ਕੋਟ ਈਸੇ ਖਾਂ ਦੀ ਮਸ਼ਹੂਰ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਅਤੇ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਾਲ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੇਲੇ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਹਿਤ, ਵਿਗਿਆਨ, ਇਤਿਹਾਸ, ਜਨਰਲ ਨੋਲੇਜ, ਕਹਾਣੀਆਂ, ਜੀਵਨੀਆਂ ਅਤੇ ਬੱਚਿਆਂ ਦੀਆਂ ਮਨੋਰੰਜਕ ਪੁਸਤਕਾਂ ਸ਼ਾਮਲ ਸਨ।
ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਮਿੱਤਰ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਦੇ ਮੋਬਾਈਲ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਪੁਸਤਕਾਂ ਨਾ ਸਿਰਫ਼ ਗਿਆਨ ਵਧਾਉਂਦੀਆਂ ਹਨ, ਸਗੋਂ ਮਨੁੱਖ ਦੇ ਵਿਚਾਰਾਂ ਨੂੰ ਵੀ ਉੱਚਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਰੋਜ਼ ਕੁਝ ਸਮਾਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ।
ਮੇਲੇ ਵਿੱਚ ਛੋਟੇ ਬੱਚਿਆਂ ਲਈ ਚਿੱਤਰ ਕਹਾਣੀ ਪੁਸਤਕਾਂ ਅਤੇ ਸਿੱਖਿਆਤਮਕ ਗਤੀਵਿਧੀਆਂ ਨਾਲ ਸੰਬੰਧਿਤ ਸਮੱਗਰੀ ਵੀ ਉਪਲਬਧ ਕਰਵਾਈ ਗਈ। ਵਿਦਿਆਰਥੀਆਂ ਨੇ ਆਪਣੀ ਪਸੰਦ ਦੀਆਂ ਪੁਸਤਕਾਂ ਪ੍ਰਾਪਤ ਕੀਤੀਆਂ ਅਤੇ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੇਲੇ ਉਹਨਾਂ ਨੂੰ ਪੜ੍ਹਾਈ ਵੱਲ ਹੋਰ ਜ਼ਿਆਦਾ ਪ੍ਰੇਰਿਤ ਕਰਦੇ ਹਨ। ਅਧਿਆਪਕਾਂ ਨੇ ਵੀ ਪੁਸਤਕਾਂ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਨੂੰ ਅਨੁਸ਼ਾਸਨ, ਨੈਤਿਕਤਾ ਅਤੇ ਸਹੀ ਸੋਚ ਦੀ ਪ੍ਰੇਰਣਾ ਦਿੰਦੀਆਂ ਹਨ। ਮੇਲੇ ਵਿੱਚ ਆਏ ਮਾਪਿਆਂ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਬੱਚਿਆਂ ਦੇ ਬੌਧਿਕ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਪੁਸਤਕ ਮੇਲਾ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਵਿਦਿਆਰਥੀਆਂ ਵਿੱਚ ਪੜ੍ਹਨ ਪ੍ਰਤੀ ਨਵਾਂ ਉਤਸ਼ਾਹ ਦੇਖਣ ਨੂੰ ਮਿਲਿਆ।
