Home ਚੰਡੀਗੜ੍ਹ ਰਾਜ ਪੱਧਰੀ ਬਸੰਤ ਪੰਚਮੀ ਮੇਲਾ 27-28 ਜਨਵਰੀ ਨੂੰ ਫ਼ਿਰੋਜ਼ਪੁਰ ਵਿਖੇ ਮਨਾਇਆ ਜਾਵੇਗਾ :- ਡਿਪਟੀ ਕਮਿਸ਼ਨਰ

ਰਾਜ ਪੱਧਰੀ ਬਸੰਤ ਪੰਚਮੀ ਮੇਲਾ 27-28 ਜਨਵਰੀ ਨੂੰ ਫ਼ਿਰੋਜ਼ਪੁਰ ਵਿਖੇ ਮਨਾਇਆ ਜਾਵੇਗਾ :- ਡਿਪਟੀ ਕਮਿਸ਼ਨਰ

- ਡਿਪਟੀ ਕਮਿਸ਼ਨਰ ਨੇ ਬਸੰਤ ਮੇਲੇ ਸੰਬੰਧੀ ਵੈਬਸਾਈਟ ਕੀਤੀ ਲਾਂਚ

by gpsingh
24 views

ਫ਼ਿਰੋਜ਼ਪੁਰ, 16 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ ) :- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਰਵਾਇਤੀ ਤੇ ਵਿਰਾਸਤੀ ਮੇਲਿਆਂ ਨੂੰ ਦੇਸ਼-ਦੁਨੀਆਂ ਤੱਕ ਪ੍ਰਫੁੱਲਤ ਕਰਨ ਅਤੇ ਇਨ੍ਹਾਂ ਮੇਲਿਆਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਰਾਜ ਦੇ ਰਿਵਾਇਤੀ ਮੇਲਿਆਂ ਦੀ ਲੜੀ ਤਹਿਤ 27 ਅਤੇ 28 ਜਨਵਰੀ 2025 ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਅਤੇ ਬਸੰਤ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ 22 ਜਨਵਰੀ 2025 ਤੋਂ 25 ਜਨਵਰੀ ਤੱਕ ਹੋਣਗੇ ਅਤੇ 27 ਜਨਵਰੀ ਨੂੰ ਪਤੰਗਬਾਜ਼ੀ ਦਾ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਸੱਭਿਆਚਾਰਕ ਪ੍ਰੋਗਰਾਮ 28 ਜਨਵਰੀ ਨੂੰ ਹੋਵੇਗਾ ਜਿਸ ਵਿੱਚ ਪੰਜਾਬ ਦੇ ਉੱਘੇ ਲੋਕ ਗਾਇਕ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਰਾਜ ਪੱਧਰੀ ਬਸੰਤ ਮੇਲੇ ਦੌਰਾਨ ਕਰਵਾਏ ਜਾਣ ਵਾਲੇ ਪਤੰਗਬਾਜ਼ੀ ਮੁਕਾਬਲਿਆਂ ਸੰਬੰਧੀ ਵੈਬਸਾਈਟ ਲਾਂਚ ਕਰਨ ਉਪਰੰਤ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਮਰਦ, ਔਰਤਾਂ ਅਤੇ ਬੱਚੇ ਆਪਣੀ ਮੁਫਤ ਰਜਿਸਟ੍ਰੇਸ਼ਨ ਵੈਬਸਾਈਟ https://kitefestivalferozepur2025.in ‘ਤੇ ਕਰ ਸਕਦੇ ਹਨ। ਰਾਜ ਪੱਧਰੀ ਬਸੰਤ ਮੇਲੇ ਲਈ ਰਜਿਸਟਰੇਸ਼ਨ 16 ਜਨਵਰੀ ਤੋਂ 21 ਜਨਵਰੀ 2025 ਤੱਕ ਕਰਵਾਈ ਜਾ ਸਕਦੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਿਰੋਜ਼ਪੁਰ ਵਿਖੇ ਬਸੰਤ ਮੇਲਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੂਮ-ਧਾਮ ਨਾਲ ਮਨਾਇਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਤੰਗਬਾਜ਼ੀ ਦੇ ਮੁਕਾਬਲੇ ਹੋਣਗੇ ਅਤੇ ਪਹਿਲੇ ਸਥਾਨ ’ਤੇ ਰਹਿਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 10 ਸਾਲ ਤੋਂ ਘੱਟ ਉਮਰ ਦੇ ਲੜਕੇ/ਲੜਕੀਆਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ 10 ਸਾਲ ਤੋਂ ਉਪਰ ਉਮਰ ਦੇ ਲੜਕੇ/ਲੜਕੀਆ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਵੀ 50-50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਸਭ ਤੋਂ ਦਿਲਚਸਪ ਮੁਕਾਬਲਾ “ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ” ਹੋਵੇਗਾ ਅਤੇ ਇਸ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਅਤੇ ਜੀਵ ਸੁਰੱਖਿਆ ਪ੍ਰਤੀ ਮਨੱਖੀ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੇ ਹੋਏ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਪੂਰਨ ਪਾਬੰਦੀ ਹੋਵੇਗੀ। ਇਸ ਮੇਲੇ ਵਿੱਚ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਜਾਣਗੇ ਅਤੇ ਮਸ਼ਹੂਰ ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਮੇਲੇ ਨੂੰ ਚਾਰ ਚੰਨ ਲਗਾਉਣਗੇ। ਉਨ੍ਹਾਂ ਰਾਜ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਸਟੇਟ ਯੁਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਇਹ ਮੇਲਾ ਦੇਖਣ ਲਈ ਜ਼ਰੂਰ ਆਉਣ।

Related Articles

Leave a Comment