ਮੁੰਬਈ:ਗਾਇਕ ਕੁਮਾਰ ਸਾਨੂ ਦੀ ਧੀ ਸ਼ੈਨਨ ਕੇ ਕਾਨ ਫਿਲਮ ਫੈਸਟੀਵਲ ਵਿੱਚ ਪੈਰ ਧਰਾਵਾ ਕਰਨ ਜਾ ਰਹੀ ਹੈ। ਸ਼ੈਨਨ ਨੇ 2018 ਵਿੱਚ ‘ਪੂ ਬੀਅਰ’ ’ਚ ਗੀਤ ਗਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ 2020 ਵਿੱਚ ਉਸ ਨੇ ਹੌਲੀਵੁੱਡ ਫਿਲਮ ‘ਬਿੱਗ ਫੀਡ’ ਵਿੱਚ ਅਦਾਕਾਰੀ ਕੀਤੀ ਅਤੇ ‘ਗਿਵ ਮੀ ਯੂਅਰ ਹੈਂਡ’ ਗੀਤ ਗਾਇਆ। ਕਾਨ ਬਾਰੇ ਗੱਲਬਾਤ ਕਰਦਿਆਂ ਸ਼ੈਨਨ ਨੇ ਕਿਹਾ, ‘‘ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਅਜਿਹਾ ਮੌਕਾ ਮਿਲਿਆ। ਮੈਂ ਇੰਨੇ ਵੱਡੇ ਫਿਲਮੀ ਜਗਤ ਵਿੱਚ ਥੋੜ੍ਹੀ ਜਿਹੀ ਜਗ੍ਹਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਮੈਂ ਇਸ ਨੂੰ ਆਪਣੀ ਸ਼ੁਰੂਆਤ ਵਜੋਂ ਦੇਖਦੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ। ਰੱਬ ਦੀ ਮਿਹਰ ਨਾਲ ਭਵਿੱਖ ਵਿੱਚ ਹੋਰ ਵੀ ਪ੍ਰਾਜੈਕਟ ਆਉਣਗੇ।’’ ਜਾਣਕਾਰੀ ਅਨੁਸਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ‘ਟਾਇਟੈਨਿਕ’ ਦੀ ਅਦਾਕਾਰਾ ਕੇਟ ਵਿੰਸਲੇਟ ਨਾਲ ਕਾਨ ਫਿਲਮ ਫੈਸਟੀਵਲ ਵਿੱਚ ਕਦਮ ਰੱਖਣ ਜਾ ਰਹੀ ਹੈ। ਅਨੁਸ਼ਕਾ ਅਤੇ ਉਸ ਦੇ ਪਤੀ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨਾਲ ਮੁਲਾਕਾਤ ਕੀਤੀ ਸੀ। ਲੈਨਿਨ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕਰਦਿਆਂ ਅਨੁਸ਼ਕਾ ਨਾਲ ਕਾਨ ਫਿਲਮ ਫੈਸਟੀਵਲ ਬਾਰੇ ਗੱਲਬਾਤ ਕਰਨ ਦਾ ਸੰਕੇਤ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕਾਨ ਫਿਲਮ ਫੈਸਟੀਵਲ 16 ਤੋਂ 27 ਮਈ ਨੂੰ ਫਰਾਂਸ ਵਿੱਚ ਹੋ ਰਿਹਾ ਹੈ। -ਏਐੱਨਆਈ
ਕਾਨ ਫਿਲਮ ਫੈਸਟੀਵਲ ’ਚ ਕਦਮ ਰੱਖਣ ਜਾ ਰਹੀ ਹੈ ਕੁਮਾਰ ਸਾਨੂ ਦੀ ਧੀ ਸ਼ੈਨਨ
previous post