ਜ਼ੀਰਾ/ ਫਿਰੋਜ਼ਪੁਰ 28 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਲੋਕ ਆਗੂ ਭਾਨਾ ਸਿੱਧੂ ਤੇ ਨਜਾਇਜ ਪਰਚਿਆਂ ਦੇ ਵਿਰੋਧ ਵਿੱਚ ਸੰਘਰਸ਼ਸ਼ੀਲ 6 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਅੰਦਰ ਦੋ ਘੰਟੇ ਟੂਲ ਪਲਾਜੇ ਬੰਦ ਕਰਕੇ ਆਪਣਾ ਰੋਸ ਜ਼ਾਹਿਰ ਕਰਦਿਆਂ ਸਰਕਾਰ ਪਾਸੋਂ ਭਾਨੇ ਸਿੱਧੂ ਉਪਰ ਦਰਜ਼ ਮਾਮਲੇ ਰੱਦ ਕਰਕੇ ਰਿਹਾਅ ਕਰਨ ਦੀ ਮੰਗ ਕੀਤੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਅਜਾਦ ਕਿਸਾਨ ਕਮੇਟੀ ਦੋਆਬਾ, ਬੀ ਕੇ ਯੂ ਬਹਿਰਾਮ ਕੇ, ਬੀ ਕੇ ਯੂ ਭਟੇੜੀ, ਕਿਸਾਨ ਮਜਦੂਰ ਮੋਰਚਾ ਪੰਜਾਬ, ਦਸਮੇਸ਼ ਕਿਸਾਨ ਯੂਨੀਅਨ ਨੇ ਪੂਰੇ ਪੰਜਾਬ ਵਿੱਚ 12 ਤੋ 2 ਵਜੇ ਤੱਕ ਟੋਲ ਪਲਾਜੇ ਬੰਦ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਟੂਲ ਪਲਾਜੇ ਫਰੀ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਆਖਿਆ ਕਿ ਭਾਨੇ ਸਿੱਧੂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਲਗਾਤਾਰ ਠੱਗ ਏਜੰਟਾਂ ਖਿਲਾਫ ਲੜ ਰਿਹਾ ਸੀ ਤੇ ਲੋਕਾ ਦੇ ਪੈਸੇ ਵਾਪਸ ਕਰਵਾ ਰਿਹਾ ਸੀ । ਉਨ੍ਹਾਂ ਕਿਹਾ ਕਿ ਭਾਨੇ ਦੀ ਏਜੰਟਾਂ ਵਿਰੁੱਧ ਲੜਾਈ ਅਤੇ ਇਸ ਕਾਰਵਾਈ ਨਾਲ ਆਮ ਲੋਕ ਤਾਂ ਖੁਸ ਹਨ ਪਰ ਏਜੰਟਾਂ ਦੀ ਪੈਸੇ ਦੇ ਜੋਰ ਤੇ ਸਰਕਾਰ ਵਿੱਚ ਪਕੜ ਹੋਣ ਕਰਕੇ ਕੁਝ ਰਾਜਨੀਤਿਕ ਆਗੂ ਦੁਖੀ ਹਨ । ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁਕ ਰਿਹਾ ਸੀ ਤੇ ਸਰਕਾਰ ਦੇ ਨਿਸ਼ਾਨੇ ਤੇ ਸੀ। ਸਰਕਾਰ ਤੇ ਠੱਗ ਏਜੰਟਾਂ ਦੀ ਮਿਲੀਭੁਗਤ ਦਾ ਸਿੱਟਾ ਹੈ ਜੋ ਭਾਨੇ ਤੇ ਤਸ਼ੱਦਦ ਕੀਤਾ ਗਿਆ ਤੇ ਇੱਕ ਤੋ ਬਾਅਦ ਇੱਕ ਤਿੰਨ ਪਰਚੇ ਪਾਏ ਗਏ। ਸੂਬਾ ਪ੍ਰਧਾਨ ਨੇ ਸਰਕਾਰ ਦੀ ਬਦਲਾ ਖੋਰੀ ਨਾਲ ਕੀਤੀ ਕਾਰਵਾਈ ਦੀ ਕਰੜੇ ਸਬਦਾ ਵਿੱਚ ਨਿੰਦਾ ਕੀਤੀ ਅਤੇ ਭਾਨੇ ਨੂੰ ਤਰੁੰਤ ਰਿਹਾ ਕਰਨ ਤੇ ਪਾਏ ਪਰਚੇ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਧਰਨੇ ਵਿੱਚ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ ਨੇ ਵੀ ਹਮਾਇਤ ਦਿੱਤੀ ਉਥੇ ਟੂਲ ਪਲਾਜਿਆ ਤੇ ਲੱਗੇ ਧਰਨਿਆਂ ਦੀ ਅਗਵਾਈ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਬਲਵੰਤ ਸਿੰਘ ਬਹਿਰਾਮਕੇ, ਹਰਪਾਲ ਸਿੰਘ ਸੰਘਾ, ਜਸਦੇਵ ਸਿੰਘ ਲੱਲਤੋ, ਗੁਰਧਿਆਨ ਸਿੰਘ ਭਟੇੜੀ, ਮਲਕੀਤ ਸਿੰਘ ਭੁੱਲਰ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ ।