ਇੰਟਰਨੈਸ਼ਨਲ ਡੈਸਕ (ਬਿਊਰੋ): ਮੌਜੂਦਾ ਸਮੇਂ ਵਿਚ ਜ਼ਿਆਦਾਤਰ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਅਨੋਖਾ ਢੰਗ ਅਪਨਾ ਰਹੇ ਹਨ। ਪਹਿਲਾਂ ਜੋੜੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਸਨ ਤਾਂ ਜੋ ਇਕ-ਦੂਜੇ ਨੂੰ ਵਿਸ਼ੇਸ਼ ਮਹਿਸੂਸ ਕਰਾਇਆ ਜਾ ਸਕੇ। ਤੋਹਫ਼ੇ, ਫੁੱਲ ਦੇਣਾ ਅਤੇ ਇਕ-ਦੂਜੇ ਨਾਲ ਸਮਾਂ ਬਿਤਾਉਣਾ ਆਮ ਗੱਲ ਸੀ ਪਰ ਅੱਜਕੱਲ੍ਹ ਜੋੜੇ ਇੱਕ-ਦੂਜੇ ਦੇ ਨਾਮ ਦਾ ਟੈਟੂ ਬਣਵਾਉਣ ਲੱਗ ਪਏ ਹਨ। ਹੁਣ ਇੱਕ ਪਾਕਿਸਤਾਨੀ ਜੋੜੇ ਨੇ ਹਾਲ ਹੀ ਵਿੱਚ ਆਪਣੇ ਹੱਥਾਂ ‘ਤੇ ਵਿਸ਼ੇਸ਼ ਟੈਟੂ ਬਣਾ ਕੇ ਇੱਕ-ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮਗਰੋਂ ਲੋਕ ਦੋਵਾਂ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਕਰ ਰਹੇ ਹਨ।
ਸਮਾਚਾਰ ਏਜੰਸੀ NDTV ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਇਸਲਾਮਾਬਾਦ ‘ਚ ਰਹਿਣ ਵਾਲੇ ਜੋੜੇ ਅਫਾਨ ਅਤੇ ਸੀਰਤ ਦੇ ਹੱਥਾਂ ‘ਤੇ ਬਣਵਾਏ ਗਏ ਟੈਟੂ ਇਨ੍ਹੀਂ ਦਿਨੀਂ ਟਵਿੱਟਰ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਦੋਵਾਂ ਨੇ ਆਪਣੇ ਹੱਥਾਂ ‘ਤੇ ਆਪਣੇ ਪਸੰਦੀਦਾ ਵਟਸਐਪ ਸੰਦੇਸ਼ ਦਾ ਟੈਟੂ ਬਣਵਾਇਆ। ਦੋਵਾਂ ਨੇ ਆਪਣੀਆਂ ਬਾਹਾਂ ‘ਤੇ ਸੰਦੇਸ਼ ਲਿਖਵਾਇਆ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਕੁਝ ਲੋਕਾਂ ਨੇ ਅਜਿਹਾ ਕਰਨ ‘ਤੇ ਜੋੜੇ ਦੀ ਤਾਰੀਫ਼ ਕੀਤੀ ਜਦਕਿ ਕੁਝ ਲੋਕ ਉਹਨਾਂ ਨੂੰ ਟਰੋਲ ਕਰ ਰਹੇ ਹਨ।
ਅਫਾਨ ਨੇ ਟੈਟੂ ਦਾ ਸਕਰੀਨ ਸ਼ਾਟ ਅਤੇ ਉਸ ਸੰਦੇਸ਼ ਨੂੰ ਸਾਂਝਾ ਕੀਤਾ ਹੈ। ਸ਼ਖ਼ਸ ਦੇ ਹੱਥ ‘ਤੇ ਲਿਖਿਆ ਹੈ – ਇਹ ਬਹੁਤ ਆਸਾਨ ਲੱਗਦਾ ਹੈ, ਜਦੋਂ ਕਿ ਔਰਤ ਦੇ ਹੱਥ ‘ਤੇ ਲਿਖਿਆ ਹੈ – ਸਾਹ ਲੈਣਾ ਆਸਾਨ ਹੈ। ਦੋਵਾਂ ਦੇ ਸਕਰੀਨ ਸ਼ਾਟ ਨੂੰ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਜਦੋਂ ਉਨ੍ਹਾਂ ਨੇ ਟੈਟੂ ‘ਚ ਲਿਖੀ ਇਹ ਗੱਲ ਇਕ-ਦੂਜੇ ਨੂੰ ਕਹੀ ਤਾਂ ਉਹ ਇਕ-ਦੂਜੇ ਨਾਲ ਗੱਲ ਕਰ ਰਹੇ ਸਨ। ਇਸ ਜੋੜੇ ਨੇ ਵੀ ਆਪਣੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕਈ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਤਾਂ ਉਹ ਕੀ ਕਰਨਗੇ। ਤਾਂ ਉਨ੍ਹਾਂ ਦੱਸਿਆ ਕਿ ਉਹ ਬੁਆਏਫ੍ਰੈਂਡ-ਗਰਲਫ੍ਰੈਂਡ ਨਹੀਂ, ਸਗੋਂ ਪਤੀ-ਪਤਨੀ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀਆਂ ਗੱਲਾਂ ਨਕਾਰਾਤਮਕ ਹੁੰਦੀਆਂ ਹਨ ਪਰ ਉਹ ਸਕਾਰਾਤਮਕ ਰਵੱਈਏ ਨਾਲ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਅਫਾਨ ਨੇ ਕਿਹਾ ਕਿ ਟੈਟੂ ਦਾ ਆਈਡੀਆ ਉਸ ਦੀ ਪਤਨੀ ਦਾ ਸੀ। ਇਸ ਪੋਸਟ ਨੂੰ 6 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਕਈ ਲੋਕਾਂ ਨੇ ਇਸ ਨੂੰ ਰੀਟਵੀਟ ਵੀ ਕੀਤਾ ਹੈ।