ਦਰਦਨਾਕ ਹਾਦਸਾ, ਦੋਸਤ ਨਾਲ ਘੁੰਮਣ ਗਿਆ 9 ਵਰ੍ਹਿਆਂ ਦਾ ਬੱਚਾ ਪੈਰ ਫਿਸਲਣ ਕਾਰਨ ਪਾਣੀ ’ਚ ਡਿੱਗਿਆ
ਚੰਡੀਗੜ੍ਹ, 12 ਅਕਤੂਬਰ : ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਧਨਾਸ ਦੇ ਬੋਟੈਨੀਕਲ ਗਾਰਡਨ ’ਚ ਅੱਜ ਦੁਪਹਿਰ ਨੂੰ ਇਕ ਬੱਚੇ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚੀ ਅਤੇ ਬੱਚੇ ਨੂੰ ਪਾਣੀ ’ਚੋਂ ਬਾਹਰ ਕੱਢਿਆ। ਜਿਸ ਦੀ ਪਹਿਚਾਣ 9 ਵਰ੍ਹਿਆਂ ਦੇ ਸਮੀਰ ਵਾਸੀ ਖੁੱਡਾ ਲਾਹੌਰਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਲਗਭਗ 3 ਵਜੇ ਸਮੀਰ ਆਪਣੇ ਇੱਕ ਦੋਸਤ ਨਾਲ ਬੋਟੈਨੀਕਲ ਗਾਰਡਨ ਆਇਆ ਹੋਇਆ ਸੀ। ਦੋਵੇਂ ਦੋਸਤ ਬਗੀਚੇ ਦੇ ਨਾਲ ਬਣੀ ਝੀਲ ਦੇ ਕੰਢੇ ਬੈਠੇ ਸਨ। ਫਿਰ ਸਮੀਰ ਦਾ ਪੈਰ ਫਿਸਲ ਗਿਆ ਅਤੇ ਉਹ ਝੀਲ ਦੇ ਪਾਣੀ ’ਚ ਡੁੱਬ ਗਿਆ। ਫਿਰ ਉਸ ਦੇ ਦੋਸਤ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਉਥੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ’ਚ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਬੱਚੇ ਨੂੰ ਪਾਣੀ ’ਚੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ।
ਸੂਚਨਾ ਮਿਲਦੇ ਹੀ ਸੈਕਟਰ-11 ਥਾਣਾ ਅਤੇ ਸਾਰੰਗਪੁਰ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਡੀਐਸਪੀ ਸੈਂਟਰਲ ਗੁਰਮੁੱਖ ਸਿੰਘ ਵੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਇਸ ਤੋਂ ਤੁਰੰਤ ਬਾਅਦ ਬਚਾਅ ਕਾਰਜ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਟੀਮ ਨੇ ਪਾਣੀ ’ਚ ਡੁੱਬੇ ਬੱਚੇ ਨੂੰ ਬਾਹਰ ਕੱਢਿਆ।
ਡੀਐਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਬਚਾਅ ਟੀਮ ਨੇ ਬੱਚੇ ਨੂੰ ਬੇਹੋਸੀ ਦੀ ਹਾਲਤ ’ਚ ਪਾਣੀ ’ਚੋਂ ਬਾਹਰ ਕੱਢਿਆ ਅਤੇ ਤੁਰੰਤ ਜੀਐਮਐਸਐਚ-16 ’ਚ ਪਹੁੰਚਾਇਆ। ਹਾਦਸੇ ’ਚ ਬੱਚੇ ਦੀ ਮੁੱਢਲੀ ਜਾਣਕਾਰੀ ਅਨੁਸਾਰ ਮੌਤ ਹੋ ਗਈ ਸੀ। ਪੁਲਿਸ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਹੈ।