Home » ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਖਾਂ ਦਾਨ ਕਰਨ ਸੰਬੰਧੀ ਫ਼ਾਰਮ ਭਰੇ

ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਖਾਂ ਦਾਨ ਕਰਨ ਸੰਬੰਧੀ ਫ਼ਾਰਮ ਭਰੇ

8 ਸਤੰਬਰ ਤੱਕ ਸਿਹਤ ਵਿਭਾਗ ਵੱਲੋਂ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾਵੇਗਾ

by Rakha Prabh
53 views
ਦਲਜੀਤ ਕੌਰ
ਸੰਗਰੂਰ/ਦਿੜ੍ਹਬਾ, 31 ਅਗਸਤ, 2023: ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੌਹਰੀਆਂ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਵਚਨ ਕਰਨ ਵਾਸਤੇ ਪ੍ਰੇਰਿਤ ਕਰਨ ਲਈ, ਸਿਹਤ ਬਲਾਕ ਕੌਹਰੀਆਂ ਵੱਲੋਂ 8 ਸਤੰਬਰ ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸਦੇ ਚੱਲਦਿਆਂ ਹੀ ਸੀ ਐਚ ਸੀ ਦਿੜ੍ਹਬਾ ਵਿਖੇ ਸਮੂਹ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਖਾਂ ਦਾਨ ਕਰਨ ਸੰਬੰਧੀ ਕਰੀਬ 50 ਫ਼ਾਰਮ ਭਰੇ।
ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਅੰਨ੍ਹਾਪਣ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੌਰਨੀਆ ਸੰਬਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਕੌਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨ੍ਹਾਪਣ ਪੁਤਲੀ ਬਦਲਣ ਦੇ ਆਪਰੇਸ਼ਨ (ਜਿਸਨੂੰ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਜਾਂ ਕੇਰਾਟੋਪਲਾਸਟੀ ਵੀ ਕਿਹਾ ਜਾਂਦਾ ਹੈ) ਨਾਲ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕੌਰਨੀਆ ਦੀ ਥਾਂ ਤੇ ਦਾਨੀ ਅੱਖ ਤੋਂ ਇਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੂੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ।
ਉਨ੍ਹਾਂ ਇਸ ਪੰਦਰਵਾੜੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਦੇ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਜਾਗਰੂਕਤਾ ਜ਼ਰੀਏ ਦੂਰ ਕੀਤਾ ਜਾਵੇਗਾ। ਅੱਖਾਂ ਦੇ ਦਾਨ ਸੰਬਧੀ ਰਜਿਸਟ੍ਰੇਸ਼ਨ ਫ਼ਾਰਮ ਪੰਜਾਬ ਦੇ ਸਮੂਹ ਜਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ‘ਤੇ ਉਪਲਬਧ ਹਨ। ਉਹਨਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨਲਾਈਨ ਵੈਬਸਾਈਟ https://nhm.punjab.gov.in/Eye_Donation/form1.php ‘ਤੇ ਜਾ ਕੇ ਵੀ ਅੱਖਾਂ ਦੇ ਦਾਨ ਸੰਬਧੀ ਰਜਿਸਟ੍ਰੇਸ਼ਨ ਫ਼ਾਰਮ ਭਰਿਆ ਜਾ ਸਕਦਾ ਹੈ ਅਤੇ ਸਫ਼ਲਤਾਪੂਰਵਕ ਰਜਿਸਟ੍ਰੇਸ਼ਨ ਉਪਰੰਤ ਭਰੇ ਹੇਏ ਫ਼ਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਪ੍ਰਿੰਟ ਵੀ ਲਿਆ ਜਾ ਸਕਦਾ ਹੈ।
ਇਸ ਮੌਕੇ ਡਾ. ਯਾਦਵਿੰਦਰ ਕੌਰ, ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ, ਜਨਕ ਰਾਜ ਫਾਰਮੇਸੀ ਅਫਸਰ, ਟਿੱਕਾ ਰਾਣੀ, ਗੁਰਪ੍ਰੀਤ ਸਿੰਘ ਮੰਗਵਾਲ, ਮਨਪ੍ਰੀਤ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਚਾਂਦੂ ਰਾਮ, ਕਰਮਜੀਤ ਸਿੰਘ, ਸਤਗੁਰ ਸਿੰਘ, ਆਦਿ ਹਾਜ਼ਰ ਸਨ।

Related Articles

Leave a Comment