Home » ਮਾਮਲਾ ਟਿੱਪਰ ਹੇਠ ਕੁਚਲੀ ਸਕੂਲੀ ਵਿਦਿਆਰਥਣ ਦੇ ਪਰਿਵਾਰ ਨੂੰ ਇਨਸਾਫ਼ ਲਈ ਸੰਘਰਸ਼ ਦਾ

ਮਾਮਲਾ ਟਿੱਪਰ ਹੇਠ ਕੁਚਲੀ ਸਕੂਲੀ ਵਿਦਿਆਰਥਣ ਦੇ ਪਰਿਵਾਰ ਨੂੰ ਇਨਸਾਫ਼ ਲਈ ਸੰਘਰਸ਼ ਦਾ

ਜੱਥੇਬੰਦੀਆਂ ਵੱਲੋਂ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂ ਵੀਰ ਸਿੰਘ ਬੜਵਾ ਨੂੰ ਗਿਰਫ਼ਤਾਰ ਕਰਨ ਦੀ ਨਿਖੇਧੀ

by Rakha Prabh
56 views

ਜੱਥੇਬੰਦੀਆਂ ਨੇ ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ; ਸੰਘਰਸ਼ ਦੀ ਚਿਤਾਵਨੀ 

ਸੰਗਰੂਰ, 29 ਜੁਲਾਈ, 2023: ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂ ਵੀਰ ਸਿੰਘ ਬੜਵਾ ਨੂੰ ਗਿਰਫ਼ਤਾਰ ਕਰਨ ਦੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਖ਼ਤ ਨਿਖੇਧੀ ਕਰਦਿਆਂ ਦੱਸਿਆ ਕਿ ਓਵਰ ਲੋਡ ਟਿੱਪਰ ਥੱਲੇ ਆ ਕੇ ਸਕੂਲੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਪਿੰਡ ਭਲਾਣ (ਨੰਗਲ ਡੈਮ) ਵਿੱਚ ਪਿੰਡ ਤੇ ਇਲਾਕੇ ਦੇ ਲੋਕਾਂ ਵੱਲੋਂ ਦੋਸ਼ੀਆਂ ਦੀ ਗਿ੍ਰਫਤਾਰੀ ਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਦਿਨ-ਰਾਤ ਚੱਲ ਰਹੇ ਜਾਮ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਗੱਲ ਨਾ ਸੁਣਨ ’ਤੇ ਵੱਡੇ ਰੋਡ ਨੂੰ ਜਾਮ ਦੇ ਸੱਦੇ ਨੂੰ ਲਾਗੂ ਕਰਨ ਤੋਂ ਪਹਿਲਾਂ ਅੱਜ ਤੜਕਸਾਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂ ਬੀਰ ਸਿੰਘ ਬੜਵਾ ਨੂੰ ਪੁਲੀਸ ਨੇ ਗਿਰਫ਼ਤਾਰ ਕਰ ਲਿਆ। ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਇਸਤਰੀ ਜਾਗ੍ਰਿਤੀ ਮੰਚ ਜੱਥੇਬੰਦੀਆਂ ਵੱਲੋਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅਤੇ ਆਪ ਸਰਕਾਰ ਤੇ ਰੋਪੜ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਣਵੀਰ ਰੰਧਾਵਾ ਨੂੰ ਨਾ ਛੱਡਿਆ ਗਿਆ ਤਾਂ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਤੇ ਬਿੱਕਰ ਹਥੋਆ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਰਡਪੁਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਸਕੱਤਰ ਅਮਨਦੀਪ ਕੌਰ ਨੇ ਕਿਹਾ ਕਿ ਰੇਤ ਮਾਫੀਆ ਵੱਲੋਂ ਅਪਣੇ ਖਰਚੇ ਘਟਾਉਣ ਲਈ ਵੱਡਾ ਰੋਡ ਛੱਡ ਕੇ ਪੇਂਡੂ ਰਸਤੇ ਰਾਹੀਂ ਵੱਡੇ-ਵੱਡੇ ਰੇਤੇ-ਬਜਰੀ ਨਾਲ ਭਰੇ ਟਰੱਕ ਟਿੱਪਰ ਚਲਾਏ ਜਾਂਦੇ ਹਨ ਅਤੇ ਬੱਸਾਂ ਵਾਲੇ ਵੀ ਟੋਲ ਬਚਾਉਣ ਲਈ ਪੇਂਡੂ ਰਸਤੇ ਅਪਨਾਉਂਦੇ ਹਨ। ਪੇਂਡੂ ਸੜਕਾਂ ਖੁਲੀਆਂ ਨਾ ਹੋਣ ਕਰਕੇ ਨਿੱਤ ਦਿਹਾੜੀ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਭਲਾਣ ਵਿਚ ਇੱਕ ਦਿਨ ਪਹਿਲਾਂ ਤਿੰਨ ਨੌਜਵਾਨਾਂ ’ਤੇ ਬੱਸ ਚੜ੍ਹਾਈ ਤੇ ਦੂਸਰੇ ਦਿਨ ਟਿੱਪਰ ਨੇ ਇੱਕ ਬੱਚੀ ਦੀ ਜਾਨ ਲੈ ਲਈ। ਲੋਕ ਕਾਫੀ ਲੰਮੇ ਸਮੇਂ ਤੋਂ ਇਸਤੇ ਸੰਘਰਸ਼ ਕਰਦੇ ਆ ਰਹੇ ਹਨ। ਹੁਣ ਤੱਕ ਇਹ ਟਿੱਪਰ ਕਿੰਨੇ ਹੀ ਲੋਕਾਂ ਦੀ ਜਾਨ ਲੈ ਚੁੱਕੇ ਹਨ ਪ੍ਰੰਤੂ ਸਰਕਾਰ ਤੇ ਪ੍ਰਸਾਸ਼ਨ ਦੀ ਮਿਲੀਭੁਗਤ ਕਰਕੇ ਇਹਨਾਂ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ। ਜਦੋਂ ਲੋਕ ਸੰਘਰਸ਼ ਕਰਦੇ ਹਨ ਤਾਂ ਦੋ ਦਿਨ ਟਿੱਪਰ ਬੰਦ ਹੁੰਦੇ ਹਨ ਪਰ ਫਿਰ ਚੱਲਣ ਲੱਗਦੇ ਹਨ। ਪਿੰਡ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਉਹਨਾਂ ਦੀ ਮੁਰੰਮਤ ਵੀ ਨਹੀਂ ਕੀਤੀ ਜਾਂਦੀ। ਦੁਖੀ ਹੋਏ ਲੋਕਾਂ ਨੇ ਬੱਚੀ ਦੀ ਮੌਤ ਤੋਂ ਬਾਅਦ ਜਾਮ ਲਗਾ ਦਿੱਤਾ ਤਾਂ ਜਾਮ ਦੀ ਅਗਵਾਈ ਕਰਦੇ ਰਣਵੀਰ ਰੰਧਾਵਾ ਅਤੇ ਬੀਰ ਸਿੰਘ ਨੂੰ ਪੁਲੀਸ ਨੇ ਚੁੱਕ ਲਿਆ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਆਗੂਆਂ ਨੂੰ ਨਾ ਛੱਡਿਆ ਗਿਆ ਤੇ ਲੋਕਾਂ ਨੂੰ ਇਨਸਾਫ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Related Articles

Leave a Comment