ਮਾਨਸਾ, 15 ਜੂਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ’ਤੇ
ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ
ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਕਮਿਊਨਟੀ ਸਿਹਤ ਕੇਂਦਰ ਖਿਆਲਾ ਕਲਾਂ
ਅਧੀਨ ਪਿੰਡਾਂ ਵਿੱਚ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਜਾਰੀ
ਕੀਤੇ ਜਾ ਰਹੇ ਹਨ। ਇਸ ਸਕੀਮ ਅਧੀਨ ਲੋਕਾਂ ਨੂੰ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ
ਹਸਪਤਾਲਾਂ ਵਿਚ ਮੁਫ਼ਤ ਇਲਾਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਗ੍ਰਾਮ ਪੰਚਾਇਤ
ਅਤੇ ਨਗਰ ਕੌਂਸਲ ਪੱਧਰ ’ਤੇ ਐਮ.ਸੀ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਤਹਿਤ ਆਯੂਸ਼ਮਾਨ
ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੋਂ ਵਾਂਝੇ ਲਾਭਪਾਤਰੀਆਂ ਨੂੰ ਕਾਰਡ ਜਾਰੀ ਕਰਨ
ਲਈ ਫੀਲਡ ਪੱਧਰ ’ਤੇ ਸਿਹਤ ਕਰਮਚਾਰੀਆਂ, ਆਸ਼ਾ ਅਤੇ ਸਰਪੰਚਾਂ ਦੀ ਮਦਦ ਨਾਲ ਕਾਮਨ
ਸਰਵਿਸ ਸੈਂਟਰਾਂ ਵਿਚ ਕਾਰਡ ਬਣਾ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿਚ ਕਿਸਾਨਾਂ, ਉਸਾਰੀ ਕਿਰਤੀਆਂ, ਨੀਲੇ
ਕਾਰਡ ਹੋਲਡਰ, ਛੋਟੇ ਵਪਾਰੀਆਂ ਅਤੇ ਅਧਿਕਾਰਤ ਮੀਡੀਆ ਕਰਮੀਆਂ ਨੂੰ ਇਸ ਯੋਜਨਾ
ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਬੀਮਾ ਕਾਰਡਾਂ ਰਾਹੀਂ ਲਾਭਪਾਤਰੀ ਦੇ ਸਾਰੇ ਪਰਿਵਾਰ
ਨੂੰ ਪੰਜ ਲੱਖ ਤੱਕ ਦੀ ਮੁਫ਼ਤ ਮੈਡੀਕਲ ਇਲਾਜ਼ ਦੀ ਸਹੂਲਤ ਸਾਰੇ ਸਰਕਾਰੀ ਹਸਪਤਾਲਾਂ,
ਮੈਡੀਕਲ ਕਾਲਜਾਂ ਅਤੇ ਸੁਚੀਬੱਧ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੋਣ ’ਤੇ ਮੁਫ਼ਤ ਉਪਲਬਧ
ਹੋਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨ ਇਸ ਯੋਜਨਾ ਵਿਚ ਲਾਭਪਾਤਰੀ ਬਣਨ ਲਈ ਜਿਣਸ ਵੇਚਣ
ਸਮੇਂ ’ਜੇ ਫਾਰਮ’ ਜਰੂਰ ਹਾਸਲ ਕਰਨ। ਸਿਹਤ ਬੀਮਾ ਯੋਜਨਾ ਕਾਰਡ ਬਣਵਾਉਣ ਲਈ ਸਰਕਾਰੀ
ਹਸਪਤਾਲ ਖਿਆਲਾ ਅਤੇ ਭੀਖੀ ਵਿੱਚ ਕਾਰਡ ਮੁਫ਼ਤ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾਂ
ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਮਨ ਸਰਵਿਸ ਸੈਂਟਰ ਬਣਾਏ ਗਏ ਹਨ। ਇਨ੍ਹਾਂ ਕਾਮਨ ਸਰਵਿਸ
ਸੈਂਟਰ ਵਿੱਚ ਲਾਭਪਾਤਰੀ ਆਪਣੇ ਪਰਿਵਾਰ ਦੇ ਸਾਰੇ ਵਿਅਕਤੀਆਂ ਦਾ ਪ੍ਰਤੀ ਵਿਅਕਤੀ 30
ਰੁਪਏ ਦੇ ਕੇ ਕਾਰਡ ਬਣਵਾ ਸਕਦੇ ਹਨ। ਲਾਭਪਾਤਰੀ ਆਪਣੇ ਅਧਾਰ ਕਾਰਡ ਦੇ ਨਾਲ ਨੀਲਾ
ਕਾਰਡ, ਕਿਸਾਨ ਜੇ ਫਾਰਮ, ਅਤੇ ਵਪਾਰੀ ਪੈਨ ਕਾਰਡ ਲਿਆ ਕੇ ਇਹ ਕਾਰਡ ਬਣਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਲਾਭਪਾਤਰੀ ਨੁੰ ਕੋਈ ਮੁਸ਼ਕਿਲ ਆਉਂਦੀ ਹੋਵੇ ਤਾਂ
ਜ਼ਿਲ੍ਹਾ ਹਸਪਤਾਲ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਜਾਂ 104 ਹੈਲਪਲਾਈਨ ’ਤੇ ਸੰਪਰਕ
ਕੀਤਾ ਜਾ ਸਕਦਾ ਹੈ।