ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ : 3 ਵਿਅਕਤੀ ਟਰੈਵਲ ਏਜੰਟ ਤੋਂ ਪੈਸੇ ਵਾਪਸ ਲੈਣ ਲਈ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਚੜੇ
ਭਗਤਾ ਭਾਈਕਾ, 18 ਅਕਤੂਬਰ : ਸਥਾਨਕ ਸ਼ਹਿਰ ਦੇ ਇਕ ਟਰੈਵਲ ਏਜੰਟ ਅਤੇ ਉਸ ਦੇ ਦੋ ਹੋਰ ਸਾਥੀਆਂ ਵੱਲੋਂ ਕੁਝ ਪਰਿਵਾਰਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਗਈ ਕਥਿਤ ਠੱਗੀ ਦਾ ਮਾਮਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
ਪਿਛਲੇ ਕੁਝ ਦਿਨ੍ਹਾਂ ਤੋ ਪੀੜ੍ਹਤ ਪਰਿਵਾਰ ਟਰੈਵਲ ਏਜੰਟਾਂ ਦੇ ਘਰਾਂ ਅੱਗੇ ਧਰਨੇ ਲਗਾਕੇ ਆਪਣੇ ਪੈਸੇ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਇਸ ਮਾਮਲੇ ਦਾ ਕੋਈ ਹੱਲ ਨਹੀ ਨਿਕਲਿਆ। ਜਿਸ ਦੇ ਰੋਸ ਵਜੋਂ 3 ਪੀੜ੍ਹਤ ਵਿਅਕਤੀ ਅੱਜ ਸਵੇਰ ਤੋਂ ਹੀ ਸ਼ਹਿਰ ਦੀ ਮਾਰਕਿਟ ਕਮੇਟੀ ’ਚ ਬਣੀ ਵਾਟਰ ਵਰਕਸ ਦੀ ਟੈਂਕੀ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ। ਇਸ ਮੌਕੇ ਪੀੜ੍ਹਤ ਪਰਿਵਾਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਨਸਾਫ ਨਾ ਮਿਲਣ ਤੱਕ ਥੱਲੇ ਨਹੀ ਆਉਣਗੇ।
ਇਸ ਮੌਕੇ ਮਹਿਲਾ ਆਗੂ ਕੁਲਦੀਪ ਕੌਰ ਬਰਾੜ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਪਿਛਲੇ ਕੁਝ ਦਿਨਾਂ ਤੋ ਇਨਸਾਫ ਲਈ ਸੰਘਰਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਸਭ ਕੁਝ ਮੂਕ ਦਰਸ਼ਕ ਬਣਕੇ ਵੇਖ ਰਿਹਾ ਹੈ। ਪੀੜ੍ਹਤ ਪਰਿਵਾਰਾਂ ਵੱਲੋਂ ਟੈਂਕੀ ’ਤੇ ਚੜ੍ਹਨ ਦੀ ਖਬਰ ਮਿਲਦਿਆਂ ਹੀ ਸਥਾਨਿਕ ਪੁਲਿਸ ਦੇ ਏਐਸਆਈ ਅੰਮਿ੍ਰਤਪਾਲ ਸਿੰਘ ਨੇ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜਾ ਲਿਆ।