ ਵੀ ਜਲਦੀ ਕੀਤੇ ਜਾਣਗੇ। ਪਰ 15 ਦਿਨ ਬੀਤਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਿਸਾਨਾਂ ਦੇ ਕੰਮ ਕੀਤੇ ਗਏ ਹਨ।
ਆਗੂਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਲਗਾਤਾਰ ਬਿਜਲੀ ਮਹਿਕਮੇ ਵੱਲੋਂ ਖੱਜ਼ਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਦੇ ਦੋ ਕਾਰਨ ਹਨ ਇਕ ਤਾਂ ਇਸ ਮਹਿਕਮੇ ਵਿੱਚ ਫੈਲੀ ਰਿਸ਼ਵਤਖੋਰੀ ਅਤੇ ਦੂਸਰਾ ਉੱਚ ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਕੰਮ ਦੇ ਠੇਕੇ ਦੇ ਰੱਖੇ ਹਨ ਇਹ ਠੇਕੇਦਾਰ ਪੂਰੀ ਡਵੀਜ਼ਨ ਦਾ ਕੰਮ ਦੇਖਦੇ ਹਨ ਅਤੇ ਇਹਨਾਂ ਕੋਲ ਨਾ ਕੋਈ ਸਿੱਖਿਅਤ ਕਾਮਾ ਹੈ ਤੇ ਨਾ ਹੀ ਪੂਰੀ ਲੇਬਰ। ਕਿਸਾਨਾਂ ਨੂੰ ਆਪਣੇ ਟਰਾਂਸਫਾਰਮਰ ਲਗਾਉਣ ਖੰਭੇ ਖੜ੍ਹੇ ਕਰਨ ਅਤੇ ਹੋਰ ਕੰਮਾਂ ਲਈ ਪ੍ਰਾਈਵੇਟ ਪੈਸੇ ਖਰਚਣ ਲਈ ਮਜਬੂਰ ਹੋਣਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਅੱਜ ਸਬ ਡਵੀਜ਼ਨ ਦੇ ਐਸਡੀਓ ਸੁਭਾਸ਼ ਕੁਮਾਰ ਨੂੰ ਵਫ਼ਦ ਵੱਲੋਂ ਮਿਲ ਕੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜੇ ਇਨ੍ਹਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 5 ਜੁਲਾਈ ਨੂੰ ਸਬ-ਡਵੀਜ਼ਨ ਦਫਤਰ ਲੌਂਗੋਵਾਲ ਦਾ ਵੱਡੀ ਪੱਧਰ ਤੇ ਘਿਰਾਉ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਆਗੂ ਬਲਵਿੰਦਰ ਸਿੰਘ, ਇਕਾਈ ਲੌਂਗੋਵਾਲ ਦੇ ਮੀਤ ਪ੍ਰਧਾਨ ਕਰਮ ਸਿੰਘ ਜੈਦ, ਹਰਦੇਵ ਸਿੰਘ, ਗੁਲਜ਼ਾਰ ਸਿੰਘ ਫੌਜੀ, ਬਬਲਾ ਸਿੰਘ ਹਾਜਰ ਸਨ।