ਦਲਜੀਤ ਕੌਰ
ਸੰਗਰੂਰ, 6 ਸਤੰਬਰ, 2023: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰਜ, ਡਾਟਾ ਐਂਟਰੀ ਆਪਰੇਟਰਜ ਦੀ ਇੰਡੀਆ ਹਾਈਪਰਟੈਂਸ਼ਨ ਕੰਟਰੌਲ ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਇੱਕ ਰੋਜ਼ਾ ਸਿਖਲਾਈ ਕਰਵਾਈ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਵਿਚ 30 ਸਾਲ ਤੋਂ ਬਾਅਦ ਹਾਈਪਰਟੈਂਸ਼ਨ ਅਤੇ ਡਾਇਬਟੀਜ਼ ਦੀ ਸਮੱਸਿਆ ਹੋਣਾ ਸਾਡੇ ਲਈ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਇਸ ਨੂੰ ਕਾਬੂ ਕਰਨ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਹਾਈਪਰਟੈਂਸ਼ਨ ਤੇ ਡਾਇਬਟੀਜ਼ ਮੁਕਤ ਕਰਨ ਲਈ ਸਿਹਤ ਵਿਭਾਗ ਸੰਗਰੂਰ ਵੱਲੋਂ ਆਈਐੱਚਸੀਆਈ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹਾਈਪਰਟੈਂਸ਼ਨ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਤੇ ਡਾਈਟ ਰਾਹੀਂ ਤੰਦਰੁਸਤ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਨੂੰ ਆਈਐੱਚਸੀਆਈ ਪ੍ਰੋਗਰਾਮ ਤਹਿਤ ਆਨਲਾਈਨ ਰਜਿਸਟਰ ਵੀ ਕੀਤੇ ਜਾਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਹਰ ਚਾਰ ਵਿਅਕਤੀਆਂ ਵਿਚੋਂ ਇਕ ਵਿਅਕਤੀ ਹਾਈ ਬਲੱਡ ਪਰੈਸ਼ਰ ਅਤੇ ਡਾਇਬਟੀਜ਼ ਦਾ ਮਰੀਜ਼ ਹੈ।
ਇਸ ਮੌਕੇ ਇੰਡੀਅਨ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਪੋ੍ਗਰਾਮ ਬਾਰੇ ਡਬਲਯੂਐੱਚਓ ਤੋਂ ਡਾ. ਬਿਦੀਸ਼ਾ ਦਾਸ ਨੇ ਵਿਸਥਾਰ ਨਾਲ ਆਈ ਐਚ ਸੀ ਆਈ ਪ੍ਰੋਗਰਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਇਲਾਜ ਸਬੰਧੀ ਸਾਰੇ ਨੁਕਤਿਆਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਦੀਪਕ ਕੁਮਾਰ ਡੀ.ਸੀ.ਐੱਮ, ਸਰੋਜ ਰਾਣੀ ਡਿਪਟੀ ਮਾਸ ਮੀਡੀਆ ਅਫਸਰ, ਮਨਪ੍ਰੀਤ ਕੌਰ ਐੱਸ. ਟੀ. ਐੱਸ. ਵੀ ਹਾਜ਼ਰ ਸਨ।