Home ਸਾਹਿਤ ਕਾਂਸ਼ੀ ਰਾਮ ਦਾ ਚਮਤਕਾਰ

ਕਾਂਸ਼ੀ ਰਾਮ ਦਾ ਚਮਤਕਾਰ

by Rakha Prabh
1 views

ਲਾਲ ਸਿੰਘ ਸੁਲਹਾਣੀ
98721 55120

1987 ਚ ਬਰਨਾਲਾ ਸਰਕਾਰ ਬਰਖ਼ਾਸਤ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਲੰਮੇ ਅਰਸੇ ਤੋਂ ਗਵਰਨਰੀ ਰਾਜ ਦਾ ਸੰਤਾਪ ਹੰਢਾਉਂਦੇ ਪੰਜਾਬ ਅੰਦਰ ਵੀ ਆਮ ਸੰਸਦੀ ਚੋਣਾਂ ਦੇ ਨਾਲ ਹੀ 22 ਜੂਨ 1991 ਨੂੰ ਪੰਜਾਬ ਅਸੰਬਲੀ ਤੇ ਸੰਸਦੀ ਚੋਣਾਂ ਕਰਵਾਉਣ ਦਾ ਭਾਰਤ ਦੇ ਚੋਣ ਕਮਿਸ਼ਨ ਵਲੋਂ ਐਲਾਨ ਹੋ ਗਿਆ ਸੀ।
ਮੈਨੂੰ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਸਾਹਿਬ ਕਾਂਸ਼ੀ ਰਾਮ ਜੀ ਵਲੋਂ ਫਿਰੋਜ਼ਪੁਰ ਛਾਉਣੀ ਜਨਰਲ ਹਲਕੇ ਤੋਂ ਪਾਰਟੀ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ ਅਤੇ ਮੇਰੀ ਸਿਫਾਰਸ਼ ਤੇ ਪੜ੍ਹੇ ਲਿਖੇ, ਬਾਰਸੂਖ ਤੇ ਉੱਘੇ ਕੰਬੋਜ ਆਗੂ ਮੁਖਤਿਆਰ ਸਿੰਘ ਮੁੱਤੀ ਨੂੰ ਫਿਰੋਜ਼ਪੁਰ ਸ਼ਹਿਰ ਤੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ। ਭਾਵੇਂ ਬਸਪਾ ‘ਚ ਹੋਰ ਕਈ ਕੰਬੋਜ ਕਾਰਜ ਕਰਤਾ ਮੌਜੂਦ ਸਨ ਜਿਹਨਾਂ ਵਿਚ ਸਿਰਕੱਢ ਨਾਮ ਜਸਵੰਤ ਸਿੰਘ,ਅਵਤਾਰ ਸਿੰਘ ਕੰਬੋਜ, ਸੁਰਜੀਤ ਸਿੰਘ ਥਿੰਦ, ਪੂਰਨ ਸਿੰਘ ਬਾਰੇ ਕੇ, ਨਰੰਜਣ ਸਿੰਘ ਤੇ ਹੋਰ। ਪਰ ਮੁੱਤੀ ਦੀ ਸ਼ਮੂਲੀਅਤ ਨਾਲ ਕੰਬੋਜ ਭਾਈਚਾਰੇ ਵਿਚ ਇਕ ਖੁਸ਼ੀ ਦੀ ਲਹਿਰ ਦੌੜ ਗਈ। ਬੇਸ਼ੱਕ ਇਹਨਾਂ ਦੋਵਾਂ ਹਲਕਿਆਂ ਵਿਚ ਕੰਬੋਜ ਬਰਾਦਰੀ ਦੀ ਚੋਖੀ ਤੇ ਚੋਣ ਨੂੰ ਪ੍ਰਭਾਵਤ ਕਰਨ ਜੋਗੀ ਵੋਟ ਮੌਜੂਦ ਸੀ ਪਰ ਫਿਰ ਵੀ ਕਿਸੇ ਮਾਨਤਾ ਪ੍ਰਾਪਤ ਪਾਰਟੀ ਵਲੋਂ ਕੋਈ ਕੰਬੋਜ ਪਹਿਲੀ ਵਾਰ ਇਸ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਜਿਸ ਕਾਰਨ ਕੰਬੋਜ ਭਾਈਚਾਰੇ ਅੰਦਰ ਇਕ ਖਾਸ ਉਤਸ਼ਾਹ ਉਮੜ ਪਿਆ ਸੀ।ਮੁਖਤਿਆਰ ਸਿੰਘ ਮੁੱਤੀ ਨੇ ਸਾਹਿਬ ਕਾਂਸ਼ੀ ਰਾਮ ਨੂੰ ਵਿਸਵਾਸ਼ ਦਿਵਾਇਆ ਸੀ ਕਿ ਕੰਬੋਜ ਭਾਈਚਾਰੇ ਦੀ ਭਾਰੀ ਹਮਾਇਤ ਸਦਕਾ ਫਿਰੋਜ਼ਪੁਰ ਛਾਉਣੀ ਤੇ ਸ਼ਹਿਰ ਹਲਕੇ ਨਾਲ ਨਾਲ ਲੱਗਦੇ ਹਨ ਅਸੀਂ ਰਲ ਮਿਲ ਕੇ ਚੋਣ ਮੁਹਿੰਮ ਚਲਾਵਾਂਗੇ ਤੇ ਦੋਵੇਂ ਸੀਟਾਂ ਤਾਂ ਜਿੱਤਾਂਗੇ ਹੀ ਇਸ ਦੇ ਨਾਲ ਹੀ ਲੋਕ ਸਭਾ ਵਿਚ ਵੀ ਬਸਪਾ ਨੂੰ ਭਾਰੀ ਲਾਭ ਹੋਵੇਗਾ। ਭਾਵੇਂ ਬਸਪਾ ਪੰਜਾਬ ਦਾ ਪ੍ਰਧਾਨ ਮੋਹਣ ਸਿੰਘ ਫਲੀਆਂ ਵਾਲਾ ਖੁਦ ਲੋਕ ਸਭਾ ਚੋਣ ਲੜ ਰਿਹਾ ਸੀ ਪਰ ਫਿਰ ਵੀ ਉਹਦੇ ਖੇਮੇ ਅੰਦਰ ਇਹ ਖਬਰ ਬੰਬ ਡਿੱਗਣ ਵਾਂਗ ਵੇਖੀ ਗਈ। ਹਾਲਾਂਕ ਉਹ ਲੋਕ ਸਭਾ ਦੀ ਚੋਣ ਲੜ ਰਿਹਾ ਸੀ ਤੇ ਉਸਨੂੰ ਇਸਦਾ ਵਧੇਰੇ ਲਾਭ ਸੀ। ਉਹ ਦਿੱਲੀ ਜਾਕੇ ਬਾਮਸੇਫ ਦੇ ਇਕ ਗੁੱਟ ਨੂੰ ਨਾਲ ਲੈਕੇ ਮੁਖਤਿਆਰ ਸਿੰਘ ਮੁੱਤੀ ਦੀ ਟਿਕਟ ਬਦਲਾਉਣ ਲਈ ਆਖਰੀ ਦਿਨ ਤੱਕ ਜੁਟਿਆ ਰਿਹਾ। ਪਰ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਵਲੋਂ ਅਜਿਹਾ ਨਾ ਕੀਤਾ ਗਿਆ ਤਾਂ ਉਹਦੇ ਖੇਮੇ ਵਲੋਂ ਇਸ ਗੱਲ ਨੂੰ ਆਪਣੇ ਵਕਾਰ ਦਾ ਸੁਆਲ ਬਣਾ ਲਿਆ ਗਿਆ ਤੇ ਮੇਰੇ ਵਿਰੁੱਧ ਇਕ ਪੱਲੇਦਾਰ ਨੂੰ ਆਪਣੇ ਪੱਲਿਓਂ ਪੈਸਾ ਖਰਚ ਕਰਕੇ ਖੜ੍ਹਾ ਕਰ ਦਿਤਾ ਗਿਆ। ਉਸਨੂੰ ਵੋਟ ਭਾਵੇਂ ਪਵੇ ਜਾਂ ਨਾ ਪਰ ਇਸ ਗੁੱਟ ਦਾ ਮਕਸਦ ਮੇਰੇ ਵਿਰੁੱਧ ਭੰਡੀ ਪਰਚਾਰ ਕਰਕੇ ਮੇਰੀ ਸ਼ਵੀ ਖਰਾਬ ਕਰਨਾ ਅਤੇ ਮੈਨੂੰ ਜਿਚ ਤੇ ਪਰੇਸ਼ਾਨ ਕਰਨ ਦਾ ਬਣ ਗਿਆ ਸੀ।
ਮੁੱਤੀ ਵਿਰੁੱਧ ਭਾਵੇਂ ਉਮੀਦਵਾਰ ਤਾਂ ਨਾ ਖੜ੍ਹਾ ਕੀਤਾ ਗਿਆ ਪਰ ਉਸ ਦਾ ਅੰਦਰੋ ਅੰਦਰੀ ਵਿਰੋਧ ਜਾਰੀ ਰੱਖਿਆ ਗਿਆ ਅਤੇ ਬਾਮਸੇਫ ਦੇ ਕੁਝ ਸਰਗਰਮ ਕਾਰਕੁੰਨਾ ਵਲੋਂ ਕਾਂਗਰਸੀ ਉਮੀਦਵਾਰ ਦੀ ਡਟਵੀਂ ਹਮਾਇਤ ਕੀਤੀ ਗਈ।
ਉਧਰ ਫ਼ਿਰੋਜ਼ਪੁਰ ਛਾਉਣੀ ਹਲਕੇ ਦੇ ਕੰਬੋਜ ਬਰਾਦਰੀ ਦੇ ਜਿਹੜੇ ਚੌਧਰੀ, ਸਰਪੰਚ ਤੇ ਬਾਰਸੂਖ ਮੁਖੀ ਮੁੱਤੀ ਨੂੰ ਜਿਤਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਸਨ ਉਹ ਫਿਰੋਜ਼ਪੁਰ ਛਾਉਣੀ ਹਲਕੇ ‘ਚ ਮੇਰੇ ਨਾਲ ਤੁਰਨ ਦੀ ਬਜਾਏ ਦੂਜੀਆਂ ਵਿਰੋਧੀ ਪਾਰਟੀਆਂ ਦੀ ਇਮਦਾਦ ਕਰਦੇ ਉਹਨਾਂ ਨੂੰ ਜਿਤਾਉਣ ਲਈ ਸਰਗਰਮ ਭੂਮਿਕਾ ਨਿਭਾਉਂਦੇ ਰਹੇ।
ਬਾਮਸੇਫ ਦੇ ਵੱਡੇ ਨਾਮ ਜਿਹਨਾਂ ਨਾਲ ਮਿਲਕੇ ਹਰ ਮੁਹਿੰਮ ਵਿਚ ਹਰ ਮੋਰਚੇ ਤੇ ਮੂਹਰਲੀਆਂ ਸਫਾਂ ‘ਚ ਮੈਂ ਆਪਣੀ ਜਾਨ ਹੂਲਕੇ ਖੜ੍ਹਦਾ ਰਿਹਾ ਸਾਂ ਤੇ ਕਦੇ ਮਿਸ਼ਨ ਨੂੰ ਆਂਚ ਨਹੀਂ ਆਉਣ ਦਿੱਤੀ ਸੀ ਉਹ ਵੀ ਮੇਰੇ ਬਸਪਾ ਵਿਚ ਸ਼ਮੂਲੀਅਤ ਕਰਦਿਆਂ ਹੀ ਅੱਖਾਂ ਫੇਰ ਗਏ ਜਾਪਦੇ ਸਨ। ਜਾਤੀ ਰੰਜਸ਼ਾਂ, ਨਿਜੀ ਕਿੜ੍ਹਾਂ ਤੇ ਈਰਖਾਲੂ ਰਵੱਈਆ ਮਿਸ਼ਨ ਤੇ ਭਾਰੂ ਹੋ ਗਿਆ ਸੀ।
26 ਅਪ੍ਰੈਲ 1991 ਨੂੰ ਮੈਂ ਆਪਣੇ ਸੈਂਕੜੇ ਉਤਸ਼ਾਹ ਸਾਥੀਆਂ ਨੂੰ ਨਾਲ ਲੈਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ। ਘਾਗ ਸਿਆਸਤਦਾਨਾਂ, ਧਨਾਢ ਪਾਰਟੀਆਂ ਤੇ ਲੱਠ ਮਾਰ ਗੁੰਡਾ ਗ੍ਰੋਹਾਂ ਵਿਰੁੱਧ ਮੈਂ ਪੂਰੇ ਦ੍ਰਿੜ ਇਰਾਦੇ ਨਾਲ ਡਟ ਗਿਆ ਸੀ। ਮੇਰੇ ਨਾਲ ਕਿਰਤੀ- ਕਾਮਿਆਂ, ਭਾਈ ਲਾਲੋ ਦੇ ਵਾਰਸਾਂ ਤੇ ਸਿਰਲੱਥ ਯੋਧਿਆਂ ਦੀ ਅਣਥੱਕ ਧਿਰ ਖੜ੍ਹੀ ਸੀ ਜੋ ਮੈਨੂੰ ਕਦੇ ਡੋਲਣ ਨਾ ਦਿੰਦੀ।
ਜਗਰੂਪ ਨੇ ਮੁੱਦਕੀ, ਤਲਵੰਡੀ ਵੱਲ ਮੋਰਚਾ ਮੱਲ ਲਿਆ ਸੀ। ਮੇਰਾ ਇਕ ਲੇਖਕ ਮਿੱਤਰ ਹਰਮੀਤ ਵਿਦਿਆਰਥੀ ਪਰਛਾਵੇਂ ਵਾਂਗ ਮੇਰੇ ਨਾਲ ਡਟ ਗਿਆ ਸੀ। ਉਹ ਇਕ ਹੱਥ ‘ਚ ਬੰਦੂਕ ਫੜੀ ਪਹਿਰੇਦਾਰੀ ਕਰਦਾ, ਦੂਜੇ ਹੱਥ ਮਾਇਕ ਫੜ ਕੇ ਭਾਸ਼ਨ ਕਰਦਾ, ਸਲਾਹ ਮਸ਼ਵਰਾ ਕਰਦਾ ਨਜ਼ਰ ਆਉਂਦਾ। ਪਿੰਡ ਪਿੰਡ ਗਰੀਬ ਗੁਰਬੇ ਆਪ ਮੁਹਾਰੇ ਉਠ ਰਹੇ ਸਨ। ਮੈਂ ਆਪਣੇ ਛੋਟੇ ਛੋਟੇ ਸਾਧਨ ਲੈਕੇ ਬੁਲੰਦ ਹੌਸਲੇ ਨਾਲ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਸੀ। ਬਸਪਾ ਦੇ ਨਾਅਰੇ ਤੇ ਚੋਣ ਨਿਸ਼ਾਨ ਹਾਥੀ (ਆਂ) ਦੇ ਝੁੰਡ ਕੰਧਾਂ ਤੇ ਉਲੀਕੇ ਗਏ, ਸਾਈਕਲ ਰੈਲੀਆਂ ਕਰਕੇ ਕਾਰਜਕਰਤਾਵਾਂ ਨੇ ਇਲਾਕੇ ਭਰ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ। ਬਸਪਾ ਦਾ ਹਾਥੀ ਪਿੰਡਾਂ ਦੀਆਂ ਸੱਥਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਿਆ ਸੀ ਹੁਣ ਬਸਪਾ ਦਾ ਹਾਥੀ ਅਣਗੌਲਿਆ ਨਹੀਂ ਰਿਹਾ ਸੀ। ਲੋਕਲ ਪ੍ਰੈਸ ਮੈਨੂੰ ਭਰਵਾਂ ਸਹਿਯੋਗ ਦੇ ਰਹੀ ਸੀ। ਧਨਾਢ ਉਮੀਦਵਾਰਾਂ ਦੇ ਬਰਾਬਰ ਮੇਰੀਆਂ ਖਬਰਾਂ ਛਪ ਰਹੀਆਂ ਸਨ।
ਇਸ ਚੋਣ ਵਿਚ ਕਾਂਗਰਸ ਪਾਰਟੀ ਨੇ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ ਤੇ ਉਹ ਚੋਣ ਪ੍ਰਕਿਰਿਆ ਚੋਂ ਬਾਹਰ ਸੀ। ਖੁੰਬਾਂ ਵਾਂਗ ਉੱਗੇ ਅਕਾਲੀ ਦਲਾਂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਕਈ ਧੜੇ ਚੋਣ ਮੈਦਾਨ ਵਿੱਚ ਕੁੱਦੇ ਹੋਏ ਸਨ। ਪਰ ਬਹੁਜਨ ਸਮਾਜ ਪਾਰਟੀ ਆਪਣੇ ਦਮ ਖ਼ਮ ਨਾਲ ਇਕੱਲਿਆਂ ਬੁਲੰਦ ਹੌਸਲੇ ਨਾਲ ਬੇਖੌਫ ਚੋਣ ਮੈਦਾਨ ਵਿਚ ਜੂਝ ਰਹੀ ਸੀ। ਪੰਜਾਬ ਦਾ ਮਹੌਲ ਬਹੁਤ ਹੀ ਦਹਿਸ਼ਤਜਦਾ ਸੀ। ਭਾਵੇਂ ਦੋ ਦਰਜਨ ਤੋਂ ਵਧ ਉਮੀਦਵਾਰ ਅਣਪਛਾਤੇ ਦਹਿਸ਼ਤ ਗਰਦਾਂ ਦੀ ਗੋਲੀ ਦਾ ਸ਼ਿਕਾਰ ਹੋ ਚੁੱਕੇ ਸਨ। ਧਰਮਕੋਟ ਰਿਜ਼ਰਵ ਹਲਕੇ ਤੋਂ ਇਕ ਅਕਾਲੀ ਗੁੱਟ ਵਲੋਂ ਚੋਣ ਲੜ ਰਿਹਾ ਮੇਰਾ ਮਿੱਤਰ ਜਥੇਦਾਰ ਪ੍ਰੀਤਮ ਸਿੰਘ ਚੀਮਾ ਵੀ ਅਣਪਛਾਤਿਆਂ ਦੀ ਗੋਲੀ ਦਾ ਸ਼ਿਕਾਰ ਹੋ ਚੁੱਕਾ ਸੀ। ਫਿਰ ਵੀ ਪਿੰਡਾਂ ਦੀਆਂ ਸੱਥਾਂ ਵਿਚ ਮੈਂ ਬੇਖੌਫ਼ ਬੋਲਦਾ ਬਸਪਾ ਦਾ ਪ੍ਰਚਾਰ ਕਰਦਾ ਸੀ। ਦਲਿਤ ਵਿਹੜਿਆਂ ਵਿਚ ਵੋਟਾਂ ਮੰਗਣ ਦੀ ਬਜਾਏ ਉਹਨਾਂ ਦੀ ਅਣਖ ਟੁੰਬਣ ਵਾਲੀ ਭਾਸ਼ਾ ਵਰਤਦਿਆਂ ਮੈਂ ਉਹਨਾਂ ਨੂੰ ਸਵੈਮਾਣ ਨਾਲ ਸਿਰ ਚੁੱਕ ਕੇ ਜ਼ਿੰਦਗੀ ਜਿਉਣ ਲਈ ਪ੍ਰੇਰਦਾ। ਦਲਿਤਾਂ ਦੀਆਂ ਭੀੜਾਂ ਮੰਤਰ- ਮੁਗਧ ਹੋ ਮੇਰਾ ਦਰਦੀਲਾ ਭਾਸ਼ਨ ਸੁਣ ਕੇ ਉਤਸ਼ਾਹਿਤ ਹੋ ਉਠਦੀਆਂ।
ਬਸਪਾ ਸੁਪਰੀਮੋ ਸਾਹਿਬ ਕਾਂਸ਼ੀ ਰਾਮ ਜੀ ਮੇਰੀ ਚੋਣ ਮੁਹਿੰਮ ਨੂੰ ਹੋਰ ਰਵਾਨਗੀ ਦੇਣ ਲਈ ਪੁੱਜੇ। ਜ਼ਿਲ੍ਹਾ ਪ੍ਰੀਸ਼ਦ ਰੈਸਟ ਹਾਊਸ ਵਿਚ ਪੰਜਾਬ ਬਸਪਾ ਦਾ ਪ੍ਰਧਾਨ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਉਮੀਦਵਾਰ ਮੋਹਣ ਸਿੰਘ ਫਲੀਆਂ ਵਾਲੇ ਸਮੇਤ ਸੈਂਕੜੇ ਬਸਪਾ ਤੇ ਬਾਮਸੇਫ ਆਗੂ ਮੌਜੂਦ ਸਨ। ਮੇਰੇ ਵਿਰੁੱਧ ਖੜ੍ਹਾ ਕੀਤਾ ਗਿਆ ਉਮੀਦਵਾਰ ਵੀ ਉਹਨਾਂ ਵਲੋਂ ਬੁਲਾਇਆ ਗਿਆ ਸੀ ਜੋ ਆਪਣੇ ਆਪ ਨੂੰ ਬਸਪਾ ਦਾ ਉਮੀਦਵਾਰ ਦੱਸਦਾ ਫਿਰਦਾ ਸੀ। ਸਾਹਿਬ ਕਾਂਸ਼ੀ ਰਾਮ ਮੇਰੇ ਵੱਲ ਇਸ਼ਾਰਾ ਕਰਦਿਆਂ ਉਹਨੂੰ ਕਹਿਣ ਲੱਗੇ– “ਭਾਈ ਬਸਪਾ ਦਾ ਉਮੀਦਵਾਰ ਤਾਂ ਇਹ ਲਾਲ ਸਿੰਘ ਸੁਲਹਾਣੀ ਹੈ ਜਿਸ ਨੂੰ ਮੈੰ ਪਾਰਟੀ ਦੀ ਟਿਕਟ ਦਿੱਤੀ ਹੈ। ਤੂੰ ਆਪਣੇ ਆਪ ਨੂੰ ਬਸਪਾ ਦਾ ਕਾਰਕੁਨ ਆਖਦਾ ਹੈਂ, ਫਿਰ ਬਸਪਾ ਵਿਰੁੱਧ ਚੋਣ ਕਿਉਂ ਲੜ ਰਿਹਾ ਹੈਂ?”
ਉਹ ਝਟਪਟ ਤੇ ਬੇਝਿਜਕ ਕਹਿਣ ਲੱਗਾ ਕਿ “ਸਾਹਿਬ ਮੈਨੂੰ ਤਾਂ ਮੋਹਣ ਸਿੰਘ ਫਲੀਆਂ ਵਾਲਾ ਨੇ ਖੜ੍ਹਾ ਕੀਤਾ ਹੈ।” ਅਗਲੇ ਪਲ ਸਾਹਿਬ ਨੂੰ ਉਥੇ ਈ ਛੱਡ ਕੇ ਫਲੀਆਂ ਵਾਲਾ ਰੈਸਟ ਹਾਊਸ ਵਿਚੋਂ ਗਧੇ ਦੇ ਸਿੰਗਾਂ ਵਾਂਗ ਗਾਇਬ ਹੋ ਗਿਆ। ਸਾਹਿਬ ਕਾਂਸ਼ੀ ਰਾਮ ਜੀ ਸਾਰੇ ਮਾਮਲੇ ਨੂੰ ਸਮਝ ਚੁਕੇ ਸਨ।
“ਕੀ ਸਥਿਤੀ ਚੱਲ ਰਹੀ ਹੈ?”- ਸਾਹਿਬ ਮੈਨੂੰ ਪੁੱਛਣ ਲੱਗੇ।
“ਹਾਲਾਤ ਬਹੁਤ ਹੀ ਸਾਜ਼ਗਾਰ ਹਨ, ਸਰ!
ਕੁਝ ਵੀ ਹੋ ਸਕਦਾ ਹੈ”- ਮੈਂ ਬੁਲੰਦ ਹੌਸਲੇ ਨਾਲ ਦੱਸਿਆ।
“ਹਾਲਾਤ ਤਾਂ ਮੈਨੂੰ ਸਾਰੇ ਪੰਜਾਬ ਵਿਚ ਈ ਬੜੇ ਸਾਜ਼ਗਾਰ ਨਜ਼ਰ ਆਉਂਦੇ ਹਨ। ਕਿਤੇ ਸਰਕਾਰ ਬਣਾਉਣ ਵਾਲਾ ਪੰਗਾ ਜਿਹਾ ਬਸਪਾ ਨੂੰ ਨਾ ਲੈਣਾ ਪੈਜੇ– ਉਹ ਖੁਸ਼ ਮਿਜਾਜ਼ ਲਹਿਜੇ ਆਖਣ ਲੱਗੇ।
22 ਜੂਨ ਨੂੰ ਵੋਟਾਂ ਪੈਣੀਆਂ ਸਨ। ਚੋਣ ਪਰਚਾਰ ਬੰਦ ਹੋ ਗਿਆ ਸੀ। ਮੈਂ ਕੁਝ ਸਾਥੀਆਂ ਨਾਲ ਫਿਰੋਜ਼ਪੁਰ ਛਾਉਣੀ ਦੇ ਮੁਹੱਲਿਆਂ ਵਿੱਚ ਘਰ ਘਰ ਜਾਕੇ ਵੋਟਾਂ ਦੀ ਅਪੀਲ ਕਰ ਰਿਹਾ ਸਾਂ। ਪਰਚਾਰ ਸਮੱਗਰੀ ਦੇ ਕੇ ਪੀ.ਐਂਡ ਟੀ. ਕਲੋਨੀ ਦੇ ਇਕ ਕੁਆਟਰ ਚੋਂ ਅਸੀਂ ਅਜੇ ਚਾਰ ਕੁ ਕੁਆਟਰਾਂ ‘ਚ ਹੀ ਗਏ ਸਾਂ ਕਿ ਇਕ ਆਦਮੀ ਛੋਹਲੇ ਕਦਮੀਂ ਸਾਡੇ ਕੋਲ ਆਕੇ ਕਾਗਜ਼ ਦਿਖਾਉਂਦਿਆਂ ਕਹਿਣ ਲੱਗਾ ਕਿ “ਹਾਥੀ ਵਾਲੇ ਤੁਸੀਂ ਈ ਓ?”
“ਹਾਂ” –ਮੈਂ ਦੱਸਿਆ।
“ਸੁਣਿਐ ਹਾਥੀ ਵਾਲੇ ਉਮੀਦਵਾਰ (ਲਾਲ ਸਿੰਘ ਸੁਲਹਾਣੀ) ਨੂੰ ਗੋਲੀ ਮਾਰ ਦਿੱਤੀ ਗਈ ਹੈ, ਸਾਰੇ ਬਜ਼ਾਰ ਵਿਚ ਇਸ ਗੱਲ ਦੀ ਭਾਰੀ ਚਰਚਾ ਐ, ਤੁਹਾਨੂੰ ਖ਼ਬਰ ਨਹੀਂ ਮਿਲੀ ਅਜੇ”– ਉਹਨੇ ਘਬਰਾਹਟ ਨਾਲ ਆਖਿਆ।
“ਬਸਪਾ ਉਮੀਦਵਾਰ ਲਾਲ ਸਿੰਘ ਸੁਲਹਾਣੀ ਮੈਂ ਹਾਂ ਤੇ ਤੁਹਾਡੇ ਸਾਹਮਣੇ ਸਾਮਰਤਖ ਖੜ੍ਹਾ ਹਾਂ”– ਮੈਂ ਹੱਸਦਿਆਂ ਆਖਿਆ। ਇਉਂ ਬਸਪਾ ਵਿਰੁੱਧ ਅਫਵਾਹਾਂ ਦਾ ਬਜ਼ਾਰ ਗਰਮ ਸੀ।
ਚੋਣ ਸਮੱਗਰੀ ਲੈਕੇ ਚੋਣ ਅਮਲਾ ਆਪਣੀ ਆਪਣੀ ਡਿਊਟੀ ਵਾਲੇ ਪੋਲਿੰਗ ਬੂਥਾਂ ਤੇ ਪੁੱਜ ਚੁੱਕਾ ਸੀ। ਚੋਣ ਪ੍ਰਕਿਰਿਆ ਪੂਰੀ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁਕੇ ਸਨ। ਪੰਜਾਬ ਅੰਦਰ ਬਸਪਾ ਦੀ ਸਰਕਾਰ ਬਣਨ ਦੇ ਭਾਰੀ ਆਸਾਰ ਨਜ਼ਰ ਆ ਰਹੇ ਸਨ। ਪਰ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਚਿੱਤ ਪਵਨ ਬ੍ਰਾਹਮਣ ਨਰ ਸਿਮਹਾ ਰਾਓ ਦੀ ਅਗਵਾਈ ਵਿਚ ਕੇਂਦਰ ਸਰਕਾਰ ਬਣਨੀ ਤੈਅ ਸੀ ਜਿਸ ਨੂੰ ਭਾਂਪ ਕੇ ਕਾਂਗਰਸ ਆਗੂਆਂ ਦੇ ਇਸ਼ਾਰੇ ਤੇ ਭਾਰਤ ਦੇ ਚੋਣ ਕਮਿਸ਼ਨ ਵਲੋਂ ਐਲਾਨ ਕਰ ਦਿਤਾ ਗਿਆ ਕਿ ਪੰਜਾਬ ਦੀ ਚੋਣ ਅਣਮਿਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਹੈ। ਇਸ ਅਚਾਨਕ ਪਈ ਬਿੱਜ ਨਾਲ ਪੰਜਾਬ ਵਾਸੀ ਭੌਚਕੇ ਰਹਿ ਗਏ।
ਭਾਰਤ ਦੇ ਚੋਣ ਕਮਿਸ਼ਨ ਵੱਲੋਂ 19 ਫਰਵਰੀ 1992 ਦਾ ਦਿਨ ਪੰਜਾਬ ਅੰਦਰ ਵਿਧਾਨ ਸਭਾ ਤੇ ਸੰਸਦੀ ਚੋਣਾਂ ਲਈ ਮੁੜ ਨਿਸਚਿਤ ਕੀਤਾ ਗਿਆ। ਪਰ 1991 ਦੀ ਚੋਣ ਦੇ ਉਲਟ ਇਸ ਵਾਰ ਵੱਖ ਵੱਖ ਸਾਰੇ ਅਕਾਲੀ ਧੜਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਗੁੱਟਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ। ਚਰਚਾ ਸੀ ਕਿ ਸਰਕਾਰੀ ਏਜੰਸੀਆਂ ਦੇ ਦਬਾਅ ਕਾਰਨ ਅਜਿਹਾ ਕੀਤਾ ਗਿਆ ਹੈ। ਸ਼ਰੇਆਮ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਜੇ ਕੋਈ ਵੋਟ ਪਾਉਣ ਜਾਵੇਗਾ ਤਾਂ ਉਹ ਆਪਣਾ ਕੱਫਣ ਤਿਆਰ ਕਰਕੇ ਜਾਵੇ। ਪੰਜਾਬ ਦਾ ਮਾਹੌਲ ਪੂਰਾ ਦਹਿਸ਼ਤਜ਼ਦਾ ਅਤੇ ਤਣਾਅ ਪੂਰਨ ਸੀ। ਪਰ ਹੁਣ ਪ੍ਰਧਾਨ ਮੰਤਰੀ ਪੀ. ਵੀ. ਨਰ ਸਿਮਹਾ ਰਾਓ ਦੀ ਕਾਂਗਰਸੀ ਸਰਕਾਰ ਹਰ ਹਾਲਤ ਵਿਚ ਚੋਣਾਂ ਕਰਵਾਉਣ ਲਈ ਬਜ਼ਿਦ ਸੀ। ਇਸ ਵਾਰ ਕਾਂਗਰਸ ਪਾਰਟੀ ਦੇ ਮੁਕਾਬਲੇ ਬਹੁਜਨ ਸਮਾਜ ਪਾਰਟੀ ਆਪਣੇ ਦਮ ਖ਼ਮ ‘ਤੇ ਚੋਣ ਮੈਦਾਨ ਵਿੱਚ ਡਟ ਕੇ ਖੜ੍ਹੀ ਹੋਈ ਸੀ। ਉਮੀਦਵਾਰ ਭਾਰੀ ਸੁਰੱਖਿਆ ਹੇਠ ਚੋਣ ਪਰਚਾਰ ਵਿੱਚ ਰੁੱਝ ਗਏ। ਪਰ ਪਿੰਡਾਂ ਤੇ ਕਸਬਿਆਂ ਵਿੱਚ ਡਰ ਅਤੇ ਸਹਿਮ ਦਾ ਮਹੌਲ ਸੀ। ਲੋਕਾਂ ਵਿਚ ਚੋਣਾਂ ਦੌਰਾਨ ਪਾਈ ਜਾਂਦੀ ਗਰਮਜੋਸ਼ੀ ਲੱਗਭਗ ਗਾਇਬ ਸੀ।
ਅਜਿਹੇ ਮਾੜੇ ਮਾਹੌਲ ਵਿੱਚ ਵੀ ਮੈਂ ਬੁਲੰਦ ਹੌਸਲੇ ਨਾਲ ਫਿਰੋਜ਼ਪੁਰ ਛਾਉਣੀ ਜਨਰਲ ਹਲਕੇ ਤੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਦਿਸ਼ਾ ਨਿਰਦੇਸ਼ ਹੇਠ ਚੋਣ ਮੈਦਾਨ ਵਿੱਚ ਡਟ ਗਿਆ ਸੀ। ਨਾਸਾਜ਼ਗਾਰ ਹਾਲਾਤਾਂ ਦੇ ਬਾਵਜੂਦ ਵੀ ਬਸਪਾ ਕਾਰਜਕਰਤਾਵਾਂ ਵਿਚ ਭਾਰੀ ਉਤਸ਼ਾਹ ਸੀ। ਮੁਕਾਬਲੇ ਤੇ ਕਾਂਗਰਸ ਪਾਰਟੀ ਦਾ ਧਨਾਢ ਉਮੀਦਵਾਰ ਐਡਵੋਕੇਟ ਗੁਰਨੈਬ ਸਿੰਘ ਬਰਾੜ ਤੇ ਕਾਂਗਰਸ ਦਾ ਬਾਗੀ ਯੂਥ ਆਗੂ ਰਵਿੰਦਰ ਸਿੰਘ ਸੰਧੂ (ਬੱਬਲ) ਰਜਵਾੜਾਨੁਮਾ ਜਗੀਰਦਾਰ ਚੋਣ ਲੜ ਰਹੇ ਸਨ। ਅਸੀਂ ਛੋਟੇ ਛੋਟੇ ਸਾਧਨਾਂ ਨਾਲ ਨੰਗੇ ਧੜ ਲੜਦਿਆਂ ਉਹਨਾਂ ਲਈ ਵੰਗਾਰ ਬਣ ਰਹੇ ਸੀ। ਕਿਧਰੇ ਗ਼ਰੀਬ ਪਰਵਾਰ ਵਿਚੋਂ ਉਠਿਆ ਬਸਪਾ ਉਮੀਦਵਾਰ ਈ ਜਿੱਤ ਨਾ ਜਾਵੇ ਇਸ ਲਈ ਬਾਈਕਾਟ ਦੇ ਬਾਵਜੂਦ ਅਕਾਲੀ ਧਿਰਾਂ ਰਵਿੰਦਰ ਸੰਧੂ ਦੀ ਧਿਰ ਬਣ ਖੜੋਤੀਆਂ।
ਇਕ ਸਹਾਇਕ ਥਾਣੇਦਾਰ ਦੀ ਅਗਵਾਈ ‘ਚ ਛੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਇਕ ਸਬ ਇੰਸਪੈਕਟਰ ਦੀ ਕਮਾਂਡ ਹੇਠ ਵੱਡੀ ਗਿਣਤੀ ਵਿੱਚ ਸੀਮਾ ਸੁਰੱਖਿਆ ਬਲ ਦੇ ਜੁਆਨ ਮੇਰੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਸਨ। ਮੈਂ ਸੈਂਟਰਲ ਜੇ਼ਲ੍ਹ ਫਿਰੋਜ਼ ਪੁਰ ਦੇ ਸਾਹਮਣੇ ਰਾਜਾ ਟਾਕੀਜ਼ ਵਿਚ ਇਕ ਵੱਡਾ ਹਾਲ ਤੇ ਕੁਝ ਕਮਰੇ ਬੁੱਕ ਕਰਵਾ ਲਏ। ਫਿਰ ਕੁਝ ਦਿਨਾਂ ਬਾਅਦ ਮੈਂ 151- ਸੰਤ ਲਾਲ ਰੋਡ ਫਿਰੋਜ਼ਪੁਰ ਛਾਉਣੀ ਵਿਖੇ ਜਾ ਡੇਰਾ ਲਾਇਆ। ਜਿੱਥੇ ਪਹਿਲਾਂ ਖੁਰਾਕ ਤੇ ਸਪਲਾਈਜ਼ ਵਿਭਾਗ ਦਾ ਦਫ਼ਤਰ ਹੋਇਆ ਕਰਦਾ ਸੀ। ਕਿਉਂਕਿ ਐਨੇ ਵੱਡੇ ਦਲ ਬਲ ਨੂੰ ਮੁਹੱਲੇ ਵਿਚ ਸੰਭਾਲਣਾ ਮੁਸ਼ਕਿਲ ਸੀ। ਉਸ ਕਾਲੇ ਦੌਰ ਵਿਚ ਹੋ ਰਹੀ ਇਸ ਚੋਣ ਵਿਚ ਦਰਜਨਾਂ ਉਮੀਦਵਾਰ ਕਤਲ ਕੀਤੇ ਜਾ ਚੁੱਕੇ ਸਨ।
ਮੈਂ ਇਕ ਜੁਗਾੜੂ ਜੀਪ ਦਾ ਪ੍ਰਬੰਧ ਕਰ ਲਿਆ ਸੀ। ਜਿਸਨੇ ਬੇਸ਼ੱਕ ਇਲਾਕੇ ‘ਚ ਧੁੰਮ ਮਚਾ ਰੱਖੀ ਸੀ ਪਰ ਜਗੀਰਦਾਰਾਂ ਤੇ ਧਨਾਢਾਂ ਦੇ ਸਾਧਨਾਂ ਦੇ ਮੁਕਾਬਲੇ ਦੋ ਕਸਬਿਆਂ, ਇਕ ਸ਼ਹਿਰ ਅਤੇ ਸੌ ਤੋਂ ਵੱਧ ਪਿੰਡਾਂ ਵਿਚ ਪਹੁੰਚ ਕਰਨਾ ਜ਼ੋਖਮ ਭਰਿਆ ਤੇ ਕਠਿਨ ਕਾਰਜ ਸੀ। ਭੋਲੇ ਭਾਲੇ, ਅਣਥੱਕ ਤੇ ਨਿਡਰ ਬਸਪਾ ਕਾਰਜਕਰਤਾ ਜੋ ਰਾਜਨੀਤਕ ਚਾਲਾਂ ਤੋਂ ਅਣਜਾਣ ਸਨ, ਮੇਰੀ ਧਰੋਹਰ ਸਨ। ਆਮ ਦਲਿਤ ਲੋਕ ਕਾਂਗਰਸ ਨੂੰ ਆਪਣੀ ਮਾਂ ਸਮਝਦੇ ਸਨ ਤੇ ਕਾਂਗਰਸ ਨਾਲੋਂ ਟੁੱਟਣਾ ਉਹਨਾਂ ਨੂੰ ਧਰਮ ਬਦਲੀ ਵਾਂਗ ਲੱਗਦਾ ਸੀ। 1985 ਦੀ ਚੋਣ ਦੌਰਾਨ ਤਾਂ ਹਲਕੇ ਦੇ ਆਖਰੀ ਪਿੰਡ ਗਿੱਲ ਦੇ ਦਲਿਤ ਸਾਡੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਸਨ ਸਗੋਂ ਬਸਪਾ ਕਾਰਜਕਰਤਾਵਾਂ ਨੂੰ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਦੇ ਹਾਲਤ ਬਹੁਤ ਸਾਰੇ ਪਿੰਡਾਂ ਵਿਚ ਸਨ। ਸ਼ਹਿਰੀ ਵੋਟਰ ਤਾਂ ਬਸਪਾ ਤੋਂ ਦੂਰੀ ਬਣਾ ਕੇ ਰੱਖਦਾ ਸੀ ਪਰ ਫਿਰ ਵੀ ਟਾਂਵੇਂ ਟਾਂਵੇਂ ਵਰਕਰ ਮੈਦਾਨ ਵਿੱਚ ਨਿੱਤਰ ਪਏ ਸਨ। ਏਸੇ ਤਰ੍ਹਾਂ ਮਾਸਟਰ ਓਮ ਪਰਕਾਸ਼ ਦੀ ਪ੍ਰੇਰਨਾ ਸਦਕਾ ਗਿੱਲ ਪਿੰਡ ਦੇ ਇਕ ਅਧਿਆਪਕ ਠਾਣਾ ਸਿੰਘ ਤੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਇਕ ਮੁਲਾਜ਼ਮ ਮੁਖਤਿਆਰ ਸਿੰਘ ਫੌਜੀ 1987 ਵਿਚ ਮੇਰੇ ਸੰਪਰਕ ‘ਚ ਆਉਣ ਕਰਕੇ ਉਹ ਸਾਹਿਬ ਕਾਂਸ਼ੀ ਰਾਮ ਜੀ ਦੇ ਸਮਾਜਕ ਪਰਿਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦੇ ਸਮਰੱਥਕ ਬਣ ਗਏ ਸਨ। ਇਉਂ ਇਹ ਗਿੱਲ ਪਿੰਡ ਹੁਣ ਬਸਪਾ ਸਰਗਰਮੀਆਂ ਦਾ ਕੇਂਦਰ ਬਣ ਚੁੱਕਿਆ ਸੀ। ਇਸ ਪਿੰਡ ਦਾ ਇਕ ਨੌਜੁਆਨ ਗੁਰਨਾਮ ਸਿੰਘ ਭੱਟੀ ਬਹੁਜਨ ਲਹਿਰ ਲਈ ਗੀਤ ਲਿਖਣ ਲੱਗ ਪਿਆ ਤੇ ਉਸੇ ਪਿੰਡ ਦਾ ਇਕ ਹੋਰ ਉਤਸ਼ਾਹੀ ਸਾਥੀ ਹਾਕਮ ਸਿੰਘ ਪੰਛੀ ਤੂੰਬੀ ਤੇ ਗੀਤ ਗਾ ਕੇ ਪਿੰਡ ਪਿੰਡ ਪਰਚਾਰ ਕਰਨ ਲੱਗ ਪਿਆ ਸੀ। ਇਸ ਚੋਣ ਦੌਰਾਨ ਗੁਰਨਾਮ ਸਿੰਘ ਭੱਟੀ ਨੇ ਇਕ ਗੀਤ ਲਿਖਿਆ–
ਕਾਂਗਰਸੇ ਤੈਨੂੰ ਰਹਿਣ ਦੇਣਾ
ਤੂੰ ਐਵੇਂ ਨਾ ਜਾਣੀ।
ਪੂਛ ਚੁਕਾ ਦੇਊਗਾ
ਲਾਲ ਸਿੰਘ ਸੁਲਹਾਣੀ।
ਜੋ ਬਹੁਤ ਚਰਚਿਤ ਹੋਇਆ ਤੇ ਹਾਕਮ ਸਿੰਘ ਪੰਛੀ ਤੋਂ ਸਾਰੇ ਪਿੰਡਾਂ ‘ਚ ਹਰ ਸਟੇਜ ਤੇ ਸੁਣਨ ਦੀ ਫਰਮਾਇਸ਼ ਕੀਤੀ ਜਾਂਦੀ। ਕਾਂਗਰਸੀ ਉਮੀਦਵਾਰ 1985 ਦੀ ਚੋਣ ਬਸਪਾ ਕਾਰਨ ਹਾਰ ਚੁੱਕਾ ਸੀ ਇਸ ਲਈ ਉਹ ਇਸ ਵਾਰ ਵੀ ਅੰਦਰੋ ਅੰਦਰੀ ਬਹੁਤ ਭੈ ਭੀਤ ਸੀ। ਫਿਰ ਵੀ ਉਹ ਸਰਕਾਰੀ ਤੰਤਰ ਸਹਾਰੇ ਜਿੱਤ ਲਈ ਆਸਵੰਦ ਸੀ। ਬਾਗੀ ਕਾਂਗਰਸੀ ਉਮੀਦਵਾਰ ਬੱਬਲ ਸੰਧੂ ਵੱਲੋਂ ਧਨ ਬਲ ਨਾਲ ਸਰਗਰਮ ਮੁਹਿੰਮ ਵਿੱਢੀ ਹੋਈ ਸੀ ਤੇ ਬਾਈਕਾਟ ਦੇ ਬਾਵਜੂਦ ਅਕਾਲੀ ਧਿਰਾਂ ਉਹਦੀ ਮੁਹਿੰਮ ਦੀਆਂ ਮੋਹਰੀ ਬਣੀਆਂ ਹੋਈਆਂ ਸਨ। ਉਹਦਾ ਚੋਣ ਨਿਸ਼ਾਨ ਚੜ੍ਹਦਾ ਸੂਰਜ ਸੀ। ਮੈਂ ਦਲਿਤ ਵਿਹੜਿਆਂ ਵਿੱਚ ਪਿੰਡ ਪਿੰਡ ਜਾਕੇ ਲੋਕਾਂ ਦੀ ਅਣਖ ਨੂੰ ਟੁੰਬਦਿਆਂ ਆਖਦਾ ਕਿ “ਜਿੰਨਾਂ ਚਿਰ ਧਨਾਢ ਜਗੀਰਦਾਰਾਂ ਦੇ ਸੂਰਜ ਚੜ੍ਹਦੇ ਰਹਿਣਗੇ ਉਨ੍ਹਾਂ ਚਿਰ ਤੁਹਾਡੇ ਢਾਰਿਆਂ, ਤੁਹਾਡੇ ਕੱਚੇ ਘਰਾਂ ਵਿਚ ਹਨੇਰਾ ਪਸਰਿਆ ਰਹੇਗਾ। ਤੁਸੀਂ ਆਪਣੇ ਦੀਪ ਆਪ ਬਣੋ। ਧਨਾਢਾਂ ਦੇ ਨੋਟ ਠੁਕਰਾ ਕੇ ਵੋਟ ਤੰਤਰ ਵਿਚ ਆਪਣੇ ਵੋਟਾਂ ਨਾਲ ਆਪ ਹੁਕਮਰਾਨ ਬਣੋ। ਆਪਣੀ ਵੋਟ ਦੀ ਤਾਕਤ ਪਛਾਣੋ।”
ਮੇਰੇ ਜੋਸ਼ੀਲੇ ਭਾਸ਼ਣਾਂ ਨਾਲ ਪਿੰਡਾਂ ਦੇ ਕੁਝ ਉਤਸ਼ਾਹੀ ਨੌਜੁਆਨ ਸਾਡੀ ਲਹਿਰ ਦਾ ਅੰਗ ਬਣਨ ਲੱਗੇ। ਚੋਣ ਵਾਲੇ ਦਿਨ ਪੋਲਿੰਗ ਬੂਥਾਂ ਤੇ ਕੇਂਦਰੀ ਸੁਰਖਿਆ ਦਸਤੇ ਤੈਨਾਤ ਸਨ ਪਰ ਦਹਿਸ਼ਤਜ਼ਦਾ ਮਹੌਲ ਵਿਚ ਟਾਂਵੇਂ ਟਾਂਵੇਂ ਲੋਕ ਨਿਡਰ ਹੋਕੇ ਵੋਟ ਪਾਉਣ ਲਈ ਬਾਹਰ ਨਿਕਲਦੇ ਸਨ। ਵਿਰੋਧੀ ਉਮੀਦਵਾਰਾਂ ਨੇ ਆਪਣੇ ਸਾਧਨਾਂ ਨਾਲ ਖਾਲੀ ਬੂਥਾਂ ਤੇ ਕਬਜ਼ਾ ਕਰਕੇ ਜਿੱਥੇ ਦਾਅ ਲੱਗਿਆ ਆਪਣੇ ਹੱਕ ‘ਚ ਠੱਪੇ ਲਾ ਲਏ। ਕੋਈ ਅਧਿਕਾਰੀ ਸੁਰਖਿਆ ਕਰਮੀ ਰੋਕਣ ਟੋਕਣ ਵਾਲਾ ਨਹੀਂ ਸੀ ਸਗੋਂ ਚੋਣ ਕਮਿਸ਼ਨ ਤਾਂ ਹਰ ਹਾਲਤ ਵਿਚ ਪੰਜਾਬ ਅੰਦਰ ਵਧ ਤੋਂ ਵਧ ਪੋਲਿੰਗ ਫੀ ਸਦੀ ਦਰਸਾਉਣ ਲਈ ਅੰਦਰੋ ਅੰਦਰੀ ਇਸ ਰੁਝਾਨ ਨੂੰ ਉਤਸ਼ਾਹਿਤ ਕਰ ਰਿਹਾ ਸੀ। ਪਰ ਬਾਈਕਾਟ ਦਾ ਬਹੁਤ ਵੱਡਾ ਅਸਰ ਸੀ। ਐਸੇ ਦੌਰ ਵਿਚ ਵੀ ਨਿਡਰ ਬਸਪਾ ਵਰਕਰ ਬੁਲੰਦ ਹੌਸਲੇ ਨਾਲ ਕਈ ਪਿੰਡਾਂ ਵਿਚ ਬੂਥਾਂ ਤੇ ਡਟੇ ਰਹੇ। ਇਥੋਂ ਤੱਕ ਕਿ ਤਲਵੰਡੀ ਭਾਈ ਦੇ ਇਕ ਪੋਲਿੰਗ ਬੂਥ ਤੇ ਸਕੂਲ ਪੜ੍ਹਦੀ ਇਕ ਲੜਕੀ ਸੁਨੀਤਾ ਰਾਣੀ ਨਿਰਭੈਤਾ ਨਾਲ ਡਟੀ ਹੋਈ ਸੀ। ਸ਼ੇਰ ਖਾਂ ਵਰਗੇ ਨਾਜਕ ਪੋਲਿੰਗ ਬੂਥਾਂ ਤੇ ਬਸਪਾ ਵਰਕਰ ਮੁਸਤੈਦੀ ਨਾਲ ਆਪਣਾ ਫਰਜ਼ ਨਿਭਾ ਰਹੇ ਸਨ। ਬੱਬਲ ਸੰਧੂ ਦੇ ਜੱਦੀ ਪਿੰਡ ਚ ਬਸਪਾ ਦਾ ਪੋਲਿੰਗ ਬੂਥ ਲੱਗਣਾ ਚਮਤਕਾਰ ਤੋਂ ਘੱਟ ਨਹੀਂ ਸੀ। ਇਸ ਖੌਫ਼ਜ਼ਦਾ ਫਿਜ਼ਾ ਵਿਚ ਮੈਦਾਨ- ਇ -ਜੰਗ ਡਟੇ ਰਹਿਣਾ ਹੀ ਸਾਡੇ ਲਈ ਵੱਡੀ ਜਿੱਤ ਸੀ। ਆਪਣੇ ਹੱਥ ਕੰਡੇ ਵਰਤਕੇ ਅਕਾਲੀ ਧਿਰਾਂ ਦਾ ਆਜ਼ਾਦ ਉਮੀਦਵਾਰ ਬੱਬਲ ਸੰਧੂ ਮੈਦਾਨ ਮਾਰ ਗਿਆ ਪਰ ਬਸਪਾ ਕਾਰਨ ਕਾਂਗਰਸੀ ਉਮੀਦਵਾਰ ਸਿਰਫ 1546 ਵੋਟਾਂ ਦੇ ਫ਼ਰਕ ਨਾਲ ਐਸਾ ਲੁੜਕਿਆ ਕਿ ਉਹ ਹਮੇਸ਼ਾ ਲਈ ਰਾਜਸੀ ਰੰਗਮੰਚ ਤੋਂ ਹੀ ਅਲੋਪ ਹੋ ਗਿਆ।
ਦੂਜੇ ਪਾਸੇ ਫਿਰੋਜ਼ਪੁਰ ਸ਼ਹਿਰ ਸੀਟ ਤੋਂ ਬਸਪਾ ਦੇ ਉਮੀਦਵਾਰ ਮੁਖਤਿਆਰ ਸਿੰਘ ਕੰਬੋਜ ਨੂੰ ਕੁੱਝ ਸੈਂਕੜੇ ਵੋਟਾਂ ਨਾਲ ਜਿੱਤਦੇ ਜਿੱਤਦੇ ਨੂੰ ਅੰਕੜਿਆਂ ਦੇ ਹੇਰ ਫੇਰ ਨਾਲ ਉਲਟਾ 355 ਵੋਟਾਂ ਦੇ ਫ਼ਰਕ ਨਾਲ ਹਾਰਿਆ ਹੋਇਆ ਐਲਾਨ ਕਰ ਦਿੱਤਾ ਗਿਆ ਤੇ ਪੰਡਤ ਬਾਲ ਮੁਕੰਦ ਸ਼ਰਮਾ ਕਾਂਗਰਸੀ ਉਮੀਦਵਾਰ ਜੇਤੂ ਕਰਾਰ ਦੇ ਦਿੱਤਾ ਗਿਆ। ਜਦੋਂ ਕਿ ਨਤੀਜਾ ਇਸ ਦੇ ਉਲਟ ਸੀ ਪਰ ਆਰ ਓ ਕਮ ਐਸ ਡੀ ਐਮ ਫਿਰੋਜ਼ਪੁਰ ਰਾਜਸੀ ਦਬਾਅ ਅਧੀਨ ਪੱਖਪਾਤੀ ਰੁੱਖ ਅਖਤਿਆਰ ਕਰ ਰਿਹਾ ਸੀ। ਇਸ ਤਰ੍ਹਾਂ ਦੀ ਧੱਕੇਸ਼ਾਹੀ ਤੇ ਧਾਂਧਲੀ ਪੰਜਾਬ ਵਿਚ ਕੇਂਦਰ ਸਰਕਾਰ ਦੀ ਸ਼ਹਿ ਤੇ ਹੋਰ ਕਈ ਹਲਕਿਆਂ ਵਿਚ ਕੀਤੇ ਜਾਣ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਸਨ। ਜਿਸ ਕਰਕੇ ਬਸਪਾ ਵਰਕਰ ਗੁੱਸੇ ਤੇ ਵਿਦਰੋਹ ਦੇ ਰੌਂਅ ‘ਚ ਸਨ। ਜੋ ਭਾਰੀ ਗਿਣਤੀ ਵਿਚ ਡਿਪਟੀ ਕਮਿਸ਼ਨਰ ਦਫਤਰ ਵੱਲ ਪ੍ਰਦਰਸ਼ਨ ਕਰਨ ਲਈ ਵਧ ਰਹੇ ਸਨ। ਏਸੇ ਦੌਰਾਨ ਸਾਨੂੰ ਦੱਸਿਆ ਗਿਆ ਕਿ ਬਹੁਜਨ ਸਮਾਜ ਪਾਰਟੀ ਦਾ ਲੋਕ ਸਭਾ ਦਾ ਉਮੀਦਵਾਰ ਮੋਹਣ ਸਿੰਘ ਫਲ਼ੀਆਂ ਵਾਲਾ ਵੋਟਾਂ ਨਾਲ ਤਾਂ ਜਿੱਤ ਰਿਹਾ ਐ ਪਰ ਕਾਂਗਰਸ ਦੀ ਕੇਂਦਰੀ ਸਰਕਾਰ ਹਰ ਹੀਲੇ ਗੁਰਦਾਸਪੁਰ ਤੋਂ ਲਿਆਂਦੇ ਆਪਣੇ ਉਮੀਦਵਾਰ ਕਾਂਗਰਸ ਦੇ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਨੂੰ ਜੇਤੂ ਕਰਾਰ ਦੇਣ ਲਈ ਅੜੀ ਹੋਈ ਹੈ। ਇਹ ਸੁਣ ਕੇ ਬਸਪਾ ਕਾਰਜਕਰਤਾ ਹੋਰ ਭੜਕ ਪਏ। ਬਸਪਾ ਵਰਕਰਾਂ ਦਾ ਜੋਸ਼ ਉਬਾਲੇ ਮਾਰ ਰਿਹਾ ਸੀ। ਉਹ ਕੁਝ ਵੀ ਕਰ ਗੁਜਰਨ ਲਈ ਤਿਆਰ ਬਰ ਤਿਆਰ ਸਨ। ਮੈਂ ਤੇ ਮੁਖਤਿਆਰ ਸਿੰਘ ਕੰਬੋਜ ਵਰਕਰਾਂ ਦੀ ਅਗਵਾਈ ਕਰ ਰਹੇ ਸਾਂ। ਵੱਡੀ ਭੀੜ ਵਲੋਂ ਬਾਬਾ ਸ਼ੇਰ ਸ਼ਾਹ ਵਲੀ ਵਾਲਾ ਮੇਨ ਚੌਕ ਜਾਮ ਕਰ ਦਿਤਾ ਗਿਆ। ਭਾਰੀ ਹਜ਼ੂਮ ਵਲੋਂ ਆਵਾਜਾਈ ਮੁਕੰਮਲ ਤੌਰ ਤੇ ਠੱਪ ਕਰ ਦਿੱਤੀ ਗਈ। ਪਲੋ ਪਲੀ ਲੋਕਾਂ ਦਾ ਵਿਦਰੋਹੀ ਇਕੱਠ ਵਧਦਾ ਜਾ ਰਿਹਾ ਸੀ। ਉੱਧਰ ਇਕ ਇਮਾਨਦਾਰ ਆਰ ਓ ਕਮ ਡਿਪਟੀ ਕਮਿਸ਼ਨਰ ਰਕੇਸ਼ ਕੁਮਾਰ ਆਈ ਏ ਐਸ ਕਿਸੇ ਰਾਜਨੀਤਿਕ ਦਬਾਅ ਹੇਠ ਆਕੇ ਗ਼ਲਤ ਨਤੀਜਾ ਐਲਾਨ ਕਰਨ ਤੋਂ ਇਨਕਾਰੀ ਹੋ ਖੜੋਤਾ। ਮੋਹਣ ਸਿੰਘ ਫਲ਼ੀਆਂ ਵਾਲਾ 150903 ਵੋਟਾਂ ਅਤੇ ਸੰਤੋਖ ਸਿੰਘ ਰੰਧਾਵਾ ਨੂੰ 149607 ਵੋਟਾਂ ਪਈਆਂ ਸਨ। ਇਸ ਤਰ੍ਹਾਂ ਬਸਪਾ ਉਮੀਦਵਾਰ ਨੂੰ 1296 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ। ਬੇਸ਼ੱਕ ਉਸ ਫਰਜ਼ਸ਼ਨਾਸ ਤੇ ਦਿਆਨਤਦਾਰ ਅਫ਼ਸਰ ਨੂੰ ਕੁੱਝ ਦਿਨਾਂ ਬਾਅਦ ਕਿਧਰੇ ਖੁੱਡੇ ਲਾਈਨ ਲਾ ਦਿੱਤਾ ਗਿਆ। ਪਰ ਬਦ- ਦਿਆਨਤਦਾਰੀ, ਭ੍ਰਿਸ਼ਟ ਤੇ ਲੁੱਟ ਖਸੁੱਟ ਵਾਲੇ ਦੌਰ ਵਿਚ ਵੀ ਉਹ “ਕੋਈ ਹਰਿਆ ਬੂਟਿ ਰਹਿਓ ਰੀ” ਦੀ ਖੂਬਸੂਰਤ ਮਿਸਾਲ ਕਾਇਮ ਕਰ ਗਿਆ।
ਸਾਹਿਬ ਕਾਂਸ਼ੀ ਰਾਮ ਜੀ ਦੇ ਚਮਤਕਾਰ ਸਦਕਾ ਸੰਸਦੀ ਇਤਿਹਾਸ ਵਿਚ ਰਾਜਨੀਤੀ ਤੋਂ ਬਿਲਕੁੱਲ ਕੋਰਾ ਇਕ ਸਧਾਰਨ ਪਰਵਾਰ ਦਾ ਦਲਿਤ ਰਾਏ ਸਿੱਖ ਨੌਜਵਾਨ ਸ੍ਰੀ ਮੋਹਣ ਸਿੰਘ ਖੱਬੀਖਾਨਾਂ ਨੂੰ ਚਿੱਤ ਕਰਕੇ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਵਿਚ ਕਾਮਯਾਬ ਹੋ ਗਿਆ। ਧਰਮਕੋਟ ਰਿਜ਼ਰਵ ਸੀਟ ਤੋਂ ਗਰੀਬ ਪਰਵਾਰ ਦਾ ਇਕ ਅਲੂੰਆਂ ਚੋਬਰ ਕਾਲਜ ਚੋਂ ਨਿਕਲਦਿਆਂ ਵਿਧਾਇਕ ਬਣ ਗਿਆ। ਗਰੀਬ ਪਰਵਾਰਾਂ ਦੇ ਨੌਸਿੱਖੀਏ ਦੁਆਬੇ ਚੋਂ ਬਸਪਾ ਦੇ ਛੇ ਤੇ ਮਾਲਵੇ ਚੋਂ ਤਿੰਨ ਵਿਧਾਇਕ ਜਿੱਤ ਗਏ। ਇਉਂ ਹਲਕਾ ਮਾਹਿਲਪੁਰ ਤੋਂ ਸ੍ਰੀ ਅਵਤਾਰ ਸਿੰਘ ਕਰੀਮਪੁਰੀ, ਹਲਕਾ ਗੜ੍ਹ ਸ਼ੰਕਰ ਤੋਂ ਸ੍ਰੀ ਸ਼ਿੰਗਾਰਾ ਰਾਮ ਸਹੂੰਗੜਾ, ਹਲਕਾ ਬੰਗਾ ਤੋਂ ਸ੍ਰੀ ਸਤਨਾਮ ਕੈਂਥ, ਹਲਕਾ ਸ਼ਾਮ ਚੁਰਾਸੀ ਤੋਂ ਸ੍ਰੀ ਗੁਰਪਾਲ ਚੰਦ ਸਰੋਆ, ਹਲਕਾ ਆਦਮਪੁਰ ਤੋਂ ਸ੍ਰੀ ਰਾਜਿੰਦਰ ਕੁਮਾਰ, ਹਲਕਾ ਬਲਾਚੌਰ ਤੋਂ ਸ੍ਰੀ ਹਰ ਗੋਪਾਲ ਸਿੰਘ ਹਲਕਾ ਧਰਮਕੋਟ ਤੋਂ ਸ੍ਰੀ ਬਲਦੇਵ ਸਿੰਘ ਭੱਟੀ, ਹਲਕਾ ਸ਼ੇਰਪੁਰ ਤੋਂ ਸ੍ਰੀ ਰਾਜ ਸਿੰਘ ਖੇੜੀ ਤੇ ਭਦੌੜ ਹਲਕੇ ਤੋਂ ਸ੍ਰੀ ਨਿਰਮਲ ਸਿੰਘ ਨਿੰਮਾ ਵਿਧਾਇਕ ਬਣ ਗਏ। ਸ੍ਰੀ ਸਤਨਾਮ ਕੈਂਥ ਵਿਰੋਧੀ ਧਿਰ ਦੇ ਆਗੂ ਨਿਯੁਕਤ ਕੀਤੇ ਗਏ। ਪਹਿਲੀ ਵਾਰ ਬਸਪਾ ਮੁੱਖ ਵਿਰੋਧੀ ਧਿਰ ਵਜੋਂ ਪੰਜਾਬ ਵਿਧਾਨ ਸਭਾ ਵਿਚ ਦਾਖਲ ਹੋਣ ਵਿਚ ਕਾਮਯਾਬ ਹੋਈ ਤਾਂ ਰਾਜਨੀਤਕ ਪੰਡਤਾਂ ਦੇ ਦੰਦ ਜੁੜ ਗਏ।
ਬੇਸ਼ੱਕ ਬਸਪਾ ਦੀ ਚੜ੍ਹਤ ਰੋਕਣ ਲਈ ਆਤੰਕਵਾਦ ਦੀ ਆੜ ਵਿਚ ਬਸਪਾ ਕਾਰਕੁਨਾਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਸਾਜਸ਼ੀ ਵਿਉਂਤਬੰਦੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ। ਇਸ ਦੀ ਉਂਗਲ ਕਾਂਗਰਸ ਪਾਰਟੀ ਵਲ ਉਠਦੀ ਰਹੀ ਹੈ। ਪੰਜਾਬ ਦੇ ਵੱਖ ਵੱਖ ਖਿੱਤਿਆਂ ਵਿਚ ਲੋਕਾਂ ਵਿਚ ਦਹਿਸ਼ਤ ਤੇ ਸਹਿਮ ਪੈਦਾ ਕਰਨ ਲਈ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ। ਨੂਰਮਹਿਲ ਲਾਗੇ ਪਾਰਟੀ ਦਾ ਪ੍ਰਚਾਰ ਕਰਦੇ ਹੇਠ ਲਿਖੇ ਨੌਂ ਵਰਕਰ ਗੋਲੀਆਂ ਮਾਰਕੇ ਸ਼ਹੀਦ ਕੀਤੇ ਗਏ।
1. ਸ੍ਰੀ ਸੁਲੱਖਣ ਤਲਵਣ ਚੂਹੇ ਕੀ
2. ਸ੍ਰੀ ਹਰੀ ਦੇਵ ਸਿੱਧਮ ਮੁਸਤੱਦੀ
3. ਸ੍ਰੀ ਚੂਹੜ ਰਾਮ ਸਿੱਧਮ ਮੁਸਤੱਦੀ
4. ਸ੍ਰੀ ਰਾਜ ਕੁਮਾਰ ਸਿੱਧਮ ਮੁਸਤੱਦੀ
5. ਸ੍ਰੀ ਸਤਵੰਤ ਰਾਏ ਸਿੱਧਮ ਮੁਸਤੱਦੀ
6. ਸ੍ਰੀ ਸੋਖਾ ਰਾਮ ਭੰਡਾਲ ਹਿੰਮਤ
7. ਸ੍ਰੀ ਕਸ਼ਮੀਰੀ ਲਾਲ ਚੂਹੇ ਕੀ
8. ਸ੍ਰੀ ਹਰਭਜਨ ਲਾਲ ਚੀਮਾਂ ਕਲਾਂ
9. ਸ੍ਰੀ ਨਰੇਸ਼ ਕੁਮਾਰ ਲੱਧੇਵਾਲੀ (ਜਲੰਧਰ)
ਇਨ੍ਹਾਂ ਤੋਂ ਇਲਾਵਾ ਸ੍ਰੀ ਚਮਨ ਲਾਲ ਮਾਖਾ ਸਿੱਧਮ ਸ੍ਰੀ ਰਾਮ ਸਰੂਪ ਸਿੱਧਮ, ਸ੍ਰੀ ਕਸ਼ਮੀਰੀ ਲਾਲ, ਸ੍ਰੀ ਰਾਜ ਕੁਮਾਰ ਕਾਲਾ ਨੂਰਮਹਿਲ ਤੇ ਸ੍ਰੀ ਦੀਪਾ ਕਾਕੀ ਪਿੰਡ ਗੋਲੀਆਂ ਨਾਲ ਜ਼ਖ਼ਮੀ ਹੋ ਗਏ।
ਬਸਪਾ ਵਰਕਰਾਂ ਦੇ ਹੌਸਲੇ ਪਸਤ ਕਰਨ ਲਈ ਖਰੜ ਲਾਗੇ ਦਬਾਲੀ ਪਿੰਡ ਵਿਚ ਘਰਾਂ ਵਿਚੋਂ ਕੱਢ ਕੇ
1. ਭਾਈ ਹਰਜਿੰਦਰ ਸਿੰਘ,
2. ਭਾਈ ਜਸਮੇਰ ਸਿੰਘ,
3. ਭਾਈ ਮਾਨ ਸਿੰਘ,
4. ਭਾਈ ਜਸਵੀਰ ਸਿੰਘ,
5. ਭਾਈ ਚੰਭਾ ਸਿੰਘ
ਅਤੇ ਏਸੇ ਤਰ੍ਹਾਂ ਲੁਧਿਆਣੇ ਲਾਗੇ ਜਸਪਾਲ ਬਾਂਗਰ ਪਿੰਡ ਦੇ
1. ਸਰਦਾਰ ਨਛੱਤਰ ਸਿੰਘ,
2. ਸਰਦਾਰ ਨਾਜ਼ਰ ਸਿੰਘ,
3. ਸਰਦਾਰ ਅਮਰ ਸਿੰਘ,
4. ਸਰਦਾਰ ਸਵਰਨਜੀਤ ਸਿੰਘ,
5. ਸਰਦਾਰ ਹਰਜਿੰਦਰ ਸਿੰਘ ਨੂੰ ਸ਼ਹੀਦ ਕਰ ਦਿਤਾ ਗਿਆ।
ਜੇ ਨਿਰਪੱਖ ਤੇ ਆਜ਼ਾਦ ਚੋਣ ਹੁੰਦੀ ਤਾਂ ਪੰਜਾਬ ਦਾ ਚੋਣ ਨਤੀਜਾ ਹੋਰ ਹੋਣਾ ਸੀ ਅਤੇ 1992 ਵਿਚ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸਤ੍ਹਾ ਤੇ ਕਾਬਜ਼ ਹੁੰਦੀ।

**

Related Articles

Leave a Comment