ਦੀਵਾਲੀ ਦੇ ਮੌਕੇ ਮੁਲਾਜ਼ਮਾਂ ਦੀ ਤਨਖਾਹ 25 ਅਕਤੂਬਰ ਨੂੰ ਪਾਉਣ ਦੀ ਅਪੀਲ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਜ਼ੀਰਾ, 14 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਇੱਕ ਪਾਸੇ ਤਾਂ ਪੰਜਾਬ ਸਰਕਾਰ ਰਾਜ ਦੇ ਵਿੱਤੀ ਹਾਲਾਤ ਠੀਕ ਹੋਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਉੱਥੇ ਹੀ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਲਾਂ ਦਾ ਕੇਂਦਰ ਸਰਕਾਰ ਦੀ ਤਰਜ ਤੇ 16% ਡੀਏ ਦਾ ਬਕਾਇਆ ਦੇਣ ਅਤੇ ਪੇ ਕਮਿਸ਼ਨ ਦੇ ਬਕਾਏ ਦੇਣ ਦਾ ਐਲਾਨ ਨਾ ਕਰਨ ਨਾਲ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਗੁੱਸੇ ਅਤੇ ਰੋਹ ਵਿੱਚ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸ਼ਕੌਰ , ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਸੂਬਾ ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਪੰਜਾਬ ਸਰਕਾਰ ਤੋਂ ਬਾਅਦ ਬਣੀ ਹੈ ਪਰ ਆਪਣੀ ਮਜਬੂਤ ਇੱਛਾ ਸ਼ਕਤੀ ਨੂੰ ਦਿਖਾਉਂਦਿਆਂ ਹੋਇਆ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਐਨਪੀਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਹੈ। ਭਾਵੇਂ ਪੰਜਾਬ ਸਰਕਾਰ ਹਿਮਾਚਲ ਦੀ ਸਰਕਾਰ ਤੋਂ ਦੋ ਸਾਲ ਪਹਿਲਾਂ ਬਣੀ ਹੈ ਪਰ ਆਪਣੀ ਮਜਬੂਤ ਇੱਛਾ ਸ਼ਕਤੀ ਦੀ ਘਾਟ ਕਾਰਨ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਅਮਲੀ ਜਾਮਾ ਨਹੀਂ ਪਹਿਣਾ ਸਕੇ । ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਕਿਉਂਕਿ ਉਹ ਪਿਛਲੀਆਂ ਸਰਕਾਰਾਂ ਵੱਲੋਂ ਤਿਉਹਾਰਾਂ ਮੌਕੇ ਡੀਏ ਦੇ ਐਲਾਨ ਹੁੰਦੇ ਦੇਖਦੇ ਆਏ ਹਨ। ਪਰ ਮੌਜੂਦਾ ਸਰਕਾਰ ਦੀ ਇਸ ਸਬੰਧੀ ਧਾਰੀ ਚੁੱਪੀ ਨਾਲ ਉਹ ਨਾਰਾਜ਼ ਹਨ। ਇਸ ਮੌਕੇ ਪੰਜਾਬ ਸਰਕਾਰ ਤੋਂ ਅੱਤ ਦੀ ਮਹਿੰਗਾਈ ਕਾਰਨ ਤਿਉਹਾਰਾਂ ਮੌਕੇ ਡੀਏ ਅਤੇ ਪੇ ਕਮਿਸ਼ਨ ਦੇ ਬਕਾਏ ਦੇਣ ਦਾ ਐਲਾਨ ਅਤੇ ਇਸ ਨੂੰ ਲਾਗੂ ਕਰਨ ਦੀ ਉਨ੍ਹਾਂ ਵਲੋਂ ਮੰਗ ਕੀਤੀ ਗਈ । ਉਹਨਾਂ ਪੰਜਾਬ ਸਰਕਾਰ ਨੂੰ ਤਿਉਹਾਰਾਂ ਨੂੰ ਦੇਖਦੇ ਹੋਏ ਇਸ ਵਾਰ 25 ਅਕਤੂਬਰ ਨੂੰ ਮੁਲਾਜ਼ਮਾਂ ਦੀ ਤਨਖਾਹ ਪਾਉਣ ਦੀ ਵੀ ਅਪੀਲ ਕੀਤੀ।