Home » ਮੈਂ ਪਿੰਡ ਅਤੇ ਸ਼ਹਿਰ ਦੀ ਕਸ਼ਮਕਸ਼ ਬਾਰੇ ਕਿਉਂ ਲਿਖਦਾ ਹਾਂ ?

ਮੈਂ ਪਿੰਡ ਅਤੇ ਸ਼ਹਿਰ ਦੀ ਕਸ਼ਮਕਸ਼ ਬਾਰੇ ਕਿਉਂ ਲਿਖਦਾ ਹਾਂ ?

by Rakha Prabh
60 views
ਡਾ. ਬਲਦੇਵ ਸਿੰਘ ਧਾਲੀਵਾਲ ਸੰਪਰਕ: 98728-35835

 ਮੇਰੇ ਜੀਵਨ ਵਾਂਗ ਮੇਰੀ ਕਹਾਣੀ ਰਚਨਾ ਵੀ ਪਿੰਡ ਤੋਂ ਸ਼ਹਿਰ ਵੱਲ ਜਾਂਦੀਆਂ ਵਲ਼ਦਾਰ ਪਗਡੰਡੀਆਂ ਉੱਤੇ ਤੁਰਦਿਆਂ ਆਪਣਾ ਸਫ਼ਰ ਤੈਅ ਕਰਦੀ ਰਹੀ ਹੈ। ਇਸ ਲਈ ਇਸ ਦਾ ਰੂਪ-ਰੰਗ ਲਗਾਤਾਰ ਬਦਲਦਾ ਰਿਹਾ ਹੈ। ਚੌਦਾਂ-ਪੰਦਰਾਂ ਸਾਲ ਦੀ ਉਮਰ ਵਿਚ ਮੈਂ ਸਾਹਿਤਕ ਸਫ਼ਰ ਲਈ ਮੁੱਢਲੇ ਕਦਮ ਚੁੱਕ ਰਿਹਾ ਸਾਂ ਤਾਂ ਸ਼ਹਿਰ ਨਾਲ ਮੇਰਾ ਦੂਰ-ਨੇੜੇ ਦਾ ਵੀ ਕੋਈ ਵਾਹ-ਵਾਸਤਾ ਨਹੀਂ ਸੀ। ਜੇ ਰੀਣ-ਮਾਤਰ ਸੀ ਤਾਂ ਬਸ ਏਨਾ ਕੁ ਹੀ ਕਿ ਨੇੜਲੀ ਮੰਡੀ (ਮਲੋਟ) ਨਰਮਾ ਜਾਂ ਕਣਕ ‘ਸਿੱਟਣ’ ਜਾਂਦੇ ਬਾਪੂ ਨਾਲ, ਜੋੜਾ-ਜੁੱਤੀ ਲੈਣ, ਵਰ੍ਹੇ-ਛਿਮਾਹੀ ਚਲਾ ਜਾਂਦਾ ਸਾਂ। ਉਦੋਂ ਸਾਡਾ ਉਹ ਸ਼ਹਿਰ ਵੀ ਕਸਬਾ-ਨੁਮਾ ਹੀ ਸੀ।

ਲੱਗਦਾ ਸੀ ਕਿ ਆਪਣੇ ਪਿੰਡ ਕੁਰਾਈ ਵਾਲਾ ਤੋਂ ਬਾਹਰ ਤਾਂ ਜਿਵੇਂ ਕੋਈ ਦੁਨੀਆਂ ਵਸਦੀ ਹੀ ਨਹੀਂ ਸੀ। ਮੇਰਾ ਤਾਂ ਇਹੀ ਸੰਸਾਰ ਸੀ, ਰਾਜਸਥਾਨ ਦੀ ਵੱਖੀ ਨਾਲ ਲੱਗਦੇ ਰੇਤਲੇ ਇਲਾਕੇ ਵਿਚ ਵਸਿਆ ਮਲਵਈਆਂ ਦਾ ਇਹ ਵੱਡਾ ਪਿੰਡ, ਕਿੱਕਰਾਂ-ਬੇਰੀਆਂ ਦੀ ਨਾਂ-ਮਾਤਰ ਹਰਿਆਲੀ ਵਾਲਾ, ਉਂਜ ਭਾਵੇਂ ਇਸ ਦੇ ਲਾਗਲੇ ਇਲਾਕੇ ਨੂੰ ਲੱਖੀ ਜੰਗਲ ਕਿਹਾ ਜਾਂਦਾ ਸੀ। ਇਹ ਜੱਦੀ ਲੋਕਾਂ ਦਾ ਪਿੰਡ ਸੀ ਪਰ ਆਲ਼ੇ-ਦੁਆਲ਼ੇ ਤਿੰਨ-ਚਾਰ ਪਿੰਡ ਨਿਰੋਲ ਪਨਾਹਗੀਰਾਂ ਦੇ ਸਨ। ਮੈਂ ਇਕ ਨਿਮਨ ਮੱਧਵਰਗੀ ਜੱਟ ਕਿਸਾਨ ਪਰਿਵਾਰ ਵਿਚ ਜੰਮਿਆ-ਪਲ਼ਿਆ ਸਾਂ, ਪਰ ਉਸ ਵਕਤ ਮੱਧਵਰਗੀ ਵਿਸ਼ੇਸ਼ਣ ਕਦੇ ਨਹੀਂ ਸੀ ਸੁਣਿਆ ਸਗੋਂ ਮੇਰੇ ਮਾਂ-ਬਾਪ ਆਪਣੇ ਆਪ ਨੂੰ ਗਰੀਬ ਕਿਰਸਾਨ ਹੀ ਆਖਦੇ ਸਨ। ਮੇਰੀਆਂ ਪਹਿਲ-ਪਲੇਠੀ ਦੀਆਂ ਕਹਾਣੀਆਂ ਆਪਣੇ ਕਿਸਾਨ-ਪਰਿਵਾਰ, ਜੱਟ-ਸੀਰੀ ਦੇ ਸਬੰਧਾਂ, ਪਨਾਹਗੀਰਾਂ (ਭਾਊਆਂ) ਤੇ ਜੱਦੀ ਲੋਕਾਂ (ਮਲਵਈਆਂ) ਦੇ ਹਾਸੋਹੀਣੇ ਵਖਰੇਵਿਆਂ ਆਦਿ ਬਾਰੇ ਸਨ, ਜਿਵੇਂ ਮੁਕਤੀ ਨਹੀਂ, ਅਗਨ-ਬਾਣ, ਹੱਠ, ਸੱਪ ਛੱਡਣਾ ਆਦਿ, ਪਰ ਇਨ੍ਹਾਂ ਵਿਚ ਸ਼ਹਿਰ ਦਾ ਕੋਈ ਵੇਰਵਾ-ਮਾਤਰ ਵੀ ਨਹੀਂ ਸੀ। ਸ਼ਹਿਰ ਉਦੋਂ ਮੇਰੇ ਲਈ ਚੌਥੀ ਕੂੰਟ ’ਚ ਰਹਿੰਦਾ ਕੋਈ ਜਿੰਨ ਜਾਂ ਰਾਖਸ਼ ਸੀ ਜਿਸ ਬਾਰੇ ਮੈਂ ਬਾਤਾਂ ਰਾਹੀਂ ਕਈ ਕੁਝ ਸੁਣਿਆ ਹੋਇਆ ਸੀ।

ਠੇਠ ਪੇਂਡੂ ਸੰਸਕ੍ਰਿਤੀ ਅਨੁਸਾਰ ਢਲੇ ਅਵਚੇਤਨ ਕਰਕੇ ਉਸ ਵਕਤ ਮੇਰੀ ਸੋਚ ਪਿੰਡ-ਮੁਖੀ ਸੀ। ਸਭ ਤਰ੍ਹਾਂ ਦੇ ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਪਿੰਡ ਛੱਜੂ ਦੇ ਚੁਬਾਰੇ ਵਾਂਗ ਸੁਖਦਾਤਾ ਜਾਪਦਾ ਸੀ ਜਿੱਥੇ ਸਾਰੇ ਆਪਣੇ ਵਸਦੇ ਸਨ। ਜਿਉਂਦੇ ਤਾਂ ਇਕ ਪਾਸੇ, ਮੋਏ ਵੀ ਆਸ-ਪਾਸ ਫਿਰਦੇ ਲੱਗਦੇ ਸਨ। ਦੀਵਾਲੀ ਵਾਲੇ ਦਿਨ ਉਨ੍ਹਾਂ ਦੀਆਂ ਮੜ੍ਹੀਆਂ ਪੋਚਣ ਜਾਂਦੇ, ਕੱਚੀ ਲੱਸੀ ਪਾ ਕੇ ਉਨ੍ਹਾਂ ਦੀ ਪਿਆਸ ਮਿਟਾਉਂਦੇ, ਮੜ੍ਹੀ ਉੱਤੇ ਦੀਵਾ ਜਗਾ ਕੇ ਉਨ੍ਹਾਂ ਨੂੰ ਵਸਦੇ-ਰਸਦੇ ਹੋਣ ਦਾ ਅਹਿਸਾਸ ਕਰਾਉਣਾ ਲੋਚਦੇ, ਉਨ੍ਹਾਂ ਦੇ ਨਾਂ ਦੀ ਪੰਜ-ਕਾਪੜੀ ਪਹਿਨਦੇ, ਚੰਗਾ-ਚੋਖਾ ਖਾਂਦੇ। ਪਿੰਡ ਅਤੇ ਪਰਿਵਾਰ ਮਾਨਵੀ ਅਪਣੱਤ ਦਾ ਇਕ ਭਰ ਵਗਦਾ ਦਰਿਆ ਲੱਗਦਾ। ਜ਼ਿੰਦਗੀ ਦੇ ਪਹਿਲੇ ਤੇਰਾਂ-ਚੌਦਾਂ ਸਾਲ ਮੇਰਾ ਪਿੰਡ ਨਾਲ ਅਟੁੱਟ, ਰੁਮਾਂਸ ਅਤੇ ਰੁਮਾਂਚ ਭਰਿਆ ਰਿਸ਼ਤਾ ਰਿਹਾ।

ਸਾਲ 1975 ਵਿਚ ਮੈਂ ਆਪਣੇ ਨੇੜਲੇ ਪਿੰਡ ਝੋਰੜ ਦੇ ਸਰਕਾਰੀ ਸਕੂਲ ਤੋਂ ਦਸਵੀਂ ਪਾਸ ਕੀਤੀ ਅਤੇ ਮੰਡੀ ਡੀ.ਏ.ਵੀ. ਕਾਲਜ ਦੀ ਪ੍ਰੈਪ ਵਿਚ ਦਾਖ਼ਲ ਹੋ ਗਿਆ। ਪਹਿਲੀ ਵਾਰ ਮੇਰਾ ਵਾਹ ਇਕ ਕਸਬਾ-ਨੁਮਾ ਸ਼ਹਿਰ ਅਤੇ ਮਹਾਜਨੀ ਜੀਵਨ-ਜਾਚ ਨਾਲ ਪਿਆ। ਇਸ ਮੁੱਢਲੇ ਪ੍ਰਭਾਵ ਦੇ ਵੇਰਵੇ ਤੁਰੰਤ ਹੀ ਮੇਰੀ ਕਹਾਣੀ ਵਿਚ ਵੀ ਆਉਣ ਲੱਗੇ। ਕਹਾਣੀ ‘ਪੁੜ੍ਹਾਂ ਵਿਚਾਲੇ’ ਵਿਚ ਪਿੰਡ ਦੇ ਕੰਮੀ ਆਪਣੀ ਦਿਹਾੜੀ ਵਧਾਉਣ ਲਈ ਏਕਾ ਕਰਕੇ ਹੜਤਾਲ ਕਰ ਦਿੰਦੇ ਹਨ। ਵਾਢੀ ਦੀ ਰੁੱਤ ਹੋਣ ਕਰਕੇ ਕਿਸਾਨਾਂ ਅਤੇ ਕੰਮੀਆਂ ਵਿਚ ਤਿੱਖਾ ਤਣਾਅ ਪੈਦਾ ਹੋ ਜਾਂਦਾ ਹੈ। ਕਿਸਾਨਾਂ ਦੇ ਨਾਸੀਂ ਧੂੰਆਂ ਦੇਣ ਲਈ ਕੰਮੀਆਂ ਦੀ ਨੌਜਵਾਨ ਪੀੜ੍ਹੀ ਕਣਕ ਵੱਢਣ ਦੀ ਥਾਂ ਸ਼ਹਿਰ ਵਿਚ ਦਿਹਾੜੀ-ਦੱਪਾ ਕਰਨ ਜਾਣ ਲੱਗਦੀ ਹੈ, ਪਰ ਦਿਹਾੜੀ ਬਿਨਾਂ ਵੱਡੀ ਉਮਰ ਦੇ ਕੁਝ ਕੰਮੀਆਂ ਦਾ ਮੰਦਾ ਹਾਲ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਇਕ ਕੰਮੀ ਕੇਹਰੂ ਬੇਬੱਸ ਹੋ ਕੇ ਉਸ ਨਿਮਨ ਕਿਸਾਨ ਤੋਂ ਆਟੇ ਦੀ ਮੱਦਦ ਮੰਗਣ ਜਾਂਦਾ ਹੈ ਜਿਸ ਨਾਲ ਉਹ ਕਦੇ ਸੀਰੀ ਰਿਹਾ ਹੁੰਦਾ ਹੈ। ਨਿਮਨ ਕਿਸਾਨ ਪੁਰਾਣੀ ਸਾਂਝ ਕਰਕੇ ਆਟਾ ਦੇ ਵੀ ਦਿੰਦਾ ਹੈ। ਇਸ ਮੱਦਦ ਨਾਲ ਤਰਲ ਹੋਇਆ ਕੇਹਰੂ ਸਾਰੇ ਮਸਲੇ ਦੀ ਜੜ੍ਹ ਸ਼ਹਿਰ ਨੂੰ ਮੰਨਦਿਆਂ ਨਵੇਂ ਮੁੰਡਿਆਂ ਉੱਤੇ ਗੁੱਸਾ ਕੱਢਦਿਆਂ ਇਉਂ ਆਪਣੇ ਭਾਵ ਸਾਂਝੇ ਕਰਦਾ ਹੈ: ‘‘ਚਾਰ ਦਿਨ ਸ਼ਹਿਰ ਕਾਹਦਾ ਜਾ ਆਏ, ਹੋਰ ਈ ਵੱਤੀਆਂ ਸੀਖਣ ਲੱਗ-ਪੇ ਆ-ਕੇ, … ਪਿੰਡ ਨੂੰ ਲੁੱਦੇਹਾਣਾ ਬਣਾਉਣ ਤੁਰਪੇ, ਐਂ ਕਿਵੇਂ ਬਣੂੰ ਪਿੰਡ ਲੁੱਦੇਆਣਾ, ਢੇਕੇ ਹੜਤਾਲਾਂ ਦੇ

ਪਾਤਰ ਕੇਹਰੂ ਨੂੰ ਭਾਵੇਂ ਸ਼ਹਿਰ ਉਵੇਂ ਹੀ ਕੋਈ ਦੈਂਤ ਲੱਗਦਾ ਹੈ ਜਿਵੇਂ ਬਚਪਨ ਵਿਚ ਮੈਨੂੰ ਲੱਗਦਾ ਸੀ ਪਰ ਮੇਰਾ ਹੁਣ ਸ਼ਹਿਰ ਅਤੇ ਪਿੰਡ ਬਾਰੇ ਨਜ਼ਰੀਆ ਕੁਝ ਕੁਝ ਬਦਲਣ ਲੱਗ ਪਿਆ ਸੀ। ਦੋ ਸਾਲ ਮਲੋਟ ਲਾ ਕੇ ਫਿਰ ਮੈਂ ਸਰਕਾਰੀ ਕਾਲਜ ਮੁਕਤਸਰ ਚਲਾ ਗਿਆ। ਸ਼ਹਿਰ ਮੈਨੂੰ ਦੈਂਤ ਦੀ ਥਾਂ ਆਜ਼ਾਦੀ ਦਾ ਦੇਵਤਾ ਜਾਪਣ ਲੱਗਿਆ ਜਿੱਥੇ ਬਹੁਤ ਕੁਝ ਮਨਚਾਹਿਆ ਕਰਨ ਦੀ ਖੁੱਲ੍ਹ ਮਿਲ ਸਕਦੀ ਸੀ। ਸ਼ਹਿਰ ਜਿਵੇਂ ਕੋਈ ਪਾਰਸ ਸੀ ਜਿਸ ਦੀ ਛੋਹ ਨਾਲ ਮੇਰੇ ਵਰਗਾ ਪਿੰਡ-ਰੂਪੀ ਰੂੜ੍ਹੀਵਾਦ ਨਾਲ ਜੰਗਾਲਿਆ ਲੋਹਾ ਵੀ ਸੋਨਾ ਬਣ ਕੇ ਚਮਕ ਸਕਦਾ ਸੀ। ਮੈਂ ਇਸ ਨਵੀਂ ਸੋਝੀ ਨਾਲ ਕਹਾਣੀਆਂ ਲਿਖਦਾ ਅਤੇ ਮੁਕਤਸਰ ਦੀ ਸਾਹਿਤ ਸਭਾ ਵਿਚ ਸੁਣਾਉਂਦਾ। ਮੈਂ ਆਪਣੇ ਕਾਲਜ ਦੇ ਮੈਗਜ਼ੀਨ ’ਚ ਛਪਣ ਲਈ ਵੀ ਅਜਿਹੀ ਇਕ ਕਹਾਣੀ ‘ਨਵੇਂ ਮੁਸਾਫ਼ਰ ਨਵੇਂ ਰਾਹ’ ਦਿੱਤੀ। ਅਜਿਹੇ ਅੰਤਰ-ਜਾਤੀ ਪਿਆਰ-ਵਿਆਹ ਦੀ ਕਲਪਨਾ ਮੈਂ ਪਿੰਡ ਵਿਚ ਨਹੀਂ ਕਰ ਸਕਦਾ ਸਾਂ। ਉੱਥੇ ਤਾਂ ਇਹ ਕੋਈ ਗ਼ੁਨਾਹ ਵਰਗੀ ਗੱਲ ਹੋਣੀ ਸੀ। ਮੇਰੀ ਸੋਚ ਨੇ ਪਹਿਲਾ ਸ਼ਹਿਰ-ਮੁਖੀ ਪਲਟਾ ਖਾਧਾ, ਮੈਂ ਪਿੰਡ ਅਤੇ ਸ਼ਹਿਰ ਨੂੰ ਵਿੱਥ ਤੋਂ ਖੜ੍ਹ ਕੇ ਨਵੀਂ ਨਜ਼ਰ ਨਾਲ ਨਿਹਾਰਨਾ ਸ਼ੁਰੂ ਕਰ ਦਿੱਤਾ।

1980 ਵਿਚ ਐਮ.ਏ. (ਪੰਜਾਬੀ) ਕਰਨ ਦੇ ਸਬੱਬ ਨਾਲ ਮੈਂ ਇਕ ਵੱਡੀ ਛਾਲ ਮਾਰ ਕੇ ਚੰਡੀਗੜ੍ਹ ਪਹੁੰਚ ਗਿਆ। ਮੇਰੀ ਜ਼ਿੰਦਗੀ ਵਿਚ ਇਹ ਇਕ ਕ੍ਰਾਂਤੀਕਾਰੀ ਬਦਲਾਅ ਸੀ ਜਿਸ ਨਾਲ ਸੋਚ ਨੇ ਮੂਲੋਂ ਨਵੀਂ ਕਰਵਟ ਲੈਣੀ ਸੀ। ਉਨ੍ਹਾਂ ਵਕਤਾਂ ਵਿਚ ਕਿਸਾਨੀ ਪਰਿਵਾਰਾਂ ਵਿਚ ਵਾਪਰਨ ਵਾਲੀ ਇਹ ਨਵੀਂ ਗੱਲ ਸੀ। ਉਹ ਢਿੱਡ-ਪੇਟ ਬੰਨ੍ਹ ਕੇ ਗੁਜ਼ਾਰਾ ਕਰਦਿਆਂ ਵੀ ਇਸ ਆਸ ਨਾਲ ਆਪਣੇ ਇਕ ਬੱਚੇ ਨੂੰ ਪੜ੍ਹਨ ਲਈ ਭੇਜ ਦਿੰਦੇ ਸਨ ਕਿ ਉਹ ਪੜ੍ਹ-ਲਿਖ ਕੇ ਆਪ ਵੀ ਰੋਟੀ ਦੇ ਸਿਰੇ ਹੋ ਜਾਵੇ ਅਤੇ ਫਿਰ ਮੋੜਵੇਂ ਰੂਪ ਵਿਚ ਟੱਬਰ ਦੀ ਡੁੱਬਦੀ ਬੇੜੀ ਨੂੰ ਵੀ ਪਾਰ ਲਾ ਦੇਵੇ।

ਚੰਡੀਗੜ੍ਹ ਦਾ ਪਹਿਲਾ ਝਟਕੇਦਾਰ ਅਸਰ ਤਾਂ ਮੈਨੂੰ ਡੌਰ-ਭੌਰ ਕਰਨ ਵਾਲਾ ਹੀ ਸੀ। ਪੱਛਮੀ ਤਰਜ਼ ਦੇ ਅਤਿ ਆਧੁਨਿਕ ਸ਼ਹਿਰ ਨਾਲ ਵਰ ਮੇਚਣਾ ਕਿੱਥੇ ਸੰਭਵ ਸੀ। ਉਨ੍ਹਾਂ ਦਿਨਾਂ ਵਿਚ ਮੈਂ ਜੋ ਮਹਿਸੂਸ ਕੀਤਾ ਉਸ ਨੂੰ ਮੈਂ ਕਹਾਣੀ ਤੋਂ ਪਹਿਲਾਂ ਕਾਵਿ ਰਾਹੀਂ ਕਹਿਣ ਦਾ ਯਤਨ ਕੀਤਾ। ਇੱਥੇ ਭਾਵੇਂ ਪੱਛੜ ਜਾਣ ਦਾ ਡਰ ਵੀ ਬਣਿਆ ਰਹਿੰਦਾ ਪਰ ਚਕਾਚੌਂਧੀ ਪ੍ਰਭਾਵਾਂ ਨਾਲ ਨਿੱਤ ਨਵੇਂ ਸੁਪਨੇ ਵੀ ਅੰਦਰ ਅੰਗੜਾਈਆਂ ਲੈਣ ਲੱਗੇ। ਪਿੰਡ ਅਤੇ ਸ਼ਹਿਰ ਦੋ ਕਾਟਵੀਆਂ ਦ੍ਰਿਸ਼ਟੀਆਂ ਦੇ ਰੂਪ ਵਿਚ ਮੈਨੂੰ ਚੱਤੋ-ਪਹਿਰ ਝੰਜੋੜਦੇ ਰਹਿੰਦੇ। ਹਰ ਪਲ਼ ਮੈਂ ਆਪਣੀ ਸੋਚ ਦੀ ਤੱਕੜੀ ਦੇ ਪੱਲਿਆਂ ਵਿਚ ਪਾ ਪਾ ਇਨ੍ਹਾਂ ਦੇ ਲਾਭ-ਹਾਨ ਨੂੰ ਤੋਲਦਾ, ਪਰਖਦਾ ਰਹਿੰਦਾ।ਚੰਡੀਗੜ੍ਹ ਆਉਣ ਤੋਂ ਬਾਅਦ ਪਿੰਡ ਹੌਲੀ ਹੌਲੀ ਮੇਰੇ ਲਈ ਓਪਰਾ ਹੋਣ ਲੱਗਿਆ। ਮੇਰੀ ਪੜ੍ਹਾਈ ’ਤੇ ਹੁੰਦੇ ਖਰਚ ਨੂੰ ਲੈ ਕੇ ਪਰਿਵਾਰ ਵਿਚ ਹਰ ਵਕਤ ਮਹਾਂਭਾਰਤ ਛਿੜਿਆ ਰਹਿੰਦਾ। ਗੁੱਸੇ ਵਿਚ ਵੱਡਾ ਭਰਾ ਅੱਡ ਹੋ ਗਿਆ। ਇਕੱਲੇ ਰਹਿ ਗਏ ਮਾਂ-ਬਾਪ ਦੀਆਂ ਦੁਸ਼ਵਾਰੀਆਂ ਵੇਖ ਕੇ ਕਈ ਵਾਰ ਪਿੰਡ ਮੁੜ ਜਾਣ ਦੀ ਵੀ ਸੋਚਦਾ ਪਰ ਮੇਰਾ ਇਹ ਖ਼ਿਆਲ ਪਲ਼ਾਂ-ਛਿਣਾਂ ਵਿਚ ਹੀ ਕਿਤੇ ਉੱਡ-ਪੁੱਡ ਜਾਂਦਾ ਕਿਉਂਕਿ ਹੁਣ ਤੱਕ ਮੈਨੂੰ ਚੰਡੀਗੜ੍ਹ ਦੀ ਆਬੋ-ਹਵਾ ਦਾ ਅਮਲ ਲੱਗ ਚੁੱਕਾ ਸੀ। ਕਿਸੇ ਵੀ ਕੀਮਤ ’ਤੇ ਮੈਂ ਆਪਣੀ ਪੜ੍ਹਾਈ ਪੂਰੀ ਕਰਨੀ ਸੀ ਅਤੇ ਫਿਰ ਆਪਣੀ ਪਲੇਠੀ ਮੁਹੱਬਤ ਦੇ ਸੰਗ-ਸਾਥ ਵਿਚ ਚੰਡੀਗੜ੍ਹ ਨੂੰ ਪੱਕਾ ਟਿਕਾਣਾ ਬਣਾਉਣ ਲਈ ਸਿਰ-ਤੋੜ ਕੋਸ਼ਿਸ਼ ਵੀ ਜ਼ਰੂਰੀ ਸੀ। ਕਈ ਵਾਰ ਘਰ ਵੱਲੋਂ ਖਰਚ-ਪਾਣੀ ਬਿਲਕੁਲ ਹੀ ਬੰਦ ਹੋ ਜਾਂਦਾ ਤਾਂ ਟਿਊਸ਼ਨ ਕਰਕੇ ਜਾਂ ਕਿਸੇ ਸਕੂਲ ਵਿਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਦਾ ਯਤਨ ਕਰਦਾ। ਉਨ੍ਹਾਂ ਦਿਨਾਂ ’ਚ ਕਈ ਤਰ੍ਹਾਂ ਦੇ ਵੰਨ-ਸੁਵੰਨੇ ਖ਼ਿਆਲ ਮੈਨੂੰ ਘੇਰੀ ਰੱਖਦੇ, ਕਦੇ ਕਠੋਰ ਮਾਹੌਲ ਤੋਂ ਤ੍ਰਹਿ ਕੇ ਉਦਾਸੀ ਘੇਰ ਲੈਂਦੀ ਅਤੇ ਕਦੇ ਦਿਲ ਤਕੜਾ ਕਰ ਕੇ ਮੁੜ ਕੰਮ ਨੂੰ ਜੁਟ ਜਾਂਦਾ। ਪਿੰਡ ਜਾਂਦਾ ਤਾਂ ਖ਼ੂਨ ਦੇ ਰਿਸ਼ਤਿਆਂ ਦੇ ਨਿੱਘ ਦੀ ਥਾਂ ਅਜੀਬ ਜਿਹੀ ਬੇਰੁਖ਼ੀ ਦਾ ਸਾਹਮਣਾ ਕਰਨਾ ਪੈਂਦਾ। ਪਰਿਵਾਰ ਅਨੁਮਾਨ ਲਾ ਲੈਂਦਾ ਕਿ ਇਹ ਮਿਲਣ ਨਹੀਂ ਆਇਆ ਕੁਝ ਮੰਗਣ ਹੀ ਆਇਆ ਹੋਵੇਗਾ। ਆਪਣੇ ਘਰ ਵਿਚ ਹੀ ਪਰਦੇਸੀਆਂ ਵਾਂਗ ਮਹਿਸੂਸ ਹੁੰਦਾ। ਪਿੰਡ ਹੁਣ ਮੈਨੂੰ ਝੱਲਣ ਲਈ ਤਿਆਰ ਨਹੀਂ ਸੀ ਅਤੇ ਸ਼ਹਿਰ ਅਜੇ ਮੇਰਾ ਬਣ ਨਹੀਂ ਸੀ ਰਿਹਾ। ‘ਵੋ ਕਹਾਂ ਜਾਏਂ ਜੋ ਕਹੀਂ ਕੇ ਨਹੀਂ ਰਹਿਤੇ’ ਵਾਲੀ ਹਾਲਤ ਬਣ ਗਈ ਸੀ। ਇਨ੍ਹਾਂ ਦਿਨਾਂ ਵਿਚ ਮੈਂ ਦੋ ਅਹਿਮ ਕਹਾਣੀਆਂ ‘ਐਡਮ ਤੇ ਈਵ’ ਅਤੇ ‘ਦਹਿਸ਼ਤਗਰਦ’ ਲਿਖੀਆਂ ਜੋ ਮੇਰੀ ਅਜਿਹੀ ਡਾਵਾਂਡੋਲ ਸਥਿਤੀ ਵਿਚੋਂ ਨਿਕਲੀਆਂ ਸਨ। ‘ਐਡਮ ਤੇ ਈਵ’ ਦਾ ਮੁੱਖ ਪਾਤਰ ਸ਼ਹਿਰ ਵਿਚੋਂ ਅਵਾਜ਼ਾਰ ਹੋ ਕੇ ਪਿੰਡ ਦੀ ਓਟ ਤਕਾਉਂਦਾ ਹੈ, ਪਰ ਜਦੋਂ ਪਿੰਡ ਆਪਣੇ ਪਰਿਵਾਰ ਹੱਥੋਂ ਹੀ ਬੇਇੱਜ਼ਤ ਹੁੰਦਾ ਹੈ ਤਾਂ ਮੁੜ ਉਸੇ ਅਜਨਬੀ ਸ਼ਹਿਰ ’ਚ ਪਰਤਣਾ ਲੋਚਦਾ ਹੈ। ਉਸ ਦੀ ਅਜਿਹੀ ਹਾਲਤ ਨੂੰ ਮੈਂ ‘ਆਦਮ ਤੇ ਹੱਵਾ’ ਦੇ ਜੰਨਤੋਂ ਕੱਢੇ ਜਾਣ ਅਤੇ ਮੁੜ ਜੰਨਤ ਲਈ ਭਟਕਦੇ ਰਹਿਣ ਦੀ ਮਿੱਥ ਰਾਹੀਂ ਪੇਸ਼ ਕੀਤਾ। ਇਸੇ ਤਰ੍ਹਾਂ ‘ਦਹਿਸ਼ਤਗਰਦ’ ਕਹਾਣੀ ਦਾ ਮੁੱਖ ਪਾਤਰ ਜਦੋਂ ਪਿੰਡ ਵਾਲੇ ਘਰ ਜਾਂਦਾ ਹੈ ਤਾਂ ਟੱਬਰ ਦੇ ਜੀਆਂ ਵਿਚ ਜਿਵੇਂ ਦਹਿਸ਼ਤ ਜਿਹੀ ਫੈਲ ਜਾਂਦੀ ਹੈ।

ਇਹ ਕਹਾਣੀਆਂ ਜਦ ਬਾਅਦ ਵਿਚ ਕਹਾਣੀ-ਸੰਗ੍ਰਹਿ ‘ਓਪਰੀ ਹਵਾ’ ’ਚ ਛਪੀਆਂ ਅਤੇ ਪ੍ਰਸਿੱਧ ਚਿੰਤਕ ਡਾ. ਜਸਪਾਲ ਸਿੰਘ ਨੇ ਇਸ ਸੰਗ੍ਰਹਿ ਦਾ ਰੀਵਿਊ ਅੰਗਰੇਜ਼ੀ ਟ੍ਰਿਬਿਊਨ ਵਿਚ ਕੀਤਾ ਤਾਂ ਉਨ੍ਹਾਂ ਨੇ ਮੇਰੀਆਂ ਕਹਾਣੀਆਂ ਦੀ ਨਬਜ਼ ਜਾਂ ਕੇਂਦਰੀ ਧੁਨੀ ਪਛਾਣਦਿਆਂ ਆਪਣੇ ਲੇਖ ਦਾ ਸਿਰਲੇਖ ਰੱਖਿਆ: ‘ਪਿੰਡ ਅਤੇ ਸ਼ਹਿਰ ਦੇ ਤਣਾਅ ਦੀ ਪੇਸ਼ਕਾਰੀ ਕਰਦੀਆਂ ਕਹਾਣੀਆਂ’। ਉਨ੍ਹਾਂ ਨੇ ਲਿਖਿਆ, ‘‘ਇਨ੍ਹਾਂ ਕਹਾਣੀਆਂ ਦਾ ਮੁੱਖ ਪਾਤਰ ਆਜ਼ਾਦੀ ਵਾਲੀ ਜ਼ਿੰਦਗੀ ਦੀ ਤਾਂਘ ਨਾਲ ਪੇਂਡੂ ਢਾਂਚੇ ਤੋਂ ਸ਼ਹਿਰ ਵੱਲ ਆਉਂਦਾ ਹੈ ਪਰ ਸ਼ਹਿਰੀ ਜੀਵਨ ਦੇ ਦਬਾਅ ਉਸ ਨੂੰ ਓਟ ਲੈਣ ਲਈ ਵਾਰ ਵਾਰ ਪਿੰਡ ਵੱਲ ਧੱਕਣ ਲਈ ਮਜਬੂਰ ਕਰਦੇ ਰਹਿੰਦੇ ਹਨ। ਪਰ ਪਿੰਡ ਹੁਣ ਤੱਕ ਉਸ ਨੌਜਵਾਨ ਨੂੰ ਰੱਦ ਕਰਕੇ ਵਿਸਾਰ ਚੁੱਕਿਆ ਹੁੰਦਾ ਹੈ ਅਤੇ ਆਪਣੀ ਨਵੀਂ ਸਥਿਤੀ ਦੇ ਹਿਸਾਬ ਨਾਲ ਨਵੇਂ ਸਮਤੋਲ ਜਾਂ ਸਮੀਕਰਨ ਬਣਾ ਬੈਠਾ ਹੁੰਦਾ ਹੈ। ਇਸ ਲਈ ਜੇ ਨੌਜਵਾਨ ਆਪਣੇ ਪਿੰਡ ਜਾਂ ਘਰ ਬਿਨਾਂ ਕਿਸੇ ਭੈੜੇ ਇਰਾਦੇ ਵੀ ਆਉਂਦਾ ਹੈ ਤਾਂ ਪਰਿਵਾਰਕ, ਭਾਈਚਾਰਕ ਰਿਸ਼ਤਿਆਂ ਦਾ ਪੇਂਡੂ ਸੰਸਾਰ ਉਥਲ-ਪੁਥਲ ਹੋ ਜਾਂਦਾ ਹੈ ਅਤੇ ਨੌਜਵਾਨ ਦੇ ਵਿਰੋਧ ਵਿਚ ਆ ਖੜ੍ਹਦਾ ਹੈ।’’

ਇਹ ਸਭ ਉਸ ਵਕਤ ਬਦਲ ਰਹੇ ਪੰਜਾਬ ਦਾ ਨਵਾਂ ਅਨੁਭਵ ਸੀ ਅਤੇ ਮੈਂ ਹੱਡੀਂ ਹੰਢਾਈ ਪੀੜ ਕਾਰਨ ਇਸ ਵਿਸ਼ੇ-ਵਸਤੂ ਨੂੰ ਪ੍ਰਮਾਣਿਕ ਢੰਗ ਨਾਲ ਉਜਾਗਰ ਕਰ ਸਕਿਆ ਸਾਂ। ਖ਼ਾਸ ਗੱਲ ਇਹ ਹੈ ਕਿ ਪਿੰਡ ਦੀ ਥਾਂ ਹੁਣ ਮੇਰੀ ਹਮਦਰਦੀ ਗੁੱਝੇ ਰੂਪ ’ਚ ਉਸ ਉੱਖੜੇ ਨੌਜਵਾਨ ਨਾਲ ਸੀ ਜੋ ਮੇਰੀ ਰਚਨਾ-ਦ੍ਰਿਸ਼ਟੀ ਵਿਚ ਸ਼ਹਿਰ-ਮੁਖੀ ਤੱਤਾਂ ਦੇ ਵਧ ਰਹੇ ਦਖ਼ਲ ਦੀ ਗਵਾਹੀ ਭਰਦੀ ਸੀ। ਦੂਜੇ ਸ਼ਬਦਾਂ ਵਿਚ ਇਹ ਕਹਾਣੀਆਂ ਮੈਂ ਸ਼ਹਿਰੀ ਕੋਣ ਤੋਂ ਖੜ੍ਹ ਕੇ ਲਿਖੀਆਂ ਸਨ। ਉਂਜ ਪਿੰਡ ਨੂੰ ਵੀ ਭਾਵੇਂ ਮੈਂ ਖਲਨਾਇਕੀ ਰੂਪ ਵਿਚ ਨਹੀਂ ਸੀ ਚਿਤਰਿਆ ਪਰ ਉਸ ਨੌਜਵਾਨ ਦੇ ਸ਼ਰੀਕ ਵਜੋਂ ਜ਼ਰੂਰ ਚਿਤਵਿਆ ਸੀ।

ਪੜ੍ਹਾਈ ਮੁਕੰਮਲ ਕਰਕੇ ਮੈਂ ਚੰਡੀਗੜ੍ਹ ਟਿਕਿਆ ਨਾ ਰਹਿ ਸਕਿਆ ਪਰ ਕਿਸੇ ਵੀ ਸੂਰਤ ’ਚ ਪਿੰਡ ਮੁੜਨਾ ਨਹੀਂ ਸੀ ਚਾਹੁੰਦਾ। ਦਿੱਲੀ ਤੋਂ ਨਿਕਲਦੇ ਅਖ਼ਬਾਰ ‘ਜਥੇਦਾਰ’, ਜਲੰਧਰ ਤੋਂ ਛਪਦੇ ‘ਅੱਜ ਦੀ ਆਵਾਜ਼’, ‘ਨਵਾਂ ਜ਼ਮਾਨਾ’, ‘ਅਜੀਤ’ ’ਚ ਨੌਕਰੀ ਰਾਹੀਂ ਮੈਂ ਸ਼ਹਿਰ ਵਿਚ ਪੈਰ-ਧਰਾਈ ਲਈ ਪਾਪੜ ਵੇਲਦਾ ਰਿਹਾ। ਉੱਤੋਂ ਬੇਰੁਜ਼ਗਾਰ ਕੁੜੀ ਨਾਲ ਵਿਆਹ ਹੋ ਜਾਣ ਕਰਕੇ ਮੇਰੀ ਇਕੱਲੇ ਦੀ ਤਨਖ਼ਾਹ ਨਾਲ ਸਾਡਾ ਪਤੀ-ਪਤਨੀ ਦਾ ਜਿਉਣਾ ਹੋਰ ਦੁੱਭਰ ਹੋ ਗਿਆ। ਪਰ ਸਿਰੜ, ਸਬਰ ਅਤੇ ਸੰਘਰਸ਼ ਦੀ ਪੇਂਡੂ ਭਾਵਨਾ ਅਜੇ ਕਾਇਮ ਸੀ ਅਤੇ ਚੰਗੀ ਸ਼ਹਿਰੀ ਜ਼ਿੰਦਗੀ ਦੇ ਸੁਪਨੇ ਵੀ ਅਜੇ ਮਾਂਦ ਨਹੀਂ ਸੀ ਪਏ। ਚਲੋ ਆਪਣਾ ਗੁਜ਼ਾਰਾ ਤਾਂ ਔਖਾ-ਸੌਖਾ ਹੋ ਹੀ ਰਿਹਾ ਸੀ ਪਰ ਪਿੰਡ ਵਾਲੇ ਪਰਿਵਾਰ ਦੀਆਂ ਅਫ਼ਸਰ ਪੁੱਤ ਕਰਕੇ ਜਾਗੀਆਂ ਸੱਧਰਾਂ ਦਾ ਕੀ ਕਰਦਾ? ਆਪਣੀ ਥਾਂ ਉਹ ਵੀ ਸੱਚੇ ਸਨ ਤੇ ਮੈਂ ਵੀ। ਉਹ ਸਮਝਦੇ ਸਨ ਕਿ ਮੈਂ ਸ਼ਹਿਰੀ ਹੋ ਕੇ ਖ਼ੁਦਗਰਜ਼

ਬਣ ਗਿਆ ਹਾਂ। ਇਹ ਤਾਅਨਾ ਭਾਵੇਂ ਮੈਨੂੰ ਅਪਰਾਧਬੋਧ ਨਾਲ ਭਰ ਦਿੰਦਾ ਸੀ ਪਰ ਕਰ ਕੁਝ ਨਹੀਂ ਸਾਂ ਸਕਦਾ। ਆਪਣੀ ਅਜਿਹੀ ਦੁਬਿਧਾ, ਬੇਬਸੀ, ਛਟਪਟਾਹਟ, ਕਸ਼ਮਕਸ਼ ਅਤੇ ਇਸ ਸਭ ਕੁਝ ਦੇ ਬਾਵਜੂਦ ਡਟੇ ਰਹਿਣ ਦੀ ਦ੍ਰਿੜ੍ਹਤਾ ਬਾਰੇ ਮੈਂ ਕਹਾਣੀ ਲਿਖੀ ‘ਓਪਰੀ ਹਵਾ’।

ਤਿੰਨ ਕੁ ਸਾਲ ਤਾਂ ਮੇਰੀ ਹਾਲਤ ਇਉਂ ਹੀ ਡਾਵਾਂਡੋਲ ਜਿਹੀ ਰਹੀ ਪਰ ਫਿਰ ਮੈਨੂੰ ਮੇਰੀ ਵਿਦਿਅਕ ਯੋਗਤਾ ਅਨੁਕੂਲ ਪਹਿਲਾਂ ਡੀ.ਏ.ਵੀ. ਕਾਲਜ, ਜਲੰਧਰ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪ੍ਰੋਫੈਸਰ ਵਜੋਂ ਨੌਕਰੀ ਮਿਲ ਗਈ। ਹੁਣ ਮੈਂ ਪੱਕੇ ਤੌਰ ’ਤੇ ਸ਼ਹਿਰੀ ਜੀਵਨ-ਜਾਚ ਅਨੁਸਾਰ ਜਿਉਣ ਲੱਗ ਪਿਆ ਸਾਂ ਅਤੇ ਆਲ਼ੇ-ਦੁਆਲ਼ੇ ਬਾਰੇ ਸੋਚਦਾ ਵੀ ਸ਼ਹਿਰੀ ਮੱਧਵਰਗੀ ਦ੍ਰਿਸ਼ਟੀ ਨਾਲ ਹੀ ਸਾਂ। ਆਪਣੀ ਜ਼ਮੀਨ ਅਤੇ ਮਾਪਿਆਂ ਕਰਕੇ ਭਾਵੇਂ ਪਿੰਡ ਵਿਚ ਆਪਣੀਆਂ ਜੜ੍ਹਾਂ ਨਾਲ ਵੀ ਜੁੜਿਆ ਹੋਇਆ ਸਾਂ ਪਰ ਪੇਂਡੂ ਜੀਵਨ ਦੇ ਸਿੱਧੇ ਅਨੁਭਵਾਂ ਨਾਲੋਂ ਟੁੱਟ ਗਿਆ ਸਾਂ। ਪਿੰਡ ਮੇਰੀਆਂ ਸਿਮਰਤੀਆਂ ਦਾ ਅੰਗ ਬਣਦਾ ਜਾ ਰਿਹਾ ਸੀ। ਭਾਵੇਂ ਇਨ੍ਹਾਂ ਸਿਮਰਤੀਆਂ ਆਸਰੇ ਹੀ ਮੈਂ ਕਿਸਾਨੀ ਖ਼ੁਦਕੁਸ਼ੀਆਂ ਦੇ ਭਖਦੇ ਮਸਲੇ ਬਾਰੇ ‘ਕਾਰਗਿਲ’ ਵਰਗੀ ਸ਼ਕਤੀਸ਼ਾਲੀ ਕਹਾਣੀ ਲਿਖੀ ਪਰ ਬਹੁਤੀਆਂ ਕਹਾਣੀਆਂ ਪੇਂਡੂ ਨੌਜਵਾਨ ਦੇ ਸ਼ਹਿਰੀ ਮੱਧਵਰਗੀ ਬੰਦੇ ਵਿਚ ਰੂਪਾਂਤਰਿਤ ਹੋਣ ਦੀ ਪ੍ਰਕਿਰਿਆ ਬਾਰੇ ਹੀ ਲਿਖੀਆਂ। ਪਿੰਡ ਦਾ ਰੁਮਾਂਸ ਹੁਣ ਮੇਰੀ ਸੋਚਣੀ ਵਿਚੋਂ ਲਗਭਗ ਖਾਰਜ ਹੋ ਚੁੱਕਿਆ ਸੀ। ਪਿੰਡ ਜਾ ਕੇ ਰਹਿਣ ਦਾ ਖ਼ਿਆਲ ਮੈਨੂੰ ਹੁਣ ਟੁੰਬਦਾ ਨਹੀਂ ਸੀ, ਪਰ ਪੇਂਡੂ ਸੁਭਾਅ ਦੇ ਕੁਝ ਚੰਗੇ ਮਾਨਵੀ ਸਰੋਕਾਰ ਜਿਵੇਂ ਭਰੱਪਣ, ਸਹਿਜ, ਸਮੂਹਿਕਤਾ ਆਦਿ ਮੈਨੂੰ ਅਜੇ ਵੀ ਪ੍ਰਭਾਵਿਤ ਕਰਦੇ ਸਨ। ਸ਼ਹਿਰੀ ਮੱਧਵਰਗੀ ਬੰਦੇ ਦੇ ਸਵੈ-ਮੁਖੀ ਚਰਿੱਤਰ ਦੇ ਮੁਕਾਬਲੇ ਪਿੰਡ ਦੀ ਸਮੂਹ-ਮੁਖੀ ਚੇਤਨਾ ਮੈਨੂੰ ਹੁਣ ਤੱਕ ਵਧੇਰੇ ਚੰਗੀ ਲੱਗਦੀ ਹੈ ਪਰ ਸ਼ਹਿਰੀ ਮੱਧਵਰਗ ਦਾ ਉੱਦਮੀ ਅਤੇ ਉਤਸ਼ਾਹੀ ਵਿਵਹਾਰ ਵੀ ਮੈਨੂੰ ਪ੍ਰਭਾਵਿਤ ਕਰਦਾ ਹੈ। ਸ਼ਹਿਰ ਅਤੇ ਪਿੰਡ ਦੀਆਂ ਅਜਿਹੀਆਂ ਦੋ ਦ੍ਰਿਸ਼ਟੀਆਂ ਦੀ ਜੁਗਲਬੰਦੀ ਮੇਰੀ ਕਹਾਣੀ ‘ਅਮਲਤਾਸ’ ਵਿਚ ਵੇਖਣ ਨੂੰ ਮਿਲਦੀ ਹੈ। ਸ਼ਹਿਰੀ ਮੱਧਵਰਗੀ ਕੋਣ ਤੋਂ ਖੜ੍ਹ ਕੇ ਲਿਖੀ ਇਸ ਕਹਾਣੀ ਦੀ ਕੇਂਦਰੀ ਧੁਨੀ ਇਹ ਉਜਾਗਰ ਕਰਦੀ ਹੈ ਕਿ ਦੋਵਾਂ ਦ੍ਰਿਸ਼ਟੀਆਂ ਕੋਲ ਹੀ ਜੋ ਕੁਝ ਜੀਵਨ-ਮੁਖੀ ਹੈ ਉਸ ਨੂੰ ਅਪਣਾ ਕੇ ਅਗਾਂਹ ਭਵਿੱਖ ਵੱਲ ਤੁਰਿਆ ਜਾ ਸਕਦਾ ਹੈ।

ਦਰਅਸਲ, ਮੇਰੇ ਪਿੰਡ ਤੋਂ ਸ਼ਹਿਰ ਵੱਲ ਦੇ ਸਫ਼ਰ ਅਨੁਸਾਰ ਹੀ ਮੇਰੀ ਰਚਨਾ-ਦ੍ਰਿਸ਼ਟੀ ਬਦਲਦੀ ਰਹੀ ਹੈ। ਇਸ ਲਈ ਮੇਰੀਆਂ ਕਹਾਣੀਆਂ ਵਿਚ ਪੇਂਡੂ ਅਤੇ ਸ਼ਹਿਰੀ ਜੀਵਨ-ਦ੍ਰਿਸ਼ਟੀ ਆਪਸ ਵਿਚ ਨਿਰੰਤਰ ਸੰਵਾਦ ਕਰਦੀਆਂ ਜਾਪਦੀਆਂ ਹਨ।

Related Articles

Leave a Comment