Home ਚੰਡੀਗੜ੍ਹ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਜਨਮ ਅਸਥਾਨ "ਪਹੂਵਿੰਡ" ਵਿਖੇ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਵਿਸ਼ਾਲ ਸਮਾਗਮ

by gpsingh
19 views
ਚੌਂਕ ਮਹਿਤਾ, 19 ਜਨਵਰੀ ( ਬਾਬਾ ਸੁਖਵੰਤ ਸਿੰਘ ਚੰਨਣਕੇ ) :- ਸਿੱਖਾਂ ਦੀ ਸਿਰਮੌਰ ਜੱਥੇਬੰਦੀ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਦੇ ਮੌਜ਼ੂਦਾ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਨੋਖੇ ਅਮਰ ਸ਼ਹੀਦ, ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਪੁਰਾਤਨ ਜਨਮ ਅਸਥਾਨ “ਅੰਦਰਲਾ ਗੁਰਦੁਆਰਾ” ਪਿੰਡ ਪਹੂਵਿੰਡ (ਤਰਨ ਤਾਰਨ) ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ।
ਜਿਕਰਯੋਗ ਹੈ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਮਿਲਣ ਤੋਂ ਬਾਅਦ ਦਮਦਮੀ ਟਕਸਾਲ ਮਹਿਤਾ ਵੱਲੋਂ ਪਹਿਲੀ ਵਾਰ ਇਹ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਗਿਆ ਅਤੇ ਇਸ ਅਸਥਾਨ ਉਪਰ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿੱਚ ਕਾਰ ਸੇਵਾ ਬਹੁਤ ਜਲਦ ਸ਼ੁਰੂ ਹੋਵੇਗੀ। ਅੱਜ ਦੇ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਜੱਥਿਆਂ ਨੇ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਇਸ ਸਮੇਂ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਨੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਤੋਂ ਲੈ ਕਰਕੇ ਸ਼ਹੀਦੀ ਪ੍ਰਾਪਤ ਕਰਨ ਤੱਕ ਦਾ ਇਤਿਹਾਸ ਸਰਵਣ ਕਰਵਾਇਆ, ਅਤੇ ਸੰਗਤ ਨੂੰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਸੇਧ ਦਿੱਤੀ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਸੰਗਤ ਦੇ ਸਨਮੁੱਖ ਹੁੰਦਿਆਂ ਆਖਿਆ ਕਿ ਜਿੱਥੇ ਅਸੀਂ ਆਪਣੇ ਗੁਰੂ ਸਾਹਿਬਾਨਾਂ ਅਤੇ ਮਹਾਨ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਹਾਂ, ਉੱਥੇ ਹੀ ਸਾਨੂੰ ਉਨ੍ਹਾਂ ਦੇ ਵੱਲੋਂ ਦਰਸਾਈ ਗਈ ਜੀਵਨ ਜਾਂਚ ਨੂੰ ਵੀ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਜੱਥੇਬੰਦੀ ਹੈ, ਜਿਸ ਦਾ ਸਿੱਖ ਪੰਥ ਦੇ ਵਿੱਚ ਮਹਾਨ ਰੁਤਬਾ ਹੈ, ਸ਼੍ਰੀ ਹਰਮੰਦਿਰ ਸਾਹਿਬ ਵਿਖੇ ਜਿੱਥੇ ਇੱਕ ਪਾਸੇ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ, ਉੱਥੇ ਹੀ ਦੂਜੇ ਪਾਸੇ ਟਕਸਾਲ ਦੇ ਚੌਧਵੇਂ ਮੁੱਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਸ਼ਹੀਦੀ ਗੈਲਰੀ ਵਿੱਚ ਯਾਦਗਾਰ ਸਥਾਪਿਤ ਕੀਤੇ ਜਾਣਾ ਆਪਣੇ ਆਪ ਵਿਚ ਕਿਸੇ ਵਿਲੱਖਣ ਪ੍ਰਾਪਤੀ ਤੋਂ ਘੱਟ ਨਹੀਂ ਹੈ। ਉਨ੍ਹਾਂ ਆਖਿਆ ਕਿ ਦਮਦਮੀ ਟਕਸਾਲ ਦੇ ਮੌਜ਼ੂਦਾ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਟਕਸਾਲ ਦੇ ਸੁਨਹਿਰੀ ਇਤਿਹਾਸ ਨੂੰ ਅੱਗੇ ਤੋਰਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਰਹੇ ਹਨ, ਜੋ ਪੂਰੇ ਸਿੱਖ ਪੰਥ ਵਿਚ ਪ੍ਰਸ਼ੰਸਾ ਯੋਗ ਹਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ, ਜੱਥੇ. ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਜੱਥੇ. ਬਾਬਾ ਬੋਹੜ ਸਿੰਘ, ਸੰਤ ਗਿਆਨੀ ਸੁਰਜੀਤ ਸਿੰਘ ਮਹਿਰੋ, ਬਾਬਾ ਮੇਜ਼ਰ ਸਿੰਘ ਮੁੱਖੀ ਦਸ਼ਮੇਸ਼ ਤਰਨਾ ਦਲ, ਭਾਈ ਹਰਸ਼ਦੀਪ ਸਿੰਘ ਰੰਧਾਵਾ ਤੇ ਭਾਈ ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ਼ ਖਾਲਸਾ ਦੀਵਾਨ), ਸੰਤ ਬਾਬਾ ਹੀਰਾ ਸਿੰਘ ਜੀ ਚੋਹਲਾ ਸਾਹਿਬ, ਬਾਬਾ ਮੇਜ਼ਰ ਸਿੰਘ ਵਾਂ, ਜੱਥੇ. ਨਿਰਵੈਰ ਸਿੰਘ, ਬਾਬਾ ਸੁਖਵਿੰਦਰ ਸਿੰਘ ਮਾਲੂਵਾਲ, ਸੰਤ ਬਾਬਾ ਗੁਰਬਚਨ ਸਿੰਘ ਸੁਰਸਿੰਘ, ਭਾਈ ਹੀਰਾ ਸਿੰਘ, ਅਵਤਾਰ ਸਿੰਘ ਅਲਗੋਕੋਠੀ, ਪ੍ਰਿੰ.ਧਰਮਬੀਰ ਸਿੰਘ ਚੀਮਾ, ਪ੍ਰਿੰ.ਕੰਧਾਲ ਸਿੰਘ, ਬਾਬਾ ਕੁਲਵੰਤ ਸਿੰਘ ਦੋਬਾਨੀਆਂ, ਮਹੰਤ ਸੁਖਦੇਵ ਸਿੰਘ, ਜੱਥੇ. ਮੰਗਲ ਸਿੰਘ, ਸਰਪੰਚ ਇੰਦਰਬੀਰ ਸਿੰਘ, ਚੇਅਰਮੈਨ ਰਜਵੰਤ ਸਿੰਘ, ਸਰਪੰਚ ਅਮਰਜੀਤ ਸਿੰਘ, ਨੰਬਰਦਾਰ ਬਲਜੀਤ ਸਿੰਘ, ਠੇਕੇਦਾਰ ਰਾਮ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਸਰਪੰਚ ਜੁਗਰਾਜ ਸਿੰਘ ਤੇ ਗੁਰਸਾਹਿਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Related Articles

Leave a Comment