ਸੰਨ 1948 ਵਿੱਚ 13 ਬੱਸਾਂ ਨਾਲ ਮੇਰੀ ਯਾਨੀ ਕਿ ਪੰਜਾਬ ਰੋਡਵੇਜ਼ ਦੀ ਸ਼ੁਰੂਆਤ ਹੋਈ ਸੀ ਤੇ ਸੰਨ 1985 ਵਿੱਚ ਮੇਰੇ ਕੋਲ ਸੱਭ ਤੋਂ ਵੱਧ 2407 ਬੱਸਾਂ ਦਾ ਬੇੜਾ ਸੀ। ਉਨ੍ਹਾਂ ਦਿਨਾਂ ਵਿੱਚ ਮੇਰੀ ਪੂਰੀ ਚੜ੍ਹਤ ਸੀ ਅਤੇ ਕਲਾਕਾਰ ਆਪਣੇ ਗੀਤਾਂ ਵਿੱਚ ਮੈਨੂੰ ਲਾਰੀ ਆਖ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਸਨ। ਪਹਿਲਾਂ ਇੱਕ ਮਸ਼ਹੂਰ ਦੋਗਾਣਾ ਜੋੜੀ ਨੇ ‘ਆ ਗਈ ਰੋਡਵੇਜ ਦੀ ਲਾਰੀ’ ਗੀਤ ਗਾਇਆ। ਫੇਰ ਉਸੇ ਗੀਤ ਨੂੰ ਇੱਕ ਗਰੀਬ ਘਰ ਦਾ ਮੁੰਡਾ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ਵਿੱਚ ਗਾ ਕੇ ਮਸ਼ਹੂਰ ਹੋ ਗਿਆ। ਦੇਸ਼ਾਂ ਵਿਦੇਸ਼ਾਂ ਵਿੱਚ ਉਸ ਨੇ ਮੇਰਾ ਨਾਮ ਚਮਕਾਇਆ। ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ। ਮੈਂ ਵੀ ਉਸ ਦਾ ਕਰਜ਼ ਨਾ ਰੱਖਿਆ, ਉਸ ਨੂੰ ਕੁੱਲੀਆਂ ਵਿੱਚੋਂ ਕੱਢ ਕੇ ਰਾਜਿਆਂ ਵਾਂਗ ਮਹਿਲਾਂ ਦਾ ਮਾਲਕ ਬਣਾ ਦਿੱਤਾ। ਮੇਰੇ ਲਈ ਉਹ ਸਮਾਂ ਬੜਾ ਉੱਤਮ ਸੀ। ਸੰਨ 1997-98 ਵਿੱਚ ਸਭ ਤੋਂ ਵੱਧ 534 ਬੱਸਾਂ ਮੇਰੇ ਬੇੜੇ ਲਈ ਖਰੀਦੀਆਂ ਗਈਆਂ ਪਰ ਉਸ ਤੋਂ ਬਾਅਦ ਟਰਾਂਸਪੋਟਰ ਸਰਕਾਰਾਂ ਚਲਾਉਣ ਲੱਗ ਪਏ ਅਤੇ ਮੈਨੂੰ ਅਪਣੀ ਰਖੇਲ ਬਣਾ ਲਿਆ।
ਹੌਲੀ ਹੌਲੀ ਮੇਰੀ ਹਾਲਤ ਖਰਾਬ ਹੁੰਦੀ ਗਈ। ਹੁਣ ਸਰਕਾਰ ਵੱਲੋਂ ਔਰਤਾਂ ਰਾਹੀਂ ਮੇਰੇ ਵਿੱਚ ਅਤੇ ਮੇਰੀ ਘੋੜੇ ਵਾਲੀ ਭੈਣ (PRTC) ਵਿੱਚ ਮੁਫ਼ਤ ਸਫ਼ਰ ਦਾ ਫੈਸਲਾ ਲਿਆ ਗਿਆ ਹੈ। ਇਹ ਮੁਫ਼ਤ ਸਫ਼ਰ ਸਿਰਫ਼ ਆਮ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡਵੇਜ਼ ਦੀਆਂ ਬੱਸਾਂ ਵਿੱਚ ਹੀ ਲਾਗੂ ਹੋਵੇਗਾ। ਏਸੀ ਬੱਸਾਂ, ਵਾਲਵੋ ਬੱਸਾਂ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਏਗਾ। ਸਰਕਾਰੀ ਬੱਸਾਂ ਦੀ ਨਵੀਂ ਖਰੀਦ ਕੀਤਿਆਂ ਇੱਕ ਅਰਸਾ ਹੋ ਗਿਆ ਹੈ। ਪੁਰਾਣੀਆਂ ਹੋ ਚੁੱਕੀਆਂ ਬੱਸਾਂ ਵਿੱਚ ਹੁਣ ਜਦੋਂ ਜ਼ਿਆਦਾਤਰ ਮੁਫ਼ਤ ਸਫ਼ਰ ਕਰਨ ਵਾਲੇ ਹੋਣਗੇ ਤਾਂ ਮੇਰਾ ਮੁਨਾਫ਼ੇ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਲੋਕ ਦੋਸ਼ੀ ਮੈਨੂੰ ਹੀ ਕਹਿਣਗੇ। ਮਹਿੰਗੇ ਡੀਜ਼ਲ ਨਾਲ ਮੇਰੀ ਇਹ ਸੇਵਾ ਕਿੰਨਾ ਚਿਰ ਚਲੂੰਗੀ? ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਮੈਨੂੰ ਡਰ ਹੈ ਕਿ ਆਉਣ ਵਾਲੀਆਂ ਸਰਕਾਰਾਂ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਦਬਾਅ ਹੇਠ ਆ ਕੇ ਮੈਨੂੰ ਖ਼ਜ਼ਾਨੇ ਤੇ ਬੋਝ ਸਮਝ ਕੇ ਨਿਲਾਮ ਹੀ ਨਾ ਕਰ ਦੇਣ। ਅਰਦਾਸ ਕਰਿਓ ਭਵਿੱਖ ਵਿੱਚ ਮੈਂ ਆਪਣੀ ਅਤੇ ਅਪਣੇ ਮੁਲਾਜ਼ਮਾਂ ਦੀ ਹੋਂਦ ਬਚਾ ਸਕਾਂ ਅਤੇ ਤੁਹਾਡੀ ਸੇਵਾ ਇਸੇ ਤਰ੍ਹਾਂ ਕਰਦੀ ਰਹਾਂ।
ਤੁਹਾਡੀ ਆਪਣੀ: ਪੰਜਾਬ ਰੋਡਵੇਜ਼