ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਇਕ ਔਰਤ ਦੀ ਉਸ ਦੇ ਭਰਾਵਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤੀ ਕਿਉਂਕਿ ਉਸ ਨੇ ਅੱਠ ਸਾਲ ਪਹਿਲਾ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ। ਸੂਤਰਾਂ ਮੁਤਾਬਕ ਮ੍ਰਿਤਕਾ ਨੂਰ ਅਲਮੀਨਾ ਦੇ ਪਤੀ ਸਮਸ ਉੱਲ ਇਕਬਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮਕਾਨ ਮਾਲਕ ਵੱਲੋਂ ਉਸ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਪਤਨੀ ਦੀ ਕੁਝ ਲੋਕਾਂ ਨੇ ਘਰ ’ਚ ਦਾਖ਼ਲ ਹੋ ਕੇ ਗੋਲ਼ੀ ਮਾਰ ਕੇ ਕਤਲ ਕਰ ਦਿੱਤੀ ਹੈ। ਜਿਸ ‘ਤੇ ਉਹ ਘਰ ਪਹੁੰਚਿਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਇਕਬਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਲਗਭਗ 8 ਸਾਲ ਪਹਿਲਾ ਨੂਰ ਅਲਮੀਨਾ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਉਦੋਂ ਤੋਂ ਹੀ ਉਸ ਦੇ ਭਰਾ ਸਾਡੀ ਭਾਲ ਕਰ ਰਹੇ ਸਨ ਪਰ ਅਸੀ ਲੁਕ ਕੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਰਹਿ ਰਹੇ ਸੀ, ਪਰ ਹੁਣ ਉਨਾਂ ਨੂੰ ਕਿਸੇ ਤਰ੍ਹਾਂ ਸਾਡੇ ਇਸਲਾਮਾਬਾਦ ਵਿਚ ਰਹਿਣ ਦਾ ਪਤਾ ਲੱਗਾ। ਉਸ ਨੇ ਪੁਲਸ ਨੂੰ ਦੱਸਿਆ ਕਿ ਮੈਂ ਆਪਣੀ ਪਤਨੀ ਦੇ ਭਰਾਵਾਂ ਦੀ ਫੋਟੋ ਆਪਣੇ ਮਕਾਨ ਮਾਲਕ ਨੂੰ ਦਿਖਾਈ ਹੈ ਅਤੇ ਉਸ ਨੇ ਸਿਨਾਖ਼ਤ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੇ ਨੂਰ ਅਲਮੀਨਾ ਦੀ ਕਤਲ ਕੀਤੀ ਹੈ।