ਇਸਲਾਮੀਆ ਗਰਲਜ਼ ਸਕੂਲ ਦੀਆਂ ਖਿਡਾਰਣਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ
ਮਾਲੇਰਕੋਟਲਾ, 13 ਅਕਤੂਬਰ : ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਲੜਕੀਆਂ ਦੇ ਸਭ ਤੋਂ ਵੱਡੇ ਵਿਦਿਅਕ ਅਦਾਰੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਣਾਂ ਨੇ ਜ਼ਿਲ੍ਹਾ ਪੱਧਰ ’ਤੇ ਮੁਕੰਮਲ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ਰੰਸੀਪਲ ਸਬਾ ਸ਼ਾਹੀਨ ਨੇ ਦੱਸਿਆ ਕਿ ਪਿਛਲੇ ਵਿਦਿਅਕ ਵਰ੍ਹੇ ਦੌਰਾਨ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ ਕਰਵਾਕੇ ਜ਼ਿਲ੍ਹਾ ਮਾਲੇਰਕੋਟਲਾ ਦਾ ਨਾਂ ਰੋਸ਼ਨ ਕੀਤਾ। ਹੁਣ ਖੇਡਾਂ ਦੇ ਖੇਤਰ ’ਚ ਵੀ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।
ਉਨ੍ਹਾਂ ਦੱਸਿਆ ਕਿ ਬੌਕਸਿੰਗ ’ਚ ਵਿਦਿਆਰਥਣਾਂ ਨੇ 9 ਗੋਲਡ ਅਤੇ 3 ਸਿਲਵਰ ਮੈਡਲ ਜਿੱਤੇ ਹਨ। ਵਾਲੀਬਾਲ ’ਚ 1 ਗੋਲਡ, 1 ਸਿਲਵਰ ਅਤੇ 1 ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਹੈ। 200 ਮੀਟਰ ਦੌੜ ’ਚ ਗੋਲਡ, 100 ਮੀਟਰ ਦੌੜ ’ਚ ਗੋਲਡ, 100 ਮੀਟਰ ਦੌੜ ’ਚ ਸਿਲਵਰ, ਉੱਚੀ ਛਾਲ ’ਚ 1 ਗੋਲਡ, 2 ਸਿਲਵਰ ਅਤੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਹੈ। ਪਾਵਰ ਲਿਫਟਿੰਗ ’ਚ 7 ਗੋਲਡ ਅਤੇ 2 ਸਿਲਵਰ ਮੈਡਲ ਪ੍ਰਾਪਤ ਕੀਤੇ ਹਨ ਅਤੇ ਫੁੱਟਬਾਲ ’ਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੀ ਬੜ੍ਹਤ ਬਣਾਈ ਹੈ।
ਪਿ੍ਰੰਸੀਪਲ ਸਬਾ ਸ਼ਾਹੀਨ ਨੇ ਦੱਸਿਆ ਕਿ ਖੇਡਾਂ ’ਚ ਇੰਨੇ ਵੱਡੇ ਪੱਧਰ ’ਤੇ ਮੈਡਲ ਜਿੱਤਣ ਦਾ ਸਿਹਰਾ ਮੈਡਮ ਫ਼ਾਤਮਾ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ। ਇਨ੍ਹਾਂ ਜੇਤੂ ਖਿਡਾਰਣਾਂ ਦਾ ਪੰਜਾਬ ਵਕਫ ਬੋਰਡ ਦੇ ਸੀ.ਈ.ਓ ਲਤੀਫ ਅਹਿਮਦ ਥਿੰਦ ਨੇ ਸਨਮਾਨ ਕਰਦਿਆਂ ਕਿਹਾ ਕਿ ਵਕਫ ਬੋਰਡ ਦੇ ਸਾਰੇ ਵਿਦਿਅਕ ਅਦਾਰੇ ਹੁਣ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਆਪਣਾ ਸਥਾਨ ਬਣਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ’ਚ ਹੀ ਇਕ ਤੰਦਰੁਸਤ ਦਿਮਾਗ ਰਹਿੰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ’ਚ ਖੇਡਾਂ ਇੱਕ ਅਹਿਮ ਰੋਲ ਅਦਾ ਕਰਦੀਆ ਹਨ। ਉਨ੍ਹਾਂ ਕਿਹਾ ਕਿ ਇਸ ਕਾਮਯਾਬੀ ਦੇ ਪਿੱਛੇ ਬੱਚਿਆਂ, ਉਨ੍ਹਾਂ ਦੇ ਮਾਪੇ ਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਹੈ। ਇਸ ਮੌਕੇ ਮੈਡਮ ਰਾਹਿਲਾ ਖਾਨ ਵੀ ਹਾਜ਼ਰ ਸਨ।