ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਅਤੇ ਮੋਢੀ ਹੋਣ ਦੇ ਨਾਲ ਨਾਲ ਉੱਚ ਕੋਟੀ ਦੇ ਵਿਦਵਾਨ,ਵਿਗਿਆਨੀ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਹੋਏ ਹਨ, ਜਿਹਨਾਂ ਨੇ ਆਪਣੀ ਬਾਣੀ ਰਾਹੀਂ ਸਦੀਆਂ ਤੋਂ ਵਹਿਮਾਂ ਭਰਮਾਂ, ਅੰਧ ਵਿਸ਼ਵਾਸ਼ਾਂ ਅਤੇ ਰੂੜ੍ਹੀਵਾਦੀ ਸੋਚ ਨਾਲ ਘਿਰੇ ਹੋਏ ਲੋਕਾਂ ਵਿੱਚ ਗਿਆਨ ਦੀ ਜੋਤ ਜਗਾ ਕੇ ਵਿਗਿਆਨਕ ਅਤੇ ਤਰਕਸ਼ੀਲ ਸੋਚ ਦਾ ਨਿਰਮਾਣ ਕੀਤਾ।
ਕੁਦਰਤੀ ਵਰਤਾਰਿਆਂ ਅਤੇ ਸੂਰਜ,ਚੰਨ, ਤਾਰਿਆਂ ਦੇ ਨਾਲ-ਨਾਲ ਸਮੁੱਚੇ ਬ੍ਰਹਿਮੰਡ ਬਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟਾਵੇ ਵਿਚਾਰ ਅਲਬਰਟ ਆਈਨਸਟਾਈਨ ਵਰਗੇ ਦੁਨੀਆਂ ਦੇ ਮਹਾਨ ਵਿਗਿਆਨੀਆਂ ਲਈ ਵੀ ਮਾਰਗਦਰਸ਼ਕ ਸਾਬਿਤ ਹੋਏ ਹਨ। ਅਮਰੀਕਾ ਦੀ ਪੁਲਾੜ ਖੋਜ ਏਜੰਸੀ ਨਾਸਾ ਅੱਜ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਆਧਾਰ ਮੰਨ ਕੇ ਬ੍ਰਹਿਮੰਡ ਦੀ ਉਤਪਤੀ ਦੇ ਰਾਜ ਲੱਭਣ ਦੇ ਕਾਰਜ ਵਿੱਚ ਯਤਨਸ਼ੀਲ ਹੈ।
ਜਿਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਉਸ ਸਮੇਂ ਸਮਾਜ ਵਿੱਚ ਜਾਤ ਪਾਤ,ਊਚ ਨੀਚ, ਭੇਦਭਾਵ ਅਤੇ ਜ਼ੁਲਮ ਦਾ ਬੋਲਬਾਲਾ ਸੀ। ਆਪਣੀ ਬਾਣੀ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ,ਮਲਿਕ ਭਾਗੋ ਅਤੇ ਬਾਬਰ ਵਰਗੇ ਜ਼ਾਲਮਾਂ ਨੂੰ ਮਾਨਵਤਾ ਦੇ ਮਾਰਗ ਦਰਸ਼ਨ ਤੇ ਤੋਰਿਆ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ , ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਅਤੇ ਅਕਾਲ ਪੁਰਖ ਦਾ ਭਾਣਾ ਹੱਸ ਕੇ ਮੰਨਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਨਾਨਕ ਸਾਹਿਬ ਬਚਪਨ ਤੋਂ ਹੀ ਮਦਦ ਅਤੇ ਦਿਆਲੂਤਾ ਦੇ ਪ੍ਰਤੀਕ ਹਨ।ਇੱਕ ਵਾਰੀ ਜਦੋਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਵੀਹ ਰੁਪਏ ਦੇ ਕੇ ਸੌਂਦਾ ਜਾਂ ਵਪਾਰ ਕਰਨ ਲਈ ਭੇਜਿਆ ਤਾਂ ਉਹਨਾਂ ਨੇ ਰਾਹ ਵਿੱਚ ਜਾਂਦਿਆਂ ਭੁੱਖੇ ਸਾਧੂਆਂ ਨੂੰ ਵੀਹ ਰੁਪਏ ਦਾ ਲੰਗਰ ਛਕਾ ਕੇ ਸੱਚੇ ਸੌਦੇ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਆਪ ਵੀ ਹੱਥੀਂ ਕਿਰਤ ਕਰਦੇ ਸਨ???। ਆਪਣੇ ਅੰਤਿਮ ਸਮੇਂ ਵਿੱਚ ਕਰਤਾਰ ਰਹਿੰਦਿਆਂ ਖੇਤੀਬਾੜੀ ਕੀਤੀ,ਇਸੇ ਲਈ ਹੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ ਕਿ ਬਾਬਾ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਪੰਜਾਬ ਪੂਰੀ ਦੁਨੀਆ ਦਾ ਪੇਟ ਪਾਲ ਰਹੀ ਹੈ।
ਗੂਰੂ ਨਾਨਕ ਦੇਵ ਜੀ ਇੱਕ ਮਹਾਨ ਸਮਾਜ ਸੁਧਾਰਕ ਵੀ ਹੋਏ ਹਨ।ਔਰਤ ਨੂੰ ਸਦੀਆਂ ਤੋਂ ਹੀ ਆਦਮੀ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ।ਔਰਤ ਬਾਲ ਵਿਆਹ,ਸਤੀ ਪ੍ਰਥਾ,ਦਾਸ ਪ੍ਰਥਾ,ਪਰਦਾ ਪਾਉਣ ਅਤੇ ਸ਼ਰੀਰਕ ਸ਼ੋਸ਼ਣ ਵਰਗੀਆਂ ਕੁਰੀਤੀਆਂ ਨਾਲ ਜੂਝ ਰਹੀ ਸੀ। ਗੁਰੂ ਸਾਹਿਬ ਨੇ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੰਦੇ ਹੋਏ ਕਿਹਾ ਕਿ ਸੋ ਕਿਉਂ ਮੰਦਾ ਆਖੀਏ,ਜਿਤੁ ਜੰਮਹਿ ਰਾਜਾਨ ਭਾਵ ਜਿਸ ਔਰਤ ਦੀ ਕੁੱਖੋਂ ਰਾਜੇ , ਮਹਾਰਾਜਿਆਂ ਅਤੇ ਪੀਰ ਪੈਗੰਬਰ ਜਨਮ ਲੈਂਦੇ ਹਨ ਉਸ ਨੂੰ ਮਾੜਾ ਕਿਉਂ ਆਖਿਆ ਜਾਵੇ।
ਗੁਰੂ ਨਾਨਕ ਦੇਵ ਜੀ ਦੁਆਰਾ ਉੱਤਰ ,ਦੱਖਣ,ਪੂਰਬ ਅਤੇ ਪੱਛਮ ਵਿੱਚ ਕੀਤੀਆਂ ਚਾਰ ਉਦਾਸੀਆਂ ਸਮਾਜ ਵਿੱਚ ਫੈਲੇ ਅੰਧਕਾਰ, ਕਰਮਕਾਂਡਾਂ,ਧਰਮ ਦੇ ਨਾਂ ਤੇ ਵਪਾਰ ਕਰ ਰਹੇ ਝੂਠੇ ਪਾਖੰਡੀਆਂ ਨੂੰ ਸਹੀ ਮਾਰਗਦਰਸ਼ਨ ਕਰਨ ਅਤੇ ਸਮਾਜ ਵਿੱਚ ਫੈਲੀਆਂ ਅਸਮਾਨਤਾਵਾਂ ਨੂੰ ਮਿਟਾਉਣ ਵਿੱਚ ਮਹੱਤਵਪੂਰਨ ਸਾਬਿਤ ਹੋਈਆਂ।
ਗੁਰੂ ਨਾਨਕ ਸਾਹਿਬ ਦੁਆਰਾ ਫੈਲਾਏ ਗਿਆਨ ਦੀ ਜੋਤ ਨੇ ਸਦੀਆਂ ਤੋਂ ਫ਼ੈਲੇ ਅੰਧਕਾਰ ਨੂੰ ਮਿਟਾਇਆ ਪਰ ਅਮਲਾਂ ਤੋਂ ਬਗੈਰ ਗਿਆਨ ਭਾਰ ਹੈ। ਜਿਸ ਤਰ੍ਹਾਂ ਗਧੇ ਉੱਪਰ ਚਾਰੇ ਵੇਦ ਲੱਦ ਦੇਈਏ ਤਾਂ ਉਹ ਵਿਦਵਾਨ ਨਹੀਂ ਬਣ ਜਾਂਦਾ ਉਸੇ ਤਰ੍ਹਾਂ ਹੀ ਗਿਆਨ ਪ੍ਰਾਪਤ ਕਰਨ ਦਾ ਉਹਨਾਂ ਸਮਾਂ ਕੋਈ ਫਾਇਦਾ ਨਹੀਂ ਜਿਹਨਾਂ ਸਮਾਂ ਉਸ ਤੇ ਅਮਲ ਨਹੀਂ ਕੀਤਾ ਜਾਂਦਾ। ਅੱਜ ਸਮੁੱਚੀ ਮਾਨਵਤਾ ਨੂੰ ਲੋੜ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਅਮਲ ਕਰਦੇ ਹੋਏ ਉਹਨਾਂ ਦੁਆਰਾ ਦੱਸੇ ਮਾਰਗ ਤੇ ਚੱਲਣ ਦੀ ਤਾਂ ਜ਼ੋ ਸਮਾਜਿਕ ਕੁਰੀਤੀਆਂ, ਆਪਸੀ ਭੇਦਭਾਵ, ਜਾਤ ਪਾਤ ਅਤੇ ਫਿਰਕਾਪ੍ਰਸਤੀ ਦੀ ਅੱਗ ਮਿਟਾਕੇ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਰੌਸ਼ਨ ਕੀਤਾ ਜਾ ਸਕੇ।
ਮਾਨਵਤਾ ਲਈ ਮਾਰਗ ਦਰਸ਼ਕ ਹੈ ਗੁਰੂ ਨਾਨਕ ਦੀ ਬਾਣੀ
previous post