ਅੰਮ੍ਰਿਤਸਰ 1 ਜੁਲਾਈ ( ਰਣਜੀਤ ਸਿੰਘ ਮਸੌਣ) ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਅੰਮ੍ਰਿਤਸਰ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਿਆ ਹੀ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਤਲਬੀਰ ਸਿੰਘ ਗਿੱਲ ਨੇ ਸ਼ੋਸ਼ਲ ਮੀਡੀਆ ਰਾਹੀਂ ਇੱਕ ਵਾਰ ਫ਼ਿਰ ਸਵਾਲ ਖੜੇ ਕੀਤੇ ਹਨ ਕਿ ਹਸਪਤਾਲ ਵਿੱਚ ਇੱਕ ਪਰਿਵਾਰ ਦੇ 4-4 ਮੈਂਬਰਾਂ ਨੂੰ ਨੌਕਰੀ ਦੇਣਾ ਜਾਇਜ ਹੈ ?
ਜਿਸ ਦੀ ਇੱਕ ਉਦਾਹਰਨ ਜਗਮਿੰਦਰ ਸਿੰਘ, ਉਹਨਾਂ ਦੀ ਪਤਨੀ ਕੰਵਲਜੀਤ ਕੌਰ, ਭੈਣ ਰਾਜਵਿੰਦਰ ਕੌਰ ਅਤੇ ਭੈਣ ਬੱਬਲਜੀਤ ਕੌਰ ਸ਼ਾਮਲ ਹਨ। ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੇਰੀ ਇਹਨਾਂ ਪਰਿਵਾਰਾਂ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਪਰ ਹਸਪਤਾਲ ਦੇ ਪ੍ਰਬੰਧਕਾਂ ਨੂੰ ਕੀ ਅਧਿਕਾਰ ਹੈ ਕਿ ਉਹ ਇੱਕੋਂ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਣ ?
ਇਸ ਤੋਂ ਇਲਾਵਾਂ ਉਹਨਾਂ ਨੇ ਕਿਹਾ ਕਿ ਚੈਰੀਟੇਬਲ ਹਸਪਤਾਲ ਦੀ ਪਾਰਕਿੰਗ ਵੀ ਫ੍ਰੀ ਹੋਣੀ ਚਾਹੀਦੀ ਹੈ। ਕਿਉਂਕਿ ਇਹ ਕੋਈ ਪ੍ਰਾਈਵੇਟ ਹਸਪਤਾਲ ਨਹੀਂ ਹੈ। ਇੱਥੇ ਲੋੜਵੰਦ ਮਰੀਜ ਦਵਾਈ ਲੈਣ ਆਉਂਦੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਪਾਰਕਿੰਗ ਵਿੱਚ ਸਾਇਕਲ ਦੀ ਫ਼ੀਸ 5 ਰੁਪਏ, ਸਕੂਟਰ 10 ਰੁਪਏ ਅਤੇ ਕਾਰ ਦੀ 20 ਰੁਪਏ ਰੱਖੀ ਗਈ ਹੈ। ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਸ਼ੋਸ਼ਲ ਮੀਡੀਆ ਰਾਹੀਂ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਏ.ਪੀ. ਸਿੰਘ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ।
ਹੁਣ ਇਹ ਵੇਖਣਾ ਹੋਵੇਗਾ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਹਾਈਕਮਾਨ ਇਸ ਮੁੱਦੇ ਵੱਲ ਧਿਆਨ ਦਿੰਦੀ ਹੈ? ਤਲਬੀਰ ਸਿੰਘ ਗਿੱਲ ਦੇ ਇਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਜਦੋਂ ਡਾ. ਏ.ਪੀ. ਸਿੰਘ ਨੂੰ ਫ਼ੋਨ ਕੀਤਾ ਗਿਆ ਤਾਂ ਉਹਨਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਫ਼ਿਰ ਉਹਨਾਂ ਦੇ ਸਹਾਇਕ ਅਮਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਡਾ. ਏ.ਪੀ. ਸਿੰਘ ਵਿਦੇਸ਼ ਗਏ ਹੋਏ ਹਨ ਅਤੇ ਮੈਂ ਤਲਬੀਰ ਸਿੰਘ ਗਿੱਲ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ। ਇਹ ਵੀ ਕਿਹਾ ਜਾਂ ਰਿਹਾ ਹੈ ਕਿ ਮੁੱਖ ਪ੍ਰਬੰਧਕ ਡਾ. ਏ.ਪੀ. ਸਿੰਘ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਕਰੀਬ 10 ਤੋਂ 15 ਸਾਲ ਤੋਂ ਇੱਕ ਹੀ ਅਹੁੱਦੇ ਤੇ ਨੌਕਰੀ ਕਰ ਰਹੇ ਹਨ। ਚਰਚਾ ਦਾ ਵਿਸ਼ਾ ਇਹ ਵੀ ਆਉਂਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦੇ ਅਧੀਨ ਇਹ ਹਸਪਤਾਲ ਆਉਂਦਾ ਹੈ ਉਸਨੂੰ ਹਸਪਤਾਲ ਲਈ ਕੋਈ ਹੋਰ ਪ੍ਰਬੰਧਕ ਨਹੀਂ ਮਿਲ ਰਿਹਾ ਕਿਉਕਿ ਡਾ. ਏ.ਪੀ. ਸਿੰਘ ਦੇ ਖਿਲਾਫ਼ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆ ਨੇ ਹੀ ਬਗਾਵਤ ਕੀਤੀ ਸੀ। ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਜਲਦੀ ਹੀ ਮੀਡੀਆ ਰਾਹੀਂ ਡਾ. ਏ.ਪੀ. ਸਿੰਘ ਦੇ ਗਲਤ ਪ੍ਰਬੰਧਾਂ ਦੀ ਹੋਰ ਪੋਲ ਖੋਲੀ ਜਾਵੇਂਗੀ।