ਕਪੂਰਥਲਾ— ਮੋਦੀ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਯੋਜਨਾ ਦੇ ਵਿਰੋਧ ’ਚ ਦੇਸ਼ ਦੇ ਕਈ ਹਿੱਸਿਆਂ ’ਚ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਰੇਲਵੇ ਨੂੰ ਸਭ ਤੋਂ ਵੱਧ ਨੁਕਸਾਨ ਚੁੱਕਣਾ ਪੈ ਰਿਹਾ ਹੈ। ਕਈ ਟਰੇਨਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਨਾਲ ਕਰੋੜਾਂ ਦੀ ਲਾਗਤ ਹੀ ਬਰਬਾਦ ਨਹੀਂ ਹੋ ਰਹੀ ਸਗੋਂ ਹਜ਼ਾਰਾਂ ਮਜ਼ਦੂਰਾਂ ਦੀ ਮਿਹਨਤ ਦੇ ਇਲਾਵਾ ਰੇਲਵੇ ਦੇ ਆਧੁਨੀਕੀਕਰਨ ਦਾ ਸੁਫ਼ਨਾ ਵੀ ਸੁਆਹ ਹੋ ਰਿਹਾ ਹੈ।
ਭਾਰਤੀ ਰੇਲਵੇ ’ਚ ਕੋਈ ਡੇਢ ਦਰਜਨ ਦੇ ਕੋਚ ਚੱਲਦੇ ਹਨ, ਜਿਨ੍ਹਾਂ ’ਚ ਇਕ ਏ. ਸੀ. ਟੂ ਟਾਇਰ ਕੋਚ (ਡੱਬੇ) ’ਤੇ ਲਗਭਗ 2.45 ਕਰੋੜ ਦੀ ਲਾਗਤ ਆਉਂਦੀ ਹੈ। ਏ. ਸੀ. ਖ੍ਰੀ ਟਾਇਰ ਕੋਚ ਸਭ ਤੋਂ ਮਹਿੰਗਾ ਕਰੀਬ 2.56 ਕਰੋੜ ਦਾ ਪੈਂਦਾ ਹੈ ਜਦਕਿ ਸਲੀਪਰ ਵਾਲੇ ਡੱਬੇ ’ਤੇ 2.09 ਕਰੋੜ ਅਤੇ ਜਨਰਲ ਕੋਚ ’ਤੇ 2.02 ਕਰੋੜ ਦਾ ਖ਼ਰਚ ਆਉਂਦਾ ਹੈ। ਪ੍ਰਦਰਸ਼ਨ ਦੌਰਾਨ ਇਨ੍ਹਾਂ ਕੋਚਾਂ ਨੂੰ ਅੱਗ ਲਗਾਉਣ ਨਾਲ ਦੇਸ਼ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਹੋ ਰਿਹਾ ਹੈ ਸਗੋਂ ਲਗਭਗ ਹਜ਼ਾਰਾਂ ਇੰਜੀਨੀਅਰਾਂ, ਕਾਰੀਗਰਾਂ ਅਤੇ ਮਜ਼ਦੂਰਾਂ ਦੀ ਮਿਹਨਤ ਵੀ ਖ਼ਰਾਬ ਹੋ ਰਹੀ ਹੈ। ਆਮ ਤੌਰ ’ਤੇ ਇਕ ਟਰੇਨ ’ਚ 22 ਤੋਂ ਲੈ ਕੇ 24 ਡੱਬੇ ਹੁੰਦੇ ਹਨ। 24 ਡੱਬਿਆਂ ਵਾਲੀ ਟਰੇਨ ਦੇ ਕੋਚਾਂ ਦੀ ਕੁੱਲ ਲਾਗਤ ਕਰੀਬ 60 ਕਰੋੜ ਪੈਂਦੀ ਹੈ ਅਤੇ ਇਨ੍ਹਾਂ ਕੋਚਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਇੰਜਣ ਸਭ ਤੋਂ ਮਹਿੰਗਾ ਹੁੰਦਾ ਹੈ। ਟਰੇਨ ਦਾ ਇੰਜਣ ਬਣਾਉਣ ’ਚ ਕਰੀਬ 20 ਕਰੋੜ ਰੁਪਏ ਦਾ ਖ਼ਰਚ ਆਉਂਦਾ ਹੈ।ਇਕ ਡਿਊਲ ਮੋਡ ਲੋਕੋਮੋਟਿਵ ਇੰਜਣ ’ਤੇ ਕਰੀਬ 20 ਕਰੋੜ ਲਾਗਤ ਆਉਂਦੀ ਹੈ ਜਦਕਿ 4500 ਹਾਰਸਪਾਵਰ ਦੇ ਡੀਜ਼ਲ ਲੋਕੋਮੋਟਿਵ ਦੀ ਕੀਮਤ ਕਰੀਬ 15 ਕਰੋੜ ਰੁਪਏ ਪੈਂਦੀ ਹੈ। ਹਰ ਇਕ ਇੰਜਣ ਦੀ ਕੀਮਤ ਉਸ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ। ਜੇਕਰ ਇਸ ’ਚ ਇੰਜਣ ਦੀ ਕੀਮਤ ਵੀ ਜੋੜ ਦਿੱਤੀ ਜਾਵੇ ਤਾਂ ਇਕ ਪੂਰੀ ਟਰੇਨ ਕਰੀਬ 88 ਤੋਂ 90 ਕਰੋੜ ਹੁਪਏ ਹੁੰਦੀ ਹੈ। ਇਸੇ ਤਰ੍ਹਾਂ ਆਮ ਨਾਲੋਂ ਐਕਸਪ੍ਰੈੱਸ ਟਰੇਨ ਬਣਾਉਣ ਦਾ ਖ਼ਰਚ 72 ਕਰੋੜ ਰੁੁਪਏ ਤੋਂ 120 ਕਰੋੜ ਰੁਪਏ ਦੇ ਵਿਚਾਲੇ ਆਉਂਦੀ ਹੈ। ਤੇਜਸ ਅਤੇ ਵੰਦੇ ਭਾਰਤ ਵਰਗੀਆਂ ਆਧੁਨਿਕ ਟਰੇਨਾਂ ਦੀ ਕੀਮਤ 120 ਕਰੋੜ ਦੇ ਆਸ ਪਾਸ ਹੁੰਦੀ ਹੈ।