ਕੁਝ ਦਿਨ ਪਹਿਲਾਂ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਇਕ ਪ੍ਰਮੁੱਖ ਕਾਲਜ ਦੇ ਹੋਣਹਾਰ ਨੌਜਵਾਨ ਐਡਹਾਕ ਅਧਿਆਪਕ ਨੇ ਖ਼ੁਦਕੁਸ਼ੀ ਕਰ ਲਈ। ਇਸ ਗੱਲ ਦੇ ਆਸਾਰ ਹਨ ਕਿ ਅਕਾਦਮਿਕ ਨੌਕਰਸ਼ਾਹੀ ਅਧਿਆਪਕ ਦੀ ਮੌਤ ’ਤੇ ਰਸਮੀ ਸੋਗ ਸੁਨੇਹਾ ਭੇਜਣ ਤੋਂ ਇਲਾਵਾ ਇਮਾਨਦਾਰੀ ਨਾਲ ਅੰਤਰ-ਝਾਤ ਨਹੀਂ ਮਾਰੇਗੀ ਜਾਂ ਇਹ ਗੱਲ ਸਮਝ ਤੇ ਪ੍ਰਵਾਨ ਨਹੀਂ ਕਰ ਸਕੇਗੀ ਕਿ ਅਸਲ ਵਿਚ ਇਹ ਸੰਸਥਾਈ ਦੁਰਭਾਵ ਹੀ ਹੈ ਜੋ ਐਡਹਾਕ ਅਧਿਆਪਕਾਂ ਨੂੰ ਦਿਨੋ-ਦਿਨ ਨਿਰਾਸ਼ ਅਤੇ ਮਾਯੂਸ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨਿਰੰਤਰ ਅਸੁਰੱਖਿਆ ਅਤੇ ਨੌਕਰੀ ਖੁੱਸਣ ਦੇ ਡਰ ਤੇ ਬੇਚੈਨੀ ਦੇ ਮਾਹੌਲ ਵਿਚ ਜੀਣ ਲਈ ਮਜਬੂਰ ਕਰਦੀ ਰਹਿੰਦੀ ਹੈ। ਦਰਅਸਲ ਸਾਡੀਆਂ ਯੂਨੀਵਰਸਿਟੀਆਂ ਨੂੰ ਚਲਾਉਣ ਲਈ ਸਿਆਸੀ ਤੌਰ ’ਤੇ ਥਾਪੇ ਗਏ ਟੈਕਨੋ-ਮੈਨੇਜਰ ਆਮ ਤੌਰ ’ਤੇ ‘ਨਵੀਂ ਸਿੱਖਿਆ ਨੀਤੀ’ ਦਾ ਗੁਣਗਾਨ ਕਰਨ, ਖੁਸ਼ ਰਹਿਣ ਦੀ ਕਲਾ ਜਿਹੇ ਕੋਰਸ ਸ਼ੁਰੂ ਕਰਨ ਜਾਂ ਹੋਰ ਠੋਸ ਰੂਪ ਵਿਚ ਕਿਹਾ ਜਾਵੇ ਤਾਂ ਡੀਯੂ ਦੇ ਸ਼ਤਾਬਦੀ ਸਾਲ ਦੇ ਸਮਾਗਮ ਕਰਨ ਵਿਚ ਮਸ਼ਗੂਲ ਰਹਿੰਦੇ ਹਨ। ਫਿਰ ਕਿਸੇ ਨੌਜਵਾਨ ਕਾਲਜ ਅਧਿਆਪਕ ਦੀ ਮੌਤ ’ਤੇ ਅੱਥਰੂ ਵਹਾਉਣ ਦਾ ਸਮਾਂ ਕੀਹਦੇ ਕੋਲ ਹੈ- ਖ਼ਾਸਕਰ ਉਸ ਸਮੇਂ ਜਦੋਂ ਅਜਿਹੀ ਖ਼ਬਰ ਸੁਣ ਕੇ ਸਬੰਧਿਤ ਕਾਲਜ ਦੇ ਵਿਦਿਆਰਥੀਆਂ ਨੂੰ ਇੰਨਾ ਵੀ ਖਿਆਲ ਨਹੀਂ ਹੈ ਕਿ ਫੈਸਟੀਵਲ ਹੀ ਰੱਦ ਕਰ ਦਿੱਤਾ ਜਾਵੇ।
ਖ਼ੈਰ, ਇਸ ਸਿਆਹ ਕਾਲ ਵਿਚ ਪ੍ਰਕਾਸ਼ਨਾਂ, ਕਾਨਫਰੰਸਾਂ ਅਤੇ ਪੁਰਸਕਾਰਾਂ ਦੀ ‘ਨੁਮਾਇਸ਼’ ਲਾ ਕੇ ਅਤੇ ਸਿਆਸੀ ਨਿਜ਼ਾਮ ਨੂੰ ‘ਖ਼ੁਸ਼’ ਰੱਖਣ ਤੇ ਸੰਸਥਾ ਦੀ ਰੈਂਕਿੰਗ ਤੇ ਬ੍ਰਾਂਡਿੰਗ ਨੂੰ ਛੱਡ ਕੇ ਹੋਰ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ। ਫਿਰ ਵੀ ਅਧਿਆਪਨ ਦੇ ਕਿੱਤੇ ਨਾਲ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਅੱਗੇ ਵਧ ਕੇ ਸਮਝਣਾ ਪਵੇਗਾ ਕਿ ਜੇ ਅਸੀਂ ਐਡਹਾਕ ਅਧਿਆਪਕਾਂ ਦੇ ਭਵਿੱਖ ਨਾਲ ਇੰਝ ਹੀ ਖਿਲਵਾੜ ਕਰਦੇ ਰਹੇ ਤਾਂ ਖ਼ੁਦਕੁਸ਼ੀ ਦੀ ਇਸ ਘਟਨਾ ਤੋਂ ਉਜਾਗਰ ਹੋਈ ਮਾਨਸਿਕ ਤੇ ਹੋਂਦ ਬਚਾਈ ਰੱਖਣ ਜਿਹੀ ਪੀੜਾ ਤੋਂ ਬਚਣ ਦਾ ਕੋਈ ਰਾਹ ਨਹੀਂ ਬਚੇਗਾ। ਡੀਯੂ ਦੇ ਕਾਲਜਾਂ ਵੱਲ ਚੱਕਰ ਮਾਰ ਕੇ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਅਦਾਰੇ ਹਜ਼ਾਰਾਂ ਐਡਹਾਕ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਅਕਾਦਮਿਕ ਪ੍ਰਬੀਨਤਾ ਦੀ ਬਦੌਲਤ ਚੱਲ ਰਹੇ ਹਨ। ਇਨ੍ਹਾਂ ’ਚੋਂ ਕੁਝ ਤਾਂ 15-15 ਸਾਲਾਂ ਤੋਂ ਐਡਹਾਕ ਟੀਚਰ ਵਜੋਂ ਇਸ ਆਸ ਨਾਲ ਕੰਮ ਕਰ ਰਹੇ ਹਨ ਕਿ ਇਕ ਦਿਨ ਨੂੰ ਉਨ੍ਹਾਂ ਰੈਗੂਲਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਗੱਲ ਕਰਨ ’ਤੇ ਤੁਹਾਡਾ ਦਿਲ ਭਾਰੀ ਹੋ ਜਾਂਦਾ ਹੈ ਤੇ ਤੁਹਾਨੂੰ ਉਨ੍ਹਾਂ ਦੀ ਬੇਚੈਨੀ, ਅਸੁਰੱਖਿਆ, ਡਰ ਤੇ ਜ਼ਲਾਲਤ ਦੇ ਬੋਝ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਦਰਅਸਲ, ਦਰਜਾਬੰਦੀ ਤੇ ਅਸਾਵੇਂ ਸਿਸਟਮ ਅੰਦਰ ਇਕੋ ਜਿਹੇ ਕੋਰਸ ਪੜ੍ਹਾ ਰਹੇ ਅਤੇ ਹੋਰਨਾਂ ਸਰਗਰਮੀਆਂ ਵਿਚ ਬਰਾਬਰ ਹਿੱਸਾ ਲੈ ਰਹੇ ਐਡਹਾਕ ਟੀਚਰਾਂ ਜਾਂ ਗੈਸਟ ਲੈਕਚਰਾਰਾਂ ਨੂੰ ਰੈਗੂਲਰ ਅਧਿਆਪਕਾਂ ਦੇ ਸਮਾਨ ਨਹੀਂ ਸਮਝਿਆ ਜਾਂਦਾ। ਇਹ ‘ਬੇਗਾਨਗੀ’ ਉਨ੍ਹਾਂ ਨੂੰ ਚੁਭਦੀ ਰਹਿੰਦੀ ਹੈ।
ਆਪਣੇ ਪਾਠਕਾਂ ਨਾਲ ਇਕ ਐਡਹਾਕ ਅਧਿਆਪਕ ਦਾ ਦੁੱਖ ਸਾਂਝਾ ਕਰ ਰਿਹਾ ਹਾਂ ਜਿਸ ਦਾ ਕਹਿਣਾ ਸੀ: “ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਮੈਨੂੰ ਅੰਦਰੋ-ਅੰਦਰੀ ਖਾ ਰਿਹਾ ਹੈ। ਇਸ ਗੱਲ ਦਾ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਕੀ ਹਰ ਰੋਜ਼ ਜਦੋਂ ਮੈਂ ਕਾਲਜ ਵਿਚ ਦਾਖ਼ਲ ਹੁੰਦਾ ਹਾਂ ਅਤੇ ਸਿਲੇਬਸ ਦੀ ਸਮੱਗਰੀ ਪੜ੍ਹਾਉਣ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਾ ਹਾਂ ਤਾਂ ਮੈਨੂੰ ਆਪਣੀ ਵੁੱਕਤ ਸਿੱਧ ਕਰਨੀ ਪੈਂਦੀ ਹੈ।” ਇਸੇ ਤਰ੍ਹਾਂ ਡੀਯੂ ਦੇ ਇਕ ਉਚ ਦਰਜਾ ਪ੍ਰਾਪਤ ਕਾਲਜ ਦੇ ਇਕ ਹੋਰ ਐਡਹਾਕ ਟੀਚਰ ਨੇ ਆਪਣੀ ਖਿਝ ਜਤਾਉਂਦਿਆਂ ਕਿਹਾ, “ਵਿਭਾਗ ਵਿਚ ਰੈਗੂਲਰ ਅਤੇ ਐਡਹਾਕ ਅਧਿਆਪਕਾਂ ਵਿਚਕਾਰ ਵੰਡ ਸਾਫ਼ ਤੌਰ ’ਤੇ ਨਜ਼ਰ ਆਉਂਦੀ ਹੈ। ਰੈਗੂਲਰ ਅਧਿਆਪਕ ਬਹੁਤ ਹੀ ਨਫ਼ੀਸ ਤੇ ਗੁੱਝੇ ਢੰਗ ਨਾਲ ਤੁਹਾਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਤੁਸੀਂ ਉਨ੍ਹਾਂ ਦੇ ‘ਬਰਾਬਰ’ ਨਹੀਂ ਹੋ ਅਤੇ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਹੀ ਪੈਂਦੀਆਂ ਹਨ।”
ਹਾਲਾਂਕਿ ਐਤਕੀਂ ਡੀਯੂ ਪ੍ਰਸ਼ਾਸਨ ਨੇ ਖਾਲੀ ਅਸਾਮੀਆਂ ਭਰਨ ਦਾ ਫ਼ੈਸਲਾ ਕੀਤਾ ਸੀ ਅਤੇ ਐਡਹਾਕ ਅਧਿਆਪਕ ਰੈਗੂਲਰ ਅਸਾਮੀਆਂ ਲਈ ਅਰਜ਼ੀਆਂ ਦੇ ਰਹੇ ਹਨ ਤੇ ਉਨ੍ਹਾਂ ਨੂੰ ਆਸਾਂ ਹਨ ਕਿ ਉਨ੍ਹਾਂ ਦੇ ਅਧਿਆਪਨ, ਖੋਜ ਤੇ ਯੂਨੀਵਰਸਿਟੀ ਲਈ ਕੀਤੀ ਸੇਵਾ ਦੇ ਤਜਰਬੇ ਨੂੰ ਉਨ੍ਹਾਂ ਦੀ ਚੋਣ ਸਮੇਂ ਗਿਣਿਆ ਜਾਵੇਗਾ। ਫਿਲਾਸਫ਼ੀ ਦਾ ਅਧਿਆਪਕ ਸਮਰਵੀਰ ਸਿੰਘ ਜੋ ਸਾਥੋਂ ਹੁਣ ਵਿਛੜ ਗਿਆ ਹੈ, ਨੇ ਵੀ ਅਜਿਹੀਆਂ ਆਸਾਂ ਲਾਈਆਂ ਸਨ ਪਰ ਉਹ ਰੱਦ ਕਰ ਦਿੱਤੇ ਜਾਣ ਅਤੇ ਨੌਕਰੀ ਗੁਆ ਲੈਣ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ। ਇਹ ਠੀਕ ਹੈ ਕਿ ਹਰ ਕੋਈ ਇਸ ਕਿਸਮ ਦਾ ਸਿਰੇ ਦਾ ਕਦਮ ਨਹੀਂ ਉਠਾ ਸਕਦਾ ਪਰ ਫਿਰ ਕੁਝ ਕੁ ਅਪਵਾਦਾਂ ਨੂੰ ਛੱਡ ਕੇ ਐਡਹਾਕ ਟੀਚਰਾਂ ਦੀਆਂ ਅਰਜ਼ੀਆਂ ਸਿਲੈਕਸ਼ਨ ਕਮੇਟੀ ਵਲੋਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਕਈ ਕਈ ਸਾਲਾਂ ਤੱਕ ਸੰਸਥਾ ਦੀ ਸੇਵਾ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਨੌਕਰੀਆਂ ਖੋਹ ਲਈਆਂ ਜਾਂਦੀਆਂ ਹਨ, ਤਾਂ ਸਾਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਅਤੇ ਉਮੀਦਵਾਰਾਂ ਦੀ ਇੰਟਰਵਿਊ ਦੇ ਨਾਂ ’ਤੇ ਚੱਲ ਰਹੇ ਇਸ ਕੋਝੇ ਮਜ਼ਾਕ ਨੂੰ ਬੇਪਰਦ ਕਰਨਾ ਚਾਹੀਦਾ ਹੈ।
ਅਧਿਆਪਨ/ਖੋਜ ਦੇ ਤਿੰਨ ਦਹਾਕਿਆਂ ਤੋਂ ਲੰਮੇ ਤਜਰਬੇ ਸਹਿਤ ਸੇਵਾਮੁਕਤ ਅਧਿਆਪਕ ਹੋਣ ਦੇ ਨਾਤੇ ਮੈਨੂੰ ਇਹ ਗੱਲ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਸਾਡੇ ’ਚੋਂ ਬਹੁਤੇ ‘ਮਾਹਿਰ’ ਦੂਜੇ ਦੀ ਗੱਲ ਸੁਣਨ ਅਤੇ ਕਿਸੇ ਨੌਜਵਾਨ ਉਮੀਦਵਾਰ ਦੀ ਖਾਸ ਖੋਜੀ ਬਿਰਤੀ ਜਾਂ ਸੰਭਾਵੀ ਅਧਿਆਪਕ ਬਣਨ ਦੇ ਅਧਿਆਪਨ ਹੁਨਰ ਨੂੰ ਪਛਾਣਨ ਦੀ ਖੇਚਲ ਹੀ ਨਹੀਂ ਕਰਦੇ। ਅਕਸਰ, ਆਪਣੀ ਤਾਕਤ ਦੇ ਜ਼ੋਰ ’ਤੇ ਕਿਸੇ ਤਰ੍ਹਾਂ ਹੋਰ ਭੈੜ ਕਰ ਕੇ ਅਸੀਂ ਅਕਸਰ ਉਨ੍ਹਾਂ ਤੋਂ ਕੋਈ ਬੇਤੁਕਾ ਜਿਹਾ ਸਵਾਲ ਪੁੱਛ ਕੇ (ਜਿਵੇਂ ਕਿਸੇ ਕੁਇਜ਼ ਮੁਕਾਬਲੇ ਵਿਚ ਹੁੰਦਾ) ਉਨ੍ਹਾਂ ਦੀ ਭਾਵੁਕ ਕਮਜ਼ੋਰੀਆਂ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾ ਦਿੰਦੇ ਹਾਂ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਜਾਂਦਾ; ਤੇ ਇੰਟਰਵਿਊ ਲਈ ਬੁਲਾਏ ਉਮੀਦਵਾਰਾਂ ਦਾ ਸਿਲਸਿਲਾ ਮੁੱਕਣ ਦਾ ਨਾਂ ਨਹੀਂ ਲੈਂਦਾ, ਤੇ ਜੇ ਸਿਲੈਕਸ਼ਨ ਕਮੇਟੀ ਤੁਹਾਡੀ ਗੱਲ ਤਿੰਨ ਕੁ ਮਿੰਟ ਸੁਣ ਲੈਂਦੀ ਹੈ ਤਾਂ ਤੁਸੀਂ ਆਪਣੇ ਧੰਨਭਾਗ ਸਮਝਦੇ ਹੋ। ਤੁਸੀਂ ਅਕਾਦਮਿਕ ਸਰਕਟ ਵਿਚ ਆਏ ਨਿਘਾਰ ਦਾ ਅੰਦਾਜ਼ਾ ਲਾਓ। ਚੰਗਾ ਅਧਿਆਪਕ ਜਾਂ ਖੋਜਕਾਰ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਦਾ ਭਵਿੱਖ ਸੰਵਾਰ ਦਿੰਦਾ ਹੈ ਪਰ ਸਾਡੇ ਕੋਲ ਐਨੀ ਫੁਰਸਤ ਕਿੱਥੇ ਹੈ। ਮਿਸਾਲ ਦੇ ਤੌਰ ’ਤੇ ਇਕ ਵੱਡੇ ਮਾਹਿਰ ਨੇ ਸਮਾਜ ਸ਼ਾਸਤਰ ਵਿਚ ਬਹੁਤ ਹੀ ਸ਼ਾਨਦਾਰ ਥੀਸਿਸ ਦੇਣ ਵਾਲੀ ਇਕ ਉਮੀਦਵਾਰ ਤੋਂ ਕਿਸੇ ਫਰਾਂਸੀਸੀ ਸਮਾਜ ਸ਼ਾਸਤਰੀ ਆੱਗਸਤੇ ਕਾਮਤੇ ਦੇ ਪਿਤਾ ਦਾ ਨਾਂ ਪੁੱਛਿਆ ਤਾਂ ਉਹ ਦੱਸ ਨਾ ਸਕੀ ਤੇ ਉਸ ਨੂੰ ਠਿੱਠ ਕੀਤਾ ਗਿਆ। ਇਹ ‘ਮਾਹਿਰਾਨਾ ਬੇਹੂਦਗੀ’ ਹੋਰ ਵਧ ਰਹੀ ਹੈ ਜਦੋਂ ਕਿਸੇ ਉਮੀਦਵਾਰ ਦੀ ਵਿਚਾਰਧਾਰਾ ਜਾਂ ‘ਸਿਆਸੀ ਨੈੱਟਵਰਕਿੰਗ’ ਦੇ ਹੁਨਰ ਨੂੰ ਉਸ ਦੇ ਅਧਿਆਪਨ ਤਜਰਬੇ ਤੇ ਅਕਾਦਮਿਕ ਪ੍ਰਬੀਨਤਾ ਨਾਲੋਂ ਜਿ਼ਆਦਾ ਅਹਿਮੀਅਤ ਦਿੱਤੀ ਜਾਣ ਲੱਗ ਪਈ ਹੈ। ਇਸੇ ਕਰ ਕੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ 10 ਤੋਂ 15 ਸਾਲਾਂ ਤੱਕ ਦੇ ਅਧਿਆਪਨ ਤਜਰਬੇ ਅਤੇ ਚੰਗੀ ਨੇਕਨਾਮੀ ਵਾਲੇ ਅਧਿਆਪਕਾਂ ਨੂੰ ਬਹੁਤ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰਨਾ ਪੈ ਰਿਹਾ ਹੈ। ਮਾਹਿਰਾਂ ਨੂੰ ਅੱਜ ਕੱਲ੍ਹ ਕਿਸੇ ਉਮੀਦਵਾਰ ਨੂੰ ਰੱਦ ਕਰਨ ਲਈ ਦੋ ਕੁ ਮਿੰਟ ਦਾ ਸਮਾਂ ਲੱਗਦਾ ਹੈ।
ਕੈਂਪਸ ਅੰਦਰਲੀ ਰਾਜਨੀਤੀ, ਅੰਦਰੂਨੀ ਖਹਿਬਾਜ਼ੀ ਤੇ ਅਤਿ ਦੀ ਮੁਕਾਬਲੇਬਾਜ਼ੀ ਕਰ ਕੇ ਵਿਭਾਗਾਂ ਵਿਚਲੇ ਸਟਾਫ ਦੇ ਆਪਸੀ ਰਿਸ਼ਤੇ ਵੀ ਬਹੁਤੇ ਸੁਖਾਵੇਂ ਨਹੀਂ ਰਹਿ ਗਏ ਹਨ ਅਤੇ ਲੰਮੇ ਚਿਰ ਤੋਂ ਨੌਕਰੀ ਦੀ ਅਸੁਰੱਖਿਆ ਅਕਸਰ ਅਡਿ਼ੱਕਾ ਬਣ ਜਾਂਦੀ ਹੈ। ਅਜਿਹੇ ਮਾਹੌਲ ਅੰਦਰ ਅਧਿਆਪਕ ਭਾਈਚਾਰੇ ਲਈ ਇਕਮੁੱਠ ਹੋ ਕੇ ਅੱਗੇ ਆ ਕੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ (ਸਿਰਫ਼ ਟਵਿੱਟਰ ’ਤੇ ਸੰਦੇਸ਼ ਹੀ ਨਹੀਂ) ਪ੍ਰਤਿਭਾਸ਼ਾਲੀ ਐਡਹਾਕ ਅਧਿਆਪਕਾਂ ਨਾਲ ਇਕਜੁੱਟਤਾ ਦਰਸਾਉਣਾ, ਉਚੇਰੀ ਸਿੱਖਿਆ ਨੂੰ ਸਿਆਸੀ-ਪ੍ਰਸ਼ਾਸਕੀ ਤੇ ਵਿਚਾਰਧਾਰਕ ਹਮਲੇ ਤੋਂ ਬਚਾਉਣਾ ਅਤੇ ਅਜਿਹਾ ਅਕਾਦਮਿਕ ਮਾਹੌਲ ਸਿਰਜਣਾ ਕਾਫ਼ੀ ਮੁਸ਼ਕਿਲ ਹੋ ਰਿਹਾ ਹੈ ਜਿੱਥੇ ਪੇਸ਼ੇਵਰ ਦਿਆਨਤਦਾਰੀ, ਬੌਧਿਕ ਇਮਾਨਦਾਰੀ ਅਤੇ ਸਭ ਤੋਂ ਵੱਧ ਭਾਈਚਾਰੇ ਦੇ ਨੌਜਵਾਨ ਮੈਂਬਰਾਂ ਦੇ ਆਤਮ ਸਨਮਾਨ ਦੀ ਸੁਰੱਖਿਆ ਕੀਤੀ ਜਾ ਸਕੇ।
*ਲੇਖਕ ਸਮਾਜ ਸ਼ਾਸਤਰੀ ਹੈ।