ਬਿਸ਼ਕੇਕ (ਕਿਰਗਿਸਤਾਨ), 20 ਅਪਰੈਲ
ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਤੋਂ ਇੱਕ ਜਿੱਤ ਦੂਰ ਹੈ, ਜਦਕਿ ਅੰਸ਼ੂ ਮਲਿਕ ਅਤੇ ਅੰਡਰ-23 ਚੈਂਪੀਅਨ ਰਿਤਿਕਾ ਨੇ ਵੀ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਵਿਨੇਸ਼ ਨੇ ਇਕ ਮਿੰਟ 39 ਸੈਕਿੰਡ ਤੱਕ ਚੱਲੇ ਇਸ ਮੁਕਾਬਲੇ ਵਿਚ ਔਰਤਾਂ ਦੇ 50 ਕਿਲੋਗ੍ਰਾਮ ਵਿਚ ਕੋਰਿਆਈ ਵਿਰੋਧੀ ਮੀਰਾਨ ਚੇਓਨ ਨੂੰ ਹਰਾਇਆ। ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲਵਾਨਾਂ ਨੂੰ ਉਨ੍ਹਾਂ ਦੇ ਦੇਸ਼ ਲਈ ਕੋਟਾ ਮਿਲੇਗਾ। ਚੋਣ ਟਰਾਇਲ ਜਿੱਤਣ ਤੋਂ ਬਾਅਦ ਵਿਨੇਸ਼ 50 ਕਿਲੋਗ੍ਰਾਮ ਵਰਗ ਵਿੱਚ ਖੇਡ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ 2021 ਦੀ ਚਾਂਦੀ ਦਾ ਤਗਮਾ ਜੇਤੂ ਅੰਸ਼ੂ ਨੇ ਕੁਆਰਟਰ ਫਾਈਨਲ ਵਿੱਚ ਸਿੱਧਾ ਪ੍ਰਵੇਸ਼ ਕਰ ਲਿਆ, ਜਿਸ ਵਿੱਚ ਉਸ ਨੇ ਤਕਨੀਕੀ ਅਧਾਰ ’ਤੇ ਕਿਰਗਿਸਤਾਨ ਦੀ ਕਲਮੀਰਾ ਬਿਲਮਬੇਕੋਵਾ ਨੂੰ ਹਰਾਇਆ। ਅੰਡਰ 23 ਵਿਸ਼ਵ ਚੈਂਪੀਅਨ ਰਿਤਿਕਾ (76 ਕਿਲੋ) ਨੇ ਯੁੰਜੂ ਹਵਾਂਗ ਨੂੰ ਹਰਾਇਆ।