ਫਿਰੋਜ਼ਪੁਰ, ( ਗੁਰਪ੍ਰੀਤ ਸਿੰਘ ਸਿੱਧੂ ) :- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੜ੍ਹ ਦੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਆਲਮ ਇਹ ਹੈ ਕਿ ਬੀਤੇ ਦਿਨ ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਜੁਆਇੰਟ ਚੈਕ ਪੋਸਟ ਹੂਸੈਨੀਵਾਲਾ ਨੂੰ ਜਾਂਦੀ ਸੜਕ ਵੀ ਪਾਣੀ ਦੀ ਮਾਰ ਹੇਠ ਆ ਗਈ ਹੈ। ਹਾਲੇ ਵੀ ਘਰਾਂ ’ਚ ਫਸੇ ਹੋਏ ਲੋਕਾਂ ਨੂੰ ਐੱਨਡੀਆਰਐੱਫ, ਭਾਰਤੀ ਫੌਜ਼ ਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਘਰਾਂ ’ਚੋਂ ਸੁਰੱਖਿਤ ਬਾਹਰ ਕੱਢਣ ਲਈ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਲਈ ਮੋਰਚਾ ਸੰਭਾਲਿਆ ਹੋਇਆ ਹੈ। ਅੱਜ ਦੁਪਹਿਰ ਬਾਅਦ ਪੈ ਰਹੇ ਮੀਂਹ ਨੇ ਇਨ੍ਹਾਂ ਇਲਾਕਿਆਂ ਵਿਚ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਹਰੀਕੇ ਹੈੱਡ ਤੋਂ ਅੱਗੇ ਪੈਂਦੇ ਪਿੰਡ ਫਤਿਹਗੜ੍ਹ ਸਭਰਾ, ਰਾਜੀ ਸਭਰਾ, ਦੁੱਲਾ ਸਿੰਘ ਵਾਲਾ, ਆਲੇ ਵਾਲਾ, ਫੱਤੇਵਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਬੰਡਾਲਾ, ਕਾਲੇ ਕੇ ਹਿਠਾੜ, ਬਸਤੀ ਕਿਸ਼ਨ ਸਿੰਘ ਵਾਲੀ, ਮੁੱਠਿਆਂ ਵਾਲਾ, ਜਾਮਾ ਮੇਘਾ, ਬਸਤੀ ਰਾਮ ਲਾਲ ਤੋਂ ਇਲਾਵਾ ਰਾਜੋ ਕੀ ਗੱਟੀ ,ਭੱਖੜਾ ,ਟੇਂਡੀ ਵਾਲਾ ਆਦਿ ਪਿੰਡਾਂ ਵਿਚ ਹੜ੍ਹਾਂ ਦੇ ਬਹੁਤ ਮਾੜੇ ਹਾਲਾਤ ਹਨ ਜੋਂ ਬਦ ਤੋਂ ਬਦਤਰ ਬਣੇ ਹੋਏ ਹਨ। ਇਨ੍ਹਾਂ ਪਿੰਡਾਂ ਵਿਚ ਸਭ ਤੋਂ ਵੱਧ ਸਮੱਸਿਆ ਪਸ਼ੂਆਂ ਦੇ ਚਾਰੇ ਦੀ ਆ ਰਹੀ ਹੈ, ਕਿਉਂਕਿ ਕਿਸਾਨਾਂ ਦੀਆਂ ਤੂੜੀਆਂ ਪਾਣੀ ਵਿਚ ਰੁੜ ਗਈਆਂ ਅਤੇ ਹਰਾ ਚਾਰਾ ਦੇ ਪਾਣੀ ਨਾਲ ਬਿਲਕੁਲ ਖਤਮ ਹੋ ਚੁੱਕਾ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਆਦਿ ਵੱਲੋਂ ਪਾਣੀ ਵਿਚ ਫਸੇ ਲੋਕਾਂ ਲਈ ਖਾਣ ਪੀਣ ਦੀਆਂ ਵਸਤਾਂ ਅਤੇ ਪਸ਼ੂਆਂ ਲਈ ਚਾਰਾ ਅਤੇ ਫੀਡ ਪਹੁੰਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅੱਜ ਪੈ ਰਹੇ ਮੀਂਹ ਕਾਰਨ ਹੜਾਂ ਦੇ ਪਾਣੀ ਵਿਚ ਘਿਰੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ ਤਿੰਨ ਦਿਨ ਤੱਕ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ। ਲਗਾਤਾਰ ਹੜਾਂ ਦਾ ਪਾਣੀ ਵਗਣ ਕਾਰਨ ਲੋਕਾਂ ਦੇ ਮਕਾਨਾਂ ਨੂੰ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
0
previous post
