ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਏਆਈਯੂ ਦੇ ਦਿਸ਼ਾ-ਨਿਰਦੇਸ਼ਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਹੀ ਮਹਿਲਾਂ-ਪੁਰਸ਼ਾਂ ਦੀ 4 ਦਿਨਾਂ ਆਲ ਇੰਡੀਆਂ ਇੰਟਰਵਰਸਿਟੀ ਰੋਡ ਸਾਈਕਲਿੰਗ ਦੇ ਤੀਜੇ ਦਿਨ ਅੰਮ੍ਰਿਤਸਰ ਲਾਹੌਰ ਕੌਮਾਂਤਰੀ ਸੜਕ ਮਾਰਗ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਹਿਲਾਵਾਂ ਦੇ ਟਾਈਮ ਟ੍ਰਾਇਲ 30 ਕਿੱਲੋਮੀਟਰ ਮੁਕਾਬਲੇ ਦੌਰਾਨ ਜੀਐਨਡੀਯੂ ਪਹਿਲੇ, ਐਮਜੀਐਸਯੂ ਬੀਕਾਨੇਰ ਰਾਜਸਥਾਨ ਦੂਜੇ ਅਤੇ ਐਲਪੀਯੂ ਫ਼ਗਵਾੜਾ ਕਪੂਰਥਲਾ ਤੀਜੇ ਸਥਾਨ ਤੇ ਰਹੇ। ਇਸ ਦੌਰਾਨ ਜੀਐਨਡੀਯੂ ਦੀ ਖਿਡਾਰਨ ਬੱਬਨ ਪੂਜਾ, ਮੀਨਾਕਸ਼ੀ, ਗੰਗੋਤਰੀ ਤੇ ਸੰਸਕ੍ਰਿਤੀ ਨੇ ਇਸ 30 ਕਿੱਲੋਮੀਟਰ ਰੇਸ ਨੂੰ 46, 49, 94 ਦੇ ਸਮੇਂ ਦੌਰਾਨ ਪੂਰਾ ਕਰਕੇ ਮੋਹਰੀ ਰਹਿੰਦੇ ਹੋਏ ਗੋਲਡ ਮੈਡਲ ਹਾਂਸਲ ਕੀਤੇ। ਪੁਰਸ਼ਾਂ ਦੇ ਵਰਗ ਦੀ 48 ਕਿੱਲੋਮੀਟਰ ਰੇਸ ਵਿੱਚ ਜੀਐਨਡੀਯੂ ਪਹਿਲੇ, ਐਮਜੀਐਸਯੂ ਬੀਕਾਨੇਰ ਰਾਜਸਥਾਨ ਦੂਜੇ ਤੇ ਐਲਪੀਯੂ ਫ਼ਗਵਾੜਾ ਕਪੂਰਥਲਾ ਤੀਜੇ ਸਥਾਨ ਤੇ ਰਹੇ। ਜੀਐਨਡੀਯੂ ਦੇ ਖਿਡਾਰੀ ਦੁਸ਼ਯੰਤ, ਸ਼ੁਸ਼ਾਂਤ, ਅੰਕਿਤ ਤੇ ਜਤਿੰਦਰਾਂ ਨੇ ਇਸ ਰੇਸ ਨੂੰ 57.11.870 ਦੇ ਟਾਈਮ ਵਿੱਚ ਪੂਰਾ ਕਰਦੇ ਹੋਏ ਮੋਹਰੀ ਰਹੇ ਤੇ ਗੋਲਡ ਮੈਡਲ ਹਾਂਸਲ ਕੀਤੇ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਕੌਮਾਂਤਰੀ ਸਾਈਕਲਿਸਟ ਸੀਆਈਟੀ ਰੇਲਵੇ (ਰਿਟਾ.) ਬਾਵਾ ਸਿੰਘ ਸੰਧੂ ਭੋਮਾ ਤੇ ਉੱਘੇ ਸਮਾਜ ਸੇਵੀ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ ਤੇ ਅਦਾ ਕੀਤੀ ਤੇ ਕਿਹਾ ਕਿ ਜਿਸ ਪ੍ਰਕਾਰ ਦੇ ਸਾਈਕਲਿੰਗ ਮੁਕਾਬਲੇ ਜੀਐਨਡੀਯੂ ਦੀ ਮੇਜ਼ਬਾਨੀ ਹੇਠ ਆਯੋਜਿਤ ਹੋ ਰਹੇ ਹਨ। ਇਸ ਤੋਂ ਸਾਫ਼ ਤੇ ਸ਼ਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਸਾਈਕਲਿੰਗ ਖੇਡ ਖੇਤਰ ਪਹਿਲਾਂ ਨਾਲੋਂ ਵੀ ਉਤਸ਼ਾਹਿਤ ਤੇ ਪ੍ਰਫੁੱਲਤ ਹੋਵੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਨਾਲ ਸਾਈਕਲਿੰਗ ਖੇਡ ਦਾ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਹੋਇਆ ਹੈ। ਖਿਡਾਰੀਆਂ ਤੇ ਦਰਸ਼ਕਾਂ ਦੇ ਵੱਲੋਂ ਇਸਦਾ ਖ਼ੂਬ ਲੁਤੱਫ ਉਠਾਉਣਾ ਵੀ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਖੇਡ ਜ਼ੋਸ਼ ਤੇ ਚੁਸਤੀ ਫੁਰਤੀ ਦਾ ਸੁਮੇਲ ਹੈ। ਉਨ੍ਹਾਂ ਜੇਤੂ ਖਿਡਾਰੀ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਹੋਰਨਾਂ ਨੂੰ ਵੀ ਇਸ ਖੇਡ ਖੇਤਰ ਨਾਲ ਜੁੜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਾਈਮਰੀ ਵਿੱਦਿਆ ਦੇ ਦੌਰਾਨ ਹੀ ਮਾਸੂਮਾਂ ਨੂੰ ਇਸ ਖੇਡ ਖੇਤਰ ਵਿੱਚ ਭੇਜਣ ਦੀ ਸਲਾਹ ਦਿੰਦਿਆਂ ਤਰਕ ਦਿੱਤਾ ਕਿ ਇਸ ਤਰ੍ਹਾਂ ਹੋਣ ਨਾਲ ਮਾਸੂਮ ਬੱਚੇ ਮੋਬਾਇਲ ਦੀਆਂ ਪਤਨ ਮੁੱਖੀ ਅਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਵਰਗੀਆਂ ਅਲਾਮਤਾ ਤੋਂ ਦੂਰ ਹੋ ਕੇ ਰਹਿ ਸੱਕਣਗੇ। ਇਸ ਮੌਕੇ ਜੀਐਨਡੀਯੂ ਦੇ ਸੇਵਾ ਮੁੱਕਤ ਸੁਪਰਡੈਂਟ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਜਗਦੀਪ ਸਿੰਘ, ਕੋਚ ਲਖਵੀਰ ਸਿੰਘ, ਕੌਮਾਂਤਰੀ ਸਾਈਕਲਿੰਗ ਖਿਡਾਰੀ ਸੀਆਈਟੀ ਰੇਲਵੇ ਤ੍ਰਿਲੋਚਨ ਸਿੰਘ, ਸਾਈ ਕੋਚ ਲਖਵਿੰਦਰ ਸਿੰਘ ਰੇਲਵੇ, ਕੋਚ ਸੀਮਾ, ਭੁਪਿੰਦਰ ਸਿੰਘ, ਸੁਰੱਖਿਆ ਸੁਪਰਵਾਈਜਰ ਜਸਬੀਰ ਸਿੰਘ, ਸੁਪਰਵਾਈਜਰ ਸ਼ਮਸ਼ੇਰ ਸਿੰਘ ਵਡਾਲੀ ਤੇ ਬਿੱਟੂ ਮਾਹਲ ਆਦਿ ਹਾਜ਼ਰ ਸਨ।