ਫ਼ਿਰੋਜ਼ਪੁਰ, 6 ਸਤੰਬਰ 2023:
ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਬਾਗਬਾਨੀ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਬਨਾਉਣ ਲਈ ਨੌਜਵਾਨ ਪੀੜੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਨੌਜਵਾਨਾਂ ਦੇ ਹੁਨਰ ਨੂੰ ਬਿਹਤਰ ਬਨਾਉਣ ਅਤੇ ਖੇਤੀਬਾੜੀ ਵਿੱਚ ਰੁੱਝੇ ਰਹਿਣ ਦੀ ਸਮੱਰਥਾ ਨੂੰ ਵਧਾਉਣ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾ ਸਾਹਮਣੇ ਆਉਂਦੀਆਂ ਹਨ। ਪੇਂਡੂ ਖੇਤਰ ਦੇ ਨੌਜਵਾਨਾਂ ਵਿੱਚ ਦਿਲਚਸਪੀ ਅਤੇ ਵਿਸ਼ਵਾਸ ਪੈਦਾ ਕਰਨ ਲਈ ਸਵੈ-ਰੋਜ਼ਗਾਰ ਅਤੇ ਉੱਦਮੀ ਵਿਕਾਸ ਦੇ ਕਈ ਤਰ੍ਹਾਂ ਦੇ ਉਪਰਾਲੇ ਬਾਗਬਾਨੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਡਾ. ਬਲਕਾਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕੀਤਾ।
ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਰਸਰੀ ਉਤਪਾਦਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਹੁਨਰ ਵਿਕਾਸ ਸੈਂਟਰ ਲੁਧਿਆਣਾ ਤੋ ਟਰੇਨਿੰਗ ਪ੍ਰਾਪਤ ਕਰਕੇ ਸਵੈ-ਰੋਜ਼ਗਾਰ ਦਾ ਬਹੁਤ ਵਧੀਆ ਵਸੀਲਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਫਲ ਨਰਸਰੀ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਰਸਰੀਆਂ ਨੂੰ “ਪੰਜਾਬ ਫਰੂਟ ਨਰਸਰੀ ਐਕਟ, 1961 ਸੋਧਿਆਂ ਬਿੱਲ 2021” ਅਧੀਨ ਰਜਿਸਟਰ ਕਰਨਾ ਜਰੂਰੀ ਹੈ, ਜਿਸ ਤਹਿਤ ਨਰਸਰੀ ਲਾਇਸੰਸ ਦੀ ਮਿਆਦ ਨਿਰਧਾਰਤ ਸਮੇਂ ਲਈ ਹੁੰਦੀ ਹੈ ਅਤੇ ਸਮੱਰਥ ਅਧਿਕਾਰੀ ਪਾਸੋਂ ਸਮੇਂ-ਸਮੇਂ ਤੇ ਰਿਨਿਊ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਫੱਲਦਾਰ ਬੂਟਿਆਂ ਦੀ ਨਰਸਰੀ ਲਈ ਸਿਫਾਰਸ਼ ਕਿਸਮਾ ਦੇ ਨਸਲੀ ਬੂਟਿਆਂ ਦੇ ਮਾਂ-ਬਲਾਕ ਵਿੱਚ ਸੰਘਣੀ ਪ੍ਰਣਾਲੀ ਅਨੁਸਾਰ ਲਗਾਏ ਜਾਂਦੇ ਹਨ। ਅਮਰੂਦ ,ਨਿੰਬੂ , ਕਿੰਨੂ ,ਮਾਲਟੇ ਦੇ ਬੂਟਿਆਂ ਵਿੱਚ 6×3 ਮੀਟਰ, ਆੜੂ ਅਤੇ ਅਲੂਚਾ 6×1.5 ਮੀਟਰ ਜਦੋ ਕਿ ਅੰਬ, ਨਾਸ਼ਪਾਤੀ ਅਤੇ ਲੀਚੀ ਲਈ 6×6 ਮੀਟਰ ਦੇ ਫਾਸਲੇ ਦੀ ਦੂਰੀ ਰੱਖ ਕੇ ਲਗਾਉਣੇ ਪੈਂਦੇ ਹਨ। ਸਦਾਬਹਾਰ ਫਲਦਾਰ ਬੂਟੇ ਫਰਵਰੀ-ਮਾਰਚ ਅਤੇ ਸਤਬੰਰ- ਅਕਤੂਬਰ ਵਿੱਚ ਲਗਾਏ ਜਾਂਦੇ ਹਨ ਅਤੇ ਪਤਝੜੀ ਫਲਦਾਰ ਬੂਟੇ ਨਵਾਂ ਫਟਾਰਾ ਸੁਰੂ ਹੋਣ ਤੋਂ ਪਹਿਲਾ ਜਨਵਰੀ-ਫਰਵਰੀ ਵਿੱਚ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਨਰਸਰੀ ਦੀ ਸਥਾਪਨਾ ਲਈ ਉਚਿਤ ਲੈਬਲਿੰਗ ਅਤੇ ਨਰਸਰੀ ਰਿਕਾਰਡ (ਮਾਂ-ਬਲਾਕ), ਜੜ੍ਹਮੁੱਢ ਬਲਾਕ ਦਾ ਸਹੀ ਰਿਕਾਰਡ ਅਤੇ ਲੱਗੇ ਬੂਟਿਆਂ ਦੇ ਅਸਲੀ ਸਰੋਤ, ਨਰਸਰੀ ਪਾਲਣ ਰਜ਼ਿਸਟਰ , ਨਰਸਰੀ ਵਿਕਰੀ ਰਜ਼ਿਸਟਰ ਆਦਿ ਦੇ ਦਸਤਾਵੇਜਾਂ ਦੇ ਰਿਕਾਰਡ ਨੂੰ ਸੰਭਾਲ ਕੇ ਰੱਖਣ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਪਿਉਂਦੀ ਬੂਟਿਆਂ ਦੀ ਲੇਬਲਿੰਗ, ਬੂਟਿਆਂ ਵਿੱਚ ਇਕਸਾਰਤਾ ਅਤੇ ਘੱਟ ਤੋਂ ਘੱਟ ਤਿੰਨ ਮਹੀਨਿਆਂ ਲਈ ਬੂਟਿਆਂ ਨੂੰ ਪਿਉਂਦ ਤੋਂ ਬਾਅਦ ਨਰਸਰੀ ਵਿੱਚ ਰੱਖਣਾ ਜਰੂਰੀ ਹੁੰਦਾ ਹੈ।
ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਨਰਸਰੀ ਲਈ ਉਚਿਤ ਜਗ੍ਹਾ ਦੀ ਚੋਣ, ਢੁਕਵਾਂ ਜਲਵਾਯੂ, ਲੋੜੀਦੀਂ ਧੁੱਪ, ਸਿੰਚਾਈ ਸਹੂਲਤਾ ਅਤੇ ਮਿੱਟੀ ਦੀ ਬਣਤਰ/ ਉਪਜਾਉ ਸਕਤੀ ਆਦਿ ਨੂੰ ਧਿਆਨ ਵਿੱਚ ਰੱਖ ਕੇ ਨਰਸਰੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਡਿਆਲੀ ਤਾਰ, ਵਰਕਿੰਗ ਪਲੇਟਫਾਰਮ /ਵਰਕ ਸੈਡ,ਸੈਡ ਹਾਉਸ, ਨੈੱਟ ਹਾਉਸ/ਸਕਰੀਨ ਹਾਉਸ, ਲਿਫਾਫੇ ਭਰਨ ਦਾ ਮਿਸ਼ਰਨ ਰੂਟ ਟ੍ਰੇਨਰ /ਪੋਲੀਥੀਨ ਬੈਂਗ, ਨਰਸਰੀ ਸੰਦ, ਬਡਿੰਗ/ ਗਰਾਫਟਿੰਗ ਸੰਦ, ਬਿਜਲੀ ਅਤੇ ਸਟੋਰੇਜ ਦੀ ਸਹੂਲਤ ਦਾ ਹੋਣਾ ਬਹੁਤ ਲਾਜਮੀ ਹੈ। ਮਾਦਾ ਬਲਾਕ ਵਿੱਚ ਲੱਗੇ ਬੂਟਿਆਂ ਤੇ ਕੀੜੇ–ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਮੁਕਤ ਹੋਣੇ ਚਾਹੀਦੇ ਹਨ। ਵੱਖ-ਵੱਖ ਫਲਦਾਰ ਬੂਟਿਆਂ ਲਈ ਜੜ੍ਹਮੁੱਢ ਬਲਾਕ ਅਤੇ ਸਿਫਾਰਸ਼ ਕੀਤੇ ਜੜ੍ਹਮੁੱਢ ਉਗਾਉਣ ਦੀ ਸਿਫਾਰਸ ਕੀਤੀ ਜਾਂਦੀ ਹੈ ਤਾਂ ਕਿ ਇਹਨਾਂ ਦੀ ਪਿਉਂਦ ਲਈ ਕੁਦਰਤੀ ਹਵਾਦਾਰ ਪੌਲੀ –ਹਾਊਂਸ ਦੀ ਵਰਤੋਂ ਕਰਕੇ ਬੂਟਿਆਂ ਨੂੰ ਖੇਤ ਦੀਆਂ ਸਥਿਤੀਆਂ ਦੇ ਅਨੁਕੂਲ ਬਣਾ ਕੇ ਬਾਗਬਾਨਾਂ ਨੂੰ ਮਿਆਰੀ ਕਿਸਮ ਦੇ ਫਲਦਾਰ ਬੂਟੇ ਸਰਕਾਰੀ ਰੇਟ ਤੇ ਵੇਚੇ ਜਾ ਸਕਣ । ਇਸ ਸਬੰਧੀ ਵਧੇਰੇ ਤਕਨੀਕੀ ਜਾਣਕਾਰੀ ਲਈ ਜਿਲ੍ਹੇ ਦੇ ਡਿਪਟੀ ਡਾਇਰੈਕਟਰ /ਸਹਾਇਕ ਡਾਇਰੈਕਟਰ ਬਾਗਬਾਨੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।