ਅੰਮ੍ਰਿਤਸਰ, 14 ਮਈ
ਇਥੋਂ ਅੰਮ੍ਰਿਤਸਰ ਜਾ ਰਹੀ ਗੋਲਡਨ ਟੈਂਪਲ ਮੇਲ ’ਤੇ ਪਥਰਾਅ ਕੀਤੇ ਜਾਣ ਦੀਆਂ ਖਬਰਾਂ ਹਨ ਜਿਸ ਕਾਰਨ ਯਾਤਰੀਆਂ ਨੇ ਰੇਲਵੇ ਪੁਲੀਸ ਕੋਲ ਮੋਬਾਈਲ ਜ਼ਰੀਏ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਹ ਘਟਨਾ ਸ਼ਨਿਚਰਵਾਰ ਦੇਰ ਰਾਤ ਵਾਪਰੀ ਜਦੋਂ ਗੱਡੀ 12903 ਨੰਬਰ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਸੀ ਤਾਂ ਅਣਪਛਾਤੇ ਨੌਜਵਾਨਾਂ ਨੇ ਗੱਡੀ ਵੱਲ ਪੱਥਰ ਸੁੱਟੇ। ਹਾਲਾਂਕਿ ਇਸ ਪਥਰਾਅ ਕਾਰਨ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਤੋਂ ਬਾਅਦ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਇਹ ਜਾਣਕਾਰੀ ਮਿਲੀ ਹੈ ਕਿ ਜਦੋਂ ਇਹ ਗੱਡੀ ਬਿਆਸ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਕੁਝ ਸਮੇਂ ਬਾਅਦ ਹੀ ਗੱਡੀ ’ਤੇ ਪਥਰਾਅ ਕੀਤਾ ਗਿਆ ਜਿਸ ਕਾਰਨ ਰੇਲ ਗੱਡੀ ਦੇ ਕਈ ਸ਼ੀਸ਼ੇ ਟੁੱਟ ਗਏ। ਇਹ ਰੇਲ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਬੀਤੀ ਰਾਤ ਪੌਣੇ ਬਾਰਾਂ ਵਜੇ ਦੇ ਕਰੀਬ ਪੁੱਜੀ ਜਿਸ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।