Home » 2022 ‘ਚ ਕੈਨੇਡਾ ਦੀ ਧਰਤੀ ਨੇ ਖਾ ਲਏ ਪੰਜਾਬ ਦੇ ਕਈ ਲਾਲ, ਆਖਰੀ ਹਫ਼ਤੇ ਵੀ ਆ ਰਹੀਆਂ ਸੋਗਮਈ ਖ਼ਬਰਾਂ

2022 ‘ਚ ਕੈਨੇਡਾ ਦੀ ਧਰਤੀ ਨੇ ਖਾ ਲਏ ਪੰਜਾਬ ਦੇ ਕਈ ਲਾਲ, ਆਖਰੀ ਹਫ਼ਤੇ ਵੀ ਆ ਰਹੀਆਂ ਸੋਗਮਈ ਖ਼ਬਰਾਂ

by Rakha Prabh
82 views

ਇੰਟਰਨੈਸ਼ਨਲ ਡੈਸਕ (ਬਿਊਰੋ) ਸਾਲ 2022 ਕੁਝ ਹੀ ਦਿਨਾਂ ਵਿਚ ਅਲਵਿਦਾ ਹੋਣ ਜਾ ਰਿਹਾ ਹੈ। ਇਸ ਸਾਲ ਜਿੱਥੇ ਚੰਗੀਆਂ ਯਾਦਾਂ ਸਾਡੇ ਜੀਵਨ ਦਾ ਹਿੱਸਾ ਬਣੀਆਂ, ਉੱਥੇ ਕੁਝ ਘਰਾਂ ਦੇ ਚਿਰਾਗ ਜੋ ਸੁਨਹਿਰੇ ਭਵਿੱਖ ਦੀ ਆਸ ਲਈ ਕੈਨੇਡਾ ਗਏ, ਉਹ ਹੁਣ ਕਦੇ ਵਾਪਸ ਘਰ ਨਹੀਂ ਆਉਣਗੇ। ਇਸ ਸਾਲ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਮੁੰਡੇ/ਕੁੜੀਆਂ ਦੀ ਬੇਵਕਤੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹੀ। ਸਾਲ ਦੇ ਅਖੀਰ ਤੱਕ ਆ ਰਹੀਆਂ ਅਜਿਹੀਆਂ ਖ਼ਬਰਾਂ ਨੇ ਦਿਲ ਵਲੂੰਧਰ ਦਿੱਤੇ ਹਨ।

ਗੁਰਦਾਸਪੁਰ ਦੇ 25 ਸਾਲਾ ਗੱਭਰੂ ਦੀ ਟਰੱਕ ਹਾਦਸੇ ’ਚ ਮੌਤ

ਓਂਟਾਰੀਓ (ਕੈਨੇਡਾ) ਦੇ ਹਾਈਵੇਅ 401 ’ਤੇ ਵਾਪਰੇ ਟਰੱਕ ਹਾਦਸੇ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਨੌਜਵਾਨ ਟਰੱਕ ਡਰਾਈਵਰ ਦਾ ਨਾਂ ਸ਼ਰਨ ਦੱਸਿਆ ਗਿਆ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਸ ਦੇ ਮੁਤਾਬਕ ਓਂਟਾਰੀਓ ਦੇ ਹਾਈਵੇਅ 401 ਦੇ ਵੇਸਟਬਾਉਂਡ ਅਤੇ ਸਾਉਥ ਗਲੈਨਗੈਰੀ ਉਨਟਾਰੀਓ ਵਿਖੇ ਸ਼ਰਨ ਦਾ ਟਰੱਕ ਅੱਗੇ ਜਾ ਰਹੇ ਟਰੱਕ ਦੇ ਪਿਛਿਓਂ ਟਕਰਾ ਗਿਆ, ਜਿਸ ਕਾਰਨ ਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ।ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸੀ। ਇਹ ਹਾਦਸਾ ਸ਼ਾਮ ਦੇ 5:00 ਕੁ ਵਜੇ ਵਾਪਰਿਆ। ਇਸ ਹਾਦਸੇ ਵਿਚ ਤਿੰਨ ਹੋਰ ਟਰੱਕ ਟਰੈਲਰ ਸ਼ਾਮਲ ਸਨ ਪਰ ਹੋਰ ਕਿਸੇ ਵੀ ਟਰੱਕ ਚਾਲਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

26 ਸਾਲਾ ਪੰਜਾਬੀ ਨੌਜਵਾਨ ਦੀ ਫਰੇਜ਼ਰ ਨਦੀ ‘ਚੋਂ ਮਿਲੀ ਲਾਸ਼

26 ਸਾਲਾ ਰਵੀ ਮਾਨ ਨਾਮੀ ਨੌਜਵਾਨ ਦੀ 8 ਅਗਸਤ ਦੀ ਸਵੇਰ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਸ਼ਨੀਵਾਰ ਦੁਪਹਿਰ ਮਿਤੀ 13 ਅਗਸਤ ਨੂੰ ਬਰਾਮਦ ਕੀਤੀ ਗਈ।ਪਰਿਵਾਰ ਨੇ ਰਵੀ ਮਾਨ ਦੇ ਲਾਪਤਾ ਹੋਣ ਦੇ ਬਾਰੇ ਉਸ ਦੀ ਪਹਿਚਾਣ ਬਾਰੇ ਪੁਲਸ ਨੂੰ ਰਿਪੋਰਟ ਵੀ ਦਰਜ ਕਰਵਾਈ ਸੀ।ਮ੍ਰਿਤਕ ਦੀ ਨਜ਼ਦੀਕੀ ਪਰਿਵਾਰਿਕ ਮੈਂਬਰ ਪੁਨੀਤ ਮਾਨ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਸੀ ਕਿ 26 ਸਾਲਾ ਨੌਜਵਾਨ, ਜਿਸ ਦਾ ਨਾ ਰਵੀ ਮਾਨ ਹੈ ਉਹ 8 ਅਗਸਤ ਨੂੰ ਸਵੇਰੇ 10:00 ਵਜੇ ਦੇ ਕਰੀਬ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿਚ ਡੁੱਬ ਗਿਆ ਸੀ।

ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਲੋਹਗੜ੍ਹ ‘ਚ ਪਸਰਿਆ ਸੋਗ

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੁੱਭਦੀਪ ਸਿੰਘ ਦੁਸਾਂਝ (24) ਪੁੱਤਰ ਅਮਰਜੀਤ ਸਿੰਘ ਵਾਸੀ ਲੋਹਗੜ੍ਹ, ਫਿਰੋਜ਼ਪੁਰ ਵਜੋਂ ਹੋਈ। ਸ਼ੁੱਭਦੀਪ ਦੀ ਮੌਤ ਕੈਨੇਡਾ ਦੇ ਬੀ. ਸੀ. ਸਟੇਟ ’ਚ ਟਰੱਕ ਨਾਲ ਹਾਦਸਾ ਹੋਣ ਕਾਰਨ ਹੋਈ। ਖਬਰ ਮਿਲਦਿਆਂ ਹੀ ਪਿੰਡ ਲੋਹਗੜ੍ਹ ’ਚ ਸੋਗ ਦੀ ਲਹਿਰ ਦੌੜ ਗਈ।

ਸੰਗਰੂਰ ਦੇ ਨੌਜਵਾਨ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

ਬੀਤੇ ਦਿਨ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਨਾਲ ਸਬੰਧਤ ਇਕ 37 ਸਾਲਾ ਨੌਜਵਾਨ ਮਨਦੀਪ ਸਿੰਘ ਉੱਪਲ, ਉਰਫ (ਰਵੀ) ਦੀ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।ਇਹ ਨੌਜਵਾਨ ਆਪਣੇ ਸਾਥੀਆਂ ਦੇ ਨਾਲ Bow River ਵਿਖੇ ਘੁੰਮਣ ਗਿਆ ਸੀ, ਜਿਥੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨਾਲ ਸੀ।

ਮਿਲਟਨ ਗੋਲੀ ਕਾਂਡ ‘ਚ ਜ਼ਖਮੀ ਸਤਵਿੰਦਰ ਸਿੰਘ ਦੀ ਮੌਤ

ਪੰਜਾਬ ਦੇ ਖੰਨਾ ਨਾਲ ਪਿਛੋਕੜ ਰੱਖਣ ਵਾਲੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ। ਸਤਵਿੰਦਰ ਸਿੰਘ ਮਿਲਟਨ ਵਿੱਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਸੀ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ।ਇਸ ਗੋਲੀਬਾਰੀ ਦੇ ਨਤੀਜੇ ਵਜੋਂ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ ਮਾਲਕ ਸ਼ਕੀਲ ਅਸ਼ਰਫ (38) ਅਤੇ ਇਕ ਟੋਰਾਂਟੋ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ (48) ਦੀ ਵੀ ਮੌਤ ਹੋ ਗਈ ਸੀ।

ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਮੌਤ

ਇਕ ਬੇਕਾਬੂ ਹੋਏ ਟਰੱਕ ਹੇਠਾਂ ਆਉਣ ਕਾਰਨ ਬ੍ਰਿਟਿਸ਼ ਕੋਲੰਬੀਆ ਦੀ 44 ਸਾਲਾ ਗੁਰਪ੍ਰੀਤ ਕੌਰ ਸੰਘਾ ਪੰਜਾਬਣ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਸੜਕ ’ਤੇ ਇਕ ਹੋਰ ਔਰਤ ਨਾਲ ਜਾ ਰਹੀ ਸੀ, ਜਦੋਂ ਇਕ ਬੇਕਾਬੂ ਟਰੱਕ ਉਨ੍ਹਾਂ ’ਚ ਆ ਵੱਜਾ। ਦੋਵੇਂ ਔਰਤਾਂ ਟਰੱਕ ਹੇਠ ਫਸ ਗਈਆਂ ਸਨ, ਜਿਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਹਾਦਸਾ 2 ਸਤੰਬਰ ਨੂੰ ਵਾਪਰਿਆ ਸੀ ਤੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ ਹਸਪਤਾਲ ’ਚ ਇਲਾਜ ਅਧੀਨ ਸੀ। ਸੜਕ ਹਾਦਸੇ ਦੌਰਾਨ ਮੌਕੇ ਤੋਂ ਭਗੌੜੇ ਹੋਏ ਟਰੱਕ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੁਰਪ੍ਰੀਤ ਦੀ ਅਚਨਚੇਤ ਮੌਤ ਕਾਰਨ ਪੂਰਾ ਪਰਿਵਾਰ ਬਹੁਤ ਸਦਮੇ ’ਚ ਸੀ।

ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਕੋਟਕਪੂਰਾ ਦੇ ਗੁਰਕੀਰਤ ਸਿੰਘ ਦੀ ਮੌਤ

ਨੇੜਲੇ ਪਿੰਡ ਕੋਠੇ ਗੱਜਣ ਸਿੰਘ ਵਾਲੇ ਦੇ ਜੰਮਪਲ ਅਤੇ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਖੁਸ਼ਹਾਲ ਜੀਵਨ ਬਤੀਤ ਕਰ ਰਹੇ 44 ਸਾਲਾ ਵਿਅਕਤੀ ਗੁਰਕੀਰਤ ਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਖੋਸਾ ਦੀ ਵਿਦੇਸ਼ ਦੀ ਧਰਤੀ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੁਖਦਾਇਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਦੇ ਭਰਾਵਾਂ ਜਸਕੀਰਤ ਸਿੰਘ, ਇੰਦਰਪ੍ਰੀਤ ਸਿੰਘ ਅਤੇ ਦਲੇਰ ਸਿੰਘ ਨੇ ਦੱਸਿਆ ਕਿ ਐਡਮਿੰਟਨ (ਕੈਨੇਡਾ) ਵਿਖੇ ਦੋ ਕਾਰਾਂ ਦਰਮਿਆਨ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਦੋਵੇਂ ਕਾਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋਵੇਂ ਕਾਰਾਂ ਸੜ ਕੇ ਸੁਆਹ ਹੋ ਗਈਆਂ।ਇਸ ਹਾਦਸੇ ਵਿਚ ਗੁਰਕੀਰਤ ਪਾਲ ਸਿੰਘ ਸਮੇਤ ਦੂਜੀ ਕਾਰ ਵਿਚ ਸਵਾਰ ਗੋਰੇ ਦੀਆਂ ਲਾਸ਼ਾਂ ਵੀ ਅਗਨ ਭੇਂਟ ਹੋ ਗਈਆਂ।

ਪਿੰਡ ਰੌਂਤਾ ਦੇ ਸੁਖਮੰਦਰ ਸਿੰਘ ਨਾਲ ਵਾਪਰਿਆ ਵੱਡਾ ਹਾਦਸਾ, ਹੋਈ ਦਰਦਨਾਕ ਮੌਤ

ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਦੇ 37 ਸਾਲਾ ਨੌਜਵਾਨ ਸੁਖਮੰਦਰ ਸਿੰਘ ਉਰਫ਼ ਮਿੰਦਾ (37) ਦੀ ਟਰੇਲਰ ਹੋਮ ਨੂੰ ਅੱਜ ਲੱਗਣ ਕਾਰਣ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਰਹਿੰਦਾ ਸੀ। ਮ੍ਰਿਤਕ ਸੁਖਮੰਦਰ ਸਿੰਘ ਉਰਫ਼ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ ਲੇਖਾਕਾਰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸੁਖਮੰਦਰ ਸਿੰਘ ਮਿੰਦਾ ਟਰੇਲਰ ਹੋਮ ਵਿਚ ਰਹਿੰਦਾ ਸੀ। ਉਸ ਵਿਚ ਗੈਸ ਲੀਕ ਹੋਣ ਨਾਲ ਟਰੇਲਰ ਹੋਮ ਨੂੰ ਅੱਗ ਲੱਗ ਗਈ, ਜਿਸ ਕਾਰਣ ਉਸਦੀ ਮੌਤ ਹੋ ਗਈ। ਸੁਖਮੰਦਰ ਸਿੰਘ ਮਿੰਦਾ ਦੇ ਮਾਪੇ ਵੀ ਕੈਨੇਡਾ ਵਿਚ ਰਹਿੰਦੇ ਹਨ।

ਤਰਨਤਾਰਨ ਦੇ ਨਵਰੂਪ ਜੌਹਲ ਦੀ ਹੋਈ ਮੌਤ

ਬਰੈਂਪਟਨ ਵਿਚ ਪੰਜਾਬੀ ਨੌਜਵਾਨ ਨਵਰੂਪ ਜੌਹਲ ਦੀ ਅਚਾਨਕ ਮੌਤ ਹੋ ਗਈ। ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਣੀਆ ਦਾ ਰਹਿਣ ਵਾਲਾ ਸੀ। ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਨਵਰੂਪ ਜੌਹਲ ਨੂੰ ਮਿਲਣ ਲਈ ਉਸ ਦੇ ਪਿਤਾ ਏ.ਐਸ.ਆਈ. ਸਤਨਾਮ ਸਿੰਘ ਬਾਵਾ ਅਤੇ ਮਾਤਾ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਇਨ੍ਹਾਂ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਪੁੱਤਰ ਨੂੰ ਇਵੇਂ ਲਿਆਉਣਾ ਪਵੇਗਾ। 2016 ‘ਚ ਸਟੱਡੀ ਬੇਸ ‘ਤੇ ਕੈਨੇਡਾ ਗਿਆ ਨਵਰੂਪ ਜੌਹਲ ਅਚਾਨਕ ਬੀਮਾਰੀ ਦਾ ਸ਼ਿਕਾਰ ਹੋ ਗਿਆ। ਸ਼ਨੀਵਾਰ ਨੂੰ ਅਚਾਨਕ ਪਿਤਾ ਸਤਨਾਮ ਸਿੰਘ ਬਾਵਾ ਨੇ ਆਪਣੀ ਬੇਟੀ ਨਵਦੀਪ ਕੌਰ ਨੂੰ ਫੋਨ ਕਰਕੇ ਕਿਹਾ ਕਿ ਹੁਣ ਤੇਰਾ ਭਰਾ ਨਵਰੂਪ ਜੌਹਲ ਇਸ ਦੁਨੀਆ ‘ਚ ਨਹੀਂ ਰਿਹਾ।

ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ

ਨਕੋਦਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਦੇ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਨੌਜਵਾਨ ਜਤਿਨ ਪੁਰੀ (22) ਪੁੱਤਰ ਸੁਰੇਸ਼ ਪੁਰੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਤਿਨ ਪੁਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ। ਜਤਿਨ ਕਰੀਬ ਤਿੰਨ ਸਾਲ ਪਹਿਲਾਂ 2019 ਵਿੱਚ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਕਾਲਜ ਵਿੱਚ ਪੜ੍ਹਾਈ ਕਰਦਾ ਸੀ। ਉਸ ਦੀ ਕੈਨੇਡਾ ਰਹਿੰਦੀ ਭੈਣ ਦਾ ਜਨਮ ਦਿਨ ਸੀ ਅਤੇ ਉਸ ਨੇ ਭੈਣ ਲਈ ਗਿਫ਼ਟ ਲੈ ਕੇ ਜਾਣਾ ਸੀ ਪਰ ਜਦੋਂ ਨਹੀਂ ਗਿਆ ਤਾਂ ਭੈਣ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰ ਜਦੋਂ ਜਤਿਨ ਦੇ ਕਮਰੇ ਵਿਚ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਪਰਿਵਾਰ ਨੇ ਕਿਸੇ ਤਰ੍ਹਾਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਜਤਿਨ ਅੰਦਰ ਡਿੱਗਿਆ ਮਿਲਿਆ, ਜਿਸ ਦੀ ਮੌਤ ਹੋ ਚੁੱਕੀ ਸੀ।

ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ

ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਸੀ ਤੇ ਉਹ ਇੱਕ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ੇ ‘ਤੇ ਆਇਆ ਸੀ।ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ, ਜਿੱਥੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ

ਕੈਨੇਡਾ ਦੇ ਟੋਰਾਂਟੋ ਵਿਖੇ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿਚ 20 ਸਾਲਾ ਭਾਰਤੀ ਨੌਜਵਾਨ ਕਾਰਤਿਕ ਸੈਣੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਬੀਤੇ ਦਿਨ ਸਵੇਰੇ ਸਾਇਕਲ ਚਲਾਉਂਦੇ ਸਮੇਂ ਇਕ ਪਿੱਕ-ਅਪ ਟਰੱਕ ਦੇ ਨਾਲ ਟੱਕਰ ਵਿਚ ਉਸ ਦੀ ਮੌਤ ਹੋ ਗਈ।ਕਾਰਤਿਕ ਸੈਣੀ ਭਾਰਤ ਤੋਂ ਹਰਿਆਣਾ ਦੇ ਸੂਬੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਉਹ 2021 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਆਇਆ ਸੀ। ਨੌਜਵਾਨ ਕਾਰਤਿਕ ਸੈਣੀ ਉਨਟਾਰੀਓ ਦੇ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ।

ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ‘ਚ ਦੁਖਦਾਇਕ ਮੌਤ, ਕੁਝ ਮਹੀਨੇ ਪਹਿਲਾਂ ਮਿਲੀ ਸੀ ਪੀ. ਆਰ.

ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਹਲਕੇ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਨੌਜਵਾਨ ਦੀਪਇੰਦਰ ਸਿੰਘ ਉਰਫ਼ ਰੂਬੀ ਪੁੱਤਰ ਗੁਰਪ੍ਰੀਤ ਸਿੰਘ (27) ਦੀ ਕੈਨੇਡਾ ਦੇ ਵਿਨੀਪੈਗ ’ਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਗਿਆ ਕਿ ਦੀਪਇੰਦਰ ਵਿਨੀਪੈਗ ‘ਚ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ। ਇਸ ਦੌਰਾਨ ਸੜਕ ‘ਤੇ ਬਰਫ਼ ਅਤੇ ਧੁੰਦ ਪਈ ਹੋਣ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਸ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਦੀਪਇੰਦਰ ਦੇ ਗੰਭੀਰ ਸੱਟਾਂ ਲੱਗੀਆਂ।ਜ਼ਖ਼ਮੀ ਹਾਲਤ ‘ਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਦੀਪਇੰਦਰ ਦਾ ਵਿਆਹ 2 ਕੁ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਕੁਝ ਮਹੀਨੇ ਪਹਿਲਾਂ ਪੀ. ਆਰ. ਹੋ ਕੇ ਕੈਨੇਡਾ ਗਿਆ ਸੀ।

18 ਸਾਲਾਂ ਦੇ ਪੰਜਾਬੀ ਮੁੰਡੇ ਦਾ ਕਤਲ

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਹਾਈ ਸਕੂਲ ਦੀ ਪਾਰਕਿੰਗ ਵਿੱਚ ਪੰਜਾਬੀ ਨੌਜਵਾਨ ਦਾ ਕਥਿਤ ਤੌਰ ‘ਤੇ ਇੱਕ ਹੋਰ ਨੌਜਵਾਨ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਖ਼ਬਾਰ ‘ਵੈਨਕੂਵਰ ਸਨ’ ਦੀ ਖ਼ਬਰ ਮੁਤਾਬਕ ਮ੍ਰਿਤਕ ਦੀ ਪਛਾਣ ਮਹਿਕਪ੍ਰੀਤ ਸੇਠੀ ਵਜੋਂ ਹੋਈ। ਮੰਗਲਵਾਰ ਨੂੰ ਸਰੀ ਦੇ ਤਮਨਾਵਿਸ ਸੈਕੰਡਰੀ ਸਕੂਲ ਦੀ ਪਾਰਕਿੰਗ ਵਿੱਚ ਹੋਈ ਲੜਾਈ ਤੋਂ ਬਾਅਦ ਇੱਕ 17 ਸਾਲਾ ਮੁੰਡੇ ਨੇ ਉਸ ਨੂੰ ਚਾਕੂ ਮਾਰ ਦਿੱਤਾ ਸੀ। ਖ਼ਬਰ ਅਨੁਸਾਰ, ਸਕੂਲ ਦੀ ਪ੍ਰਿੰਸੀਪਲ ਨੇ ਮੰਗਲਵਾਰ ਨੂੰ ਘਟਨਾ ਦੀ ਪੁਸ਼ਟੀ ਕੀਤੀ, ਹਾਲਾਂਕਿ ਉਨ੍ਹਾਂ ਕਿਹਾ ਕਿ ਮਹਿਕਪ੍ਰੀਤ (18) ਸਕੂਲ ਦਾ ਵਿਦਿਆਰਥੀ ਨਹੀਂ ਹੈ।

ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ

ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ। ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ੇ ‘ਤੇ ਆਈ ਸੀ ਉਹ ਅਤੇ ਟੋਰਾਂਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ਕਿ ਰੱਬ ਵੱਲੋਂ ਉਸ ਨਾਲ ਇਹ ਭਾਣਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਿੰਗ ਸੀਟ ‘ਤੇ ਪਾਈ ਗਈ। ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।ਪੁਲਸ ਜਾਂਚ ਵਿੱਚ ਜੁਟੀ ਹੋਈ ਹੈ!

ਪੰਜਾਬਣ ਗਗਨਦੀਪ ਕੌਰ ਦੀ ਸੜਕ ਹਾਦਸੇ ‘ਚ ਮੌਤ

ਪੰਜਾਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਆਈ 29 ਸਾਲਾ ਗਗਨਦੀਪ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗਗਨਦੀਪ ਕੌਰ ਕੈਨੇਡਾ ਦੇ ਮਾਂਟਰੀਅਲ ਵਿਚ ਇਕੱਲੀ ਰਹਿੰਦੀ ਸੀ। ਉਹ 5 ਦਸੰਬਰ ਦੀ ਸਵੇਰ ਨੂੰ ਕੰਮ ‘ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲ ਦੀ ਧੀ ਨੂੰ ਛੱਡ ਗਈ ਹੈ, ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਦੇਖਣ ਦਾ ਮੌਕਾ ਨਹੀਂ ਮਿਲਿਆ।

ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼

23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮ੍ਰਿਤਕ ਦੇਹ ਮਿਲਣ ਦੀ ਖ਼ਬਰ ਹੈ। ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। RCMP ਮੁਤਾਬਕ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ਵਿਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ ਅਤੇ ਹੁਣ ਪੁਸ਼ਟੀ ਹੋਈ ਕਿ ਇਹ ਮ੍ਰਿਤਕ ਦੇਹ ਸਰੀ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਦੀ ਸੀ।ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਾਲ ਮਿਲਣ ‘ਤੇ ਉਦੋਂ ਤੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਮਾਮਲੇ ਵਿਚ ਪੁਲਸ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਸੀ। ਪੁਲਸ ਦਾ ਕਹਿਣਾ ਹੈ ਕਿ ਜਸਵੀਰ ਦੀ ਮੌਤ ਦੇ ਮਾਮਲੇ ਵਿੱਚ ਕੁਝ ਵੀ ਅਪਰਾਧਿਕ ਨਹੀਂ ਲੱਗ ਰਿਹਾ ਹੈ।

ਮਾਪਿਆਂ ਦੇ 26 ਸਾਲਾ ਪੁੱਤ ਦੀ ਹਾਦਸੇ ‘ਚ ਹੋਈ ਮੌਤ

ਨੇੜਲੇ ਪਿੰਡ ਨਾਰੋਮਾਜਰਾ ਦੇ ਮਿਹਨਤੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਰਣਜੀਤ ਸਿੰਘ ਦੇ, ਕੈਨੇਡਾ ਰਹਿੰਦੇ ਪੁੱਤਰ ਰਮਨਪ੍ਰੀਤ ਸਿੰਘ ਸੋਹੀ (26) ਨੌਜਵਾਨ ਦੀ ਟਰੱਕ ਹਾਦਸੇ ‘ਚ ਹੋਈ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਭਗ 8 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਲੈਣ ਲਈ ਸਟੱਡੀ ਵੀਜੇ ‘ਤੇ ਕੈਨੇਡਾ ਗਿਆ ਸੀ। ਉਥੇ ਹੀ ਉਸ ਨੇ ਪੱਕੇ ਹੋਣ ਉਪਰੰਤ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ।ਜਿਸਦੇ ਚੱਲਦਿਆਂ ਬੀਤੇ ਕੱਲ੍ਹ ਉਸ ਨੇ ਜਦ ਆਪਣਾ ਟਰੱਕ ਖਾਲੀ ਕਰਨ ਦੇ ਲਈ ਟਰੱਕ ਨੂੰ ਪਿੱਛੇ ਵੱਲ ਕੀਤਾ ਤਾਂ ਡਾਲਾ ਖੋਲ੍ਹਦੇ ਸਮੇਂ ਬ੍ਰੇਕ ਨਾ ਲੱਗੇ ਹੋਣ ਕਾਰਨ ਉਕਤ ਨੌਜਵਾਨ ਕੰਧ ਅਤੇ ਟਰੱਕ ਦੇ ਵਿਚਕਾਰ ਆ ਗਿਆ, ਜਿਸ ਕਾਰਨ ਰਮਨਪ੍ਰੀਤ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਮਨਪ੍ਰੀਤ ਨੇ ਜਨਵਰੀ ਮਹੀਨੇ ‘ਚ ਵਿਆਹ ਕਰਵਾਉਣਾ ਲਈ ਪੰਜਾਬ ਆਉਣਾ ਸੀ।

2 ਬੱਚਿਆਂ ਦੀ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜ਼ਿਲ੍ਹਾ ਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਸਰਬਜੀਤ ਕੌਰ ਦੀ ਵਿਨੀਪੈਗ, ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸਰਬਜੀਤ ਕੌਰ ਬੀਤੇ ਦਿਨ ਆਪਣੀ ਕਾਰ ਵਿੱਚ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸਰਬਜੀਤ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਰਬਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਸਰਬਜੀਤ ਕੌਰ ਦਾ ਮੋਗਾ ਨੇੜਲੇ ਪਿੰਡ ਰੋਲੀ ਵਿੱਚ ਵਿਆਹ ਹੋਇਆ ਸੀ ਅਤੇ ਉਹ ਆਪਣੇ 2 ਬੱਚਿਆਂ ਸਮੇਤ 2012 ਵਿੱਚ ਆਪਣੇ ਪਤੀ ਨਾਲ ਕੈਨੇਡਾ ਵਿੱਚ ਪੀ.ਆਰ. ਕਰਨ ਗਈ ਸੀ।

ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਪੰਜਾਬ ਤੋਂ ਪਿਛਲੇ ਮਹੀਨੇ ਹੀ ਕੈਨੇਡਾ ਆਏ ਇੱਕ 30 ਸਾਲਾ ਇਕ ਸਿੱਖ ਨੌਜਵਾਨ ਦੀ ਮਿਸੀਸਾਗਾ ਵਿੱਚ ਇੱਕ ਟਰਾਂਸਪੋਰਟ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ 13 ਦਸੰਬਰ ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਕੋਰਟਨੀਪਾਰਕ ਡਰਾਈਵ ਅਤੇ ਐਡਵਰਡਜ਼ ਬੁਲੇਵਾਰਡ ਵਿਖੇ ਵਾਪਰੇ ਹਾਦਸੇ ਵਿਚ ਮਨਪ੍ਰੀਤ ਸਿੰਘ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।ਮਨਪ੍ਰੀਤ ਦੇ ਦੋਸਤ ਬਲਵਿੰਦਰ ਸਿੰਘ ਨੇਦੱਸਿਆ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਮਨਪ੍ਰੀਤ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਸਪਾਊਸ ਵੀਜ਼ੇ ‘ਤੇ ਆਇਆ ਸੀ।

ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਗੱਭਰੂ ਪੁੱਤ

ਵਿਧਾਨ ਸਭਾ ਹਲਕਾ ਪਾਇਲ ਅਧੀਨ ਪੈਂਦੇ ਬਲਾਕ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ (ਸਰੀ) ’ਚ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਸਦਾ ਭਰਾ ਗੁਰਜਿੰਦਰ ਸਿੰਘ ਮਾਂਗਟ ਉਰਫ ਗੱਗੀ ਸਪੁੱਤਰ ਕਰਨੈਲ ਸਿੰਘ 2015 ’ਚ ਕੈਨੇਡਾ (ਸਰੀ) ਗਿਆ ਸੀ, ਜਿਸਦੀ ਪਤਨੀ ਅਤੇ ਉਸਦਾ 6 ਸਾਲਾ ਬੇਟਾ ਵੀ ਕੁਝ ਮਹੀਨੇ ਪਹਿਲਾਂ ਹੀ ਉਸ ਕੋਲ ਕੈਨੇਡਾ ਗਏ ਸਨ। ਗੁਰਜਿੰਦਰ ਸਿੰਘ ਦੀ ਬੀਤੇ ਦਿਨੀਂ ਕੈਨੇਡਾ ‘ਚ ਕਾਰ ਚਲਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।

25 ਦਸੰਬਰ ਨੂੰ ਪਰਤਣਾ ਸੀ ਘਰ, ਮਾਂ ਵੇਖਦੀ ਰਹਿ ਗਈ ਰਾਹ

ਉੱਘੇ ਸਾਹਿਤਕਾਰ ਸੁਰਜੀਤ ਸਿੰਘ ਪੰਛੀ ਦੇ ਨੌਜਵਾਨ ਪੋਤਰੇ ਜਗਦੀਪ ਸਿੰਘ (37) ਪੁੱਤਰ ਮਾ. ਰਵੀਦੀਪ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਮ੍ਰਿਤਕ ਕਰੀਬ 15 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਗਿਆ ਸੀ, ਜਿੱਥੇ ਉਹ ਆਪਣੇ ਛੋਟੇ ਭਰਾ ,ਆਪਣੀ ਪਤਨੀ ਤੇ ਪੁੱਤਰ ਨਾਲ ਰਹਿ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਗਦੀਪ ਸਿੰਘ 25 ਦਸੰਬਰ ਨੂੰ ਪੰਜਾਬ ਆਉਣ ਦੀ ਤਿਆਰੀ ਕਰ ਰਿਹਾ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਤੇ ਦੋਸਤ-ਮਿੱਤਰ ਬਹੁਤ ਖ਼ੁਸ਼ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ।

ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ ‘ਚ ਸ਼ੱਕੀ ਹਾਲਾਤ ‘ਚ ਮੌਤ

ਜਲੰਧਰ ਦੇ ਹਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿਖੇ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਲੋਹੀਆਂ ਖ਼ਾਸ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਜੋਸਨ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰਾਂ ਨੂੰ ਡੂੰਘਾ ਸਦਮਾ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਦੇ ਕੈਲਗਰੀ ਕੈਨੇਡਾ ਰਹਿੰਦੇ ਪੁੱਤਰ ਜਸਕਰਨ ਸਿੰਘ (22) ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।

ਬੱਸ ਪਲਟਣ ਕਾਰਨ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਦੀ ਮੌਤ

ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ “ਬਹੁਤ ਬਰਫੀਲੇ” ਹਾਈਵੇਅ ‘ਤੇ ਇੱਕ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਹੀ ਇਸ ਬੱਸ ਹਾਦਸੇ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ। ਬੱਸ ਵੈਨਕੂਵਰ ਤੋਂ ਲਗਭਗ 170 ਮੀਲ ਉੱਤਰ-ਪੂਰਬ ਵਿਚ ਮੈਰਿਟ ਦੇ ਪੂਰਬ ਵਿਚ ਹਾਈਵੇ 97C ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ।ਦੱਸਿਆ ਗਿਆ ਕਿ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੀ ਪੱਤੀ ਰਾਜਪੁਰਾ ਦੇ ਵਸਨੀਕ ਕਰਨਜੋਤ ਸਿੰਘ ਉਰਫ ਵਿੱਕੀ (42) ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਨਵਜੀਤ ਕੌਰ (38) ਅਤੇ ਮਾਮੂਸ ਬੱਚੇ, ਜਿਨ੍ਹਾਂ ਵਿਚ ਸਾਹਿਬਜੀਤ ਸਿੰਘ (8) ਅਤੇ ਹਰਗੁਨ ਕੌਰ (3) ਛੱਡ ਗਿਆ।

ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼

ਮੋਹਾਲੀ ਦੇ ਇੰਜੀਨੀਅਰ ਨੌਜਵਾਨ ਅਮਰਿੰਦਰ ਸਿੰਘ (38) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦਾ ਨਿਵਾਸੀ ਅਮਰਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਤੇ ਬੱਚੇ ਸਮੇਤ ਇੱਥੋਂ ਪੀ. ਆਰ. ਲੈ ਕੇ ਕੈਨੇਡਾ ਗਿਆ ਹੋਇਆ ਸੀ। ਉੱਥੇ ਉਹ ਸਰੀ ਵਿਖੇ ਇੱਕ ਕੰਪਨੀ ‘ਚ ਨੌਕਰੀ ਕਰਦਾ ਸੀ। ਕਰੀਬ 2 ਦਿਨ ਪਹਿਲਾਂ ਅਮਰਿੰਦਰ ਸਿੰਘ  ਕੰਪਨੀ ‘ਚ ਨੌਕਰੀ ਕਰਦੇ ਦੌਰਾਨ ਹੀ ਡਿੱਗ ਪਿਆ।ਉਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਬਰੇਨ ਹੈਮਰੇਜ ਦਾ ਅਟੈਕ ਆਇਆ ਹੈ। ਡਾਕਟਰਾਂ ਵਲੋਂ ਉਸ ਦੇ ਸਿਰ ਦਾ ਆਪਰੇਸ਼ਨ ਵੀ ਕੀਤਾ ਗਿਆ ਪਰ ਉਸਦੀ ਜ਼ਿੰਦਗੀ ਬਚਾਈ ਨਹੀਂ ਜਾ ਸਕੀ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਮ੍ਰਿਤਕ ਇੰਜੀਨੀਅਰ ਅਮਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਗਿਆ।

ਕੈਨੇਡਾ ਵਿਖੇ ਸੁਲਤਾਨਪੁਰ ਲੋਧੀ ਦੇ 25 ਸਾਲਾ ਨੌਜਵਾਨ ਦੀ ਮੌਤ

ਕੈਨੇਡਾ ਦੇ ਸਰੀ ਸ਼ਹਿਰ ‘ਚ ਰਹਿੰਦੇ ਸੁਲਤਾਨਪੁਰ ਲੋਧੀ ਦੇ ਇਕ 25 ਸਾਲਾ ਨੌਜਵਾਨ ਗੁਰਵਿੰਦਰਜੀਤ ਸਿੰਘ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਬੇਸ਼ੱਕ ਮੌਤ 2 ਦਸੰਬਰ ਨੂੰ ਹੋਈ ਪਰ ਕੋਈ ਵੀ ਪਰਿਵਾਰਕ ਜੀਅ ਇਥੇ ਨਾ ਹੋਣ ਕਰਕੇ ਪਰਿਵਾਰ ਰਾਹੀਂ ਪਤਾ ਬਾਅਦ ਵਿਚ ਲੱਗਾ। ਮੌਤ ਤੋਂ ਪਹਿਲਾਂ ਇਹ ਨੌਜਵਾਨ ਭਾਰੀ ਮਾਨਸਿਕ ਤਣਾਅ ਦੇ ਚਲਦਿਆਂ ਦੋ ਕੁ ਮਹੀਨੇ ਸਰੀ ਮੈਮੋਰੀਅਲ ਹਸਪਤਾਲ ਵੀ ਦਾਖ਼ਲ ਰਿਹਾ। ਗੁਰਵਿੰਦਰਜੀਤ 2016 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ 2018 ਵਿੱਚ ਉਸ ਨੂੰ ਪੀ. ਆਰ. ਮਿਲ ਗਈ ਸੀ।ਮ੍ਰਿਤਕ ਦਾ ਭਰਾ ਅਤੇ ਮਾਤਾ ਨਿਊਜ਼ੀਲੈਂਡ ਰਹਿੰਦੇ ਹਨ ਜਦਕਿ ਪਿਤਾ ਦੁਬਈ ‘ਚ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਗੁਰਵਿੰਦਰਜੀਤ ਸਿੰਘ ਦਾ ਪਿਛਲਾ ਪਿੰਡ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ‘ਚ ਪਿੰਡ ਪੱਤੀ ਨਬੀ ਬਖ਼ਸ਼, ਡਾਕਖਾਨਾ ਠੱਟਾ ਹੈ।

2 ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਮਨਾ ਰਹੇ ਸੀ ਜਸ਼ਨ, ਅਚਾਨਕ ਮਿਲੀ ਮੌਤ ਦੀ ਖ਼ਬਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਉਪ ਪ੍ਰਧਾਨ ਆਈ. ਐੱਸ. ਬਿੰਦਰਾ ਦੇ ਭਤੀਜੇ ਹਰੀਸ਼ ਸਿੰਘ ਦੀ ਕੈਨੇਡਾ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਰੀਸ਼ ਸਿੰਘ ਮਹਿਜ਼ 2 ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ (ਬ੍ਰੈਂਪਟਨ) ਗਿਆ ਸੀ। ਪੁੱਤ ਦੇ ਕੈਨੇਡਾ ਜਾਣ ਦਾ ਅਜੇ ਪਰਿਵਾਰ ਵਜੋਂ ਜਸ਼ਨ ਮਨਾਇਆ ਜਾ ਰਿਹਾ ਸੀ ਕਿ ਅਚਾਨਕ ਹਰੀਸ਼ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਰਿਵਾਰ ਵਿਚ ਕੋਹਰਾਮ ਮਚ ਗਿਆ।

Related Articles

Leave a Comment