ਮਲੋਟ,01 ਅਗਸਤ (ਪ੍ਰੇਮ ਗਰਗ)-ਸਿਹਤ ਵਿਭਾਗ ਵਲੋਂ ਆਮ ਜਨਤਾ ਦੇ ਸਿਹਤ ਪੱਧਰ ਨੂੰ ਹੋਰ
ਉੱਚਾ ਚੁੱਕਣ ਲਈ ਸਮੇਂ ਸਮੇਂ ਸਿਰ ਯਤਨ ਕੀਤੇ ਜਾਦੇ ਹਨ, ਜਿਨ੍ਹਾਂ ਵਿੱਚ ਮਾਂ ਦੇ
ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ 1 ਤੋਂ 7 ਅਗਸਤ ਤੱਕ ਵਿਸ਼ੇਸ਼
ਗਤੀਵਿਧੀਆਂ ਕੀਤੀਆਂ ਜਾਦੀਆਂ ਹਨ। ਇਸ ਲੜੀ ਵਿਚ ਅੱਜ ਸੀਐਚਸੀ ਚੱਕ
ਸ਼ੇਰੇ ਵਾਲਾ ਵਿਖੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ.ਰੀਟਾ ਬਾਲਾ ਦੇ ਨਿਰਦੇਸ਼ਾਂ
ਅਤੇ ਐਸਐਮਓ ਡਾ. ਕੁਲਤਾਰ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਵਰਕਸ਼ਾਪ ਦਾ
ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਡਾ.ਕੁਲਤਾਰ ਸਿੰਘ ਨੇ ਕਿਹਾ
ਕਿ ਮਾਂ ਦਾ ਦੁੱਧ ਬੱਚੇ ਲਈ ਪ੍ਰਮਾਤਮਾ ਵਲੋਂ ਬਖਸ਼ੀ ਬਹੁਤ ਵੱਡੀ ਨਿਆਮਤ ਹੈ, ਜਿਸ ਦਾ
ਕੋਈ ਵੀ ਮੇਲ ਨਹੀ ਹੈ। ਜਣੇਪੇ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ
ਜ਼ਰੁਰੀ ਹੈ। ਪਹਿਲਾ ਦੁੱਧ (ਕੋਲੋਸਟਰਮ) ਯਾਨੀ ਉਹ ਗਾੜ੍ਹਾ, ਪੀਲਾ ਦੁੱਧ ਜੋ ਬੱਚੇ
ਦੇ ਜਨਮ ਤੋਂ ਲੈ ਕੇ ਕੁਝ ਦਿਨਾਂ (4 ਤੋਂ 5 ਦਿਨ ਤਕ) ਵਿੱਚ ਉਤਪੰਨ ਹੁੰਦਾ ਹੈ, ਉਸ
ਵਿੱਚ ਵਿਟਾਮਿਨ, ਐਂਟੀਬੌਡੀ, ਹੋਰ ਪੋਸ਼ਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ।
ਪਹਿਲੇ 6 ਮਹੀਨੇ ਤਾਂ ਕੇਵਲ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ ਹੈ ਜੋ ਕਿ
ਬੱਚੇ ਵਿੱਚ ਬਿਮਾਰੀਆਂ ਤੋਂ ਬਚਣ ਦਾ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।
ਬੀਈਈ ਮਨਬੀਰ ਸਿੰਘ ਨੇ ਦੱਸਿਆ ਕਿ ਮਾਂ ਦੇ ਦੁੱਧ ਦੀ ਤੁਲਨਾ ਕਿਸੇ ਵੀ ਗੈਰ
ਕੁਦਰਤੀ ਖੁਰਾਕ ਨਾਲ ਨਹੀਂ ਕੀਤੀ ਜਾ ਸਕਦੀ। ਜਿਹੜੀਆਂ ਮਾਵਾਂ ਬੱਚੇ ਨੂੰ ਆਪਣਾ
ਦੁੱਧ ਪਿਲਾਉਂਦੀਆ ਹਨ, ਉਨ੍ਹਾਂ ਦੇ ਬੱਚੇ ਬਹੁਤ ਘੱਟ ਬਿਮਾਰ ਹੁੰਦੇ ਹਨ। ਉਹਨਾਂ
ਕਿਹਾ ਕਿ ਇਸ ਸਾਲ ਦਾ ਥੀਮ ਹੈ ‘ਬ੍ਰੈਸਟਫੀਡਿੰਗ ਨੂੰ ਸਮਰੱਥ ਬਣਾਉਣਾ-ਕੰਮ ਕਰਨ
ਵਾਲੇ ਮਾਪਿਆਂ ਲਈ ਇੱਕ ਫਰਕ ਬਣਾਉਣਾ’। ਥੀਮ ਛਾਤੀ ਦਾ ਦੁੱਧ ਚੁੰਘਾਉਣ ਦੀ
ਮਹੱਤਤਾ ਅਤੇ ਇਹ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ’ਤੇ ਕੇਂਦਰਿਤ ਹੈ ਕਿ
ਕੰਮ ਕਰਨ ਵਾਲੇ ਮਾਪੇ ਛਾਤੀ ਦਾ ਦੁੱਧ ਚੁੰਘਾਉਣ ਦੇ ਯੋਗ ਹਨ। ਬੱਚੇ ਦੀ ਸਿਹਤ ਲਈ
ਦੁੱਧ ਚੁੰਘਾਉਣਾ ਬਹੁਤ ਜ਼ਰੂਰੀ ਹੈ। ਇਹ ਬੱਚੇ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ,
ਉਸ ਨੂੰ ਸਿਹਤਮੰਦ ਰੱਖਦਾ ਹੈ, ਅਤੇ ਉਸ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਵੀ
ਲਾਭ ਪਹੁੰਚਾਉਂਦਾ ਹੈ। ਮਾਂ ਦੀ ਸਿਹਤ ਲਈ ਵੀ ਦੁੱਧ ਚੁੰਘਾਉਣਾ ਫਾਇਦੇਮੰਦ
ਹੁੰਦਾ ਹੈ। ਇਹ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ, ਦਿਲ ਦੀ ਬਿਮਾਰੀ ਅਤੇ ਸ਼ੂਗਰ
ਦੇ ਜੋਖਮ ਨੂੰ ਘੱਟ ਕਰਦਾ ਹੈ। ਉਹਨਾਂ ਨੇ ਕਿਹਾ ਕਿ ਬੋਤਲ ਨਾਲ ਦੁੱਧ ਪਿਲਾਉਣ ਤੋਂ
ਪਰਹੇਜ ਕਰਨਾ ਚਾਹੀਦਾ ਹੈ। ਉਹਨਾਂ ਨੇ ਇਸ ਮੌਕੇ ਤੇ ਮੌਜੂਦ ਬਲਾਕ ਦੀ ਸਮੂਹ
ਆਸ਼ਾ ਸੁਪਰਵਾਈਜਰ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਏਰੀਆ ਵਿਚ
ਮਾਂ ਦਾ ਦੁੱਧ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਜੱਚਾ ਅਤੇ ਬੱਚਾ
ਦੋਵੇਂ ਤੰਦਰੁਸਤ ਰਹਿਣ।