ਨਵੀਂ ਦਿੱਲੀ,
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸਰੀਰਕ ਅਤੇ ਮਾਨਸਿਕ ਤੌਰ ’ਤੇ ਚੰਗੀ ਹਾਲਤ ’ਚ ਹੈ ਪਰ ਉਸ ਨੂੰ ਲੱਗਦਾ ਹੈ ਕਿ ਓਲੰਪਿਕ ’ਚ ਤੀਜਾ ਤਗ਼ਮਾ ਜਿੱਤਣ ਲਈ ਉਸ ਨੂੰ ਹੋਰ ਸੁਧਾਰ ਦੀ ਲੋੜ ਹੈ। ਰੀਓ ਅਤੇ ਟੋਕੀਓ ਵਿੱਚ ਪਿਛਲੇ ਦੋ ਓਲੰਪਿਕ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਸਿੰਧੂ ਦਾ ਟੀਚਾ ਤਿੰਨ ਓਲੰਪਿਕ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣਨਾ ਹੈ। ਉਸ ਨੇ ਭਾਰਤੀ ਖੇਡ ਅਥਾਰਟੀ (ਐੱਸਏਆਈ), ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਅਤੇ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਕਿਹਾ, “ਇਹ ਚੁਣੌਤੀਪੂਰਨ ਹੈ। ਇਹ ਸੌਖਾ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ।’’
ਉਸ ਨੇ ਕਿਹਾ, ‘‘ਮੈਨੂੰ ਤੀਜੇ ਓਲੰਪਿਕ ’ਚ ਜਾਣ ਤੋਂ ਪਹਿਲਾਂ ਹੋਰ ਫੁਰਤੀਲਾ ਹੋਣ ਦੀ ਲੋੜ ਹੈ। ਮੈਨੂੰ ਉਮੀਦ ਹੈ ਕਿ ਮੈਂ ਮੈਡਲ ਦਾ ਰੰਗ ਬਦਲ ਸਕਾਂਗੀ ਅਤੇ ਯਕੀਨੀ ਤੌਰ ’ਤੇ ਦੇਸ਼ ਲਈ ਇਕ ਹੋਰ ਤਗ਼ਮਾ ਜਿੱਤ ਸਕਾਂਗੀ।’’ ਉਹ ਇਸ ਵੇਲੇ ਜਰਮਨੀ ’ਚ ਸਿਖਲਾਈ ਲੈ ਰਹੀ ਹੈ। ਉਹ 26 ਜੁਲਾਈ ਨੂੰ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੇ ਪੈਰਿਸ ਜਾਵੇਗੀ। ਸਿੰਧੂ ਨੇ ਕਿਹਾ, ‘‘ਸਰੀਰਕ ਅਤੇ ਮਾਨਸਿਕ ਤੌਰ ’ਤੇ ਮੈਂ ਫਿੱਟ ਹਾਂ। ਮੈਨੂੰ ਸਿਰਫ ਹੋਰ ਫੁਰਤੀਲਾ ਹੋਣਾ ਪਵੇਗਾ। ਮੇਰੇ ਕੋਚ ਐਗਸ (ਡਵੀ ਸੈਂਟੋਸੋ) ਇਸ ’ਤੇ ਧਿਆਨ ਦੇ ਰਹੇ ਹਨ। ਮੈਂ ਸਾਰੇ ਸਟ੍ਰੋਕਾਂ ’ਤੇ ਕੰਮ ਕਰ ਰਹੀ ਹਾਂ।’’ ਉਸ ਨੇ ਕਿਹਾ, ‘‘ਮੈਂ ਸਿਰਫ ਇੱਕ ਸਟ੍ਰੋਕ ਜਾਂ ਤਕਨੀਕ ’ਤੇ ਧਿਆਨ ਨਹੀਂ ਦੇ ਰਹੀ ਹਾਂ। ਤੁਸੀਂ ਨਹੀਂ ਜਾਣਦੇ ਕਿ ਕੀ ਹੋਣ ਵਾਲਾ ਹੈ। ਇਸ ਵੇਲੇ ਮੇਰਾ ਧਿਆਨ ਸਿਰਫ ਅਭਿਆਸ ’ਤੇ ਹੈ।’’ -ਪੀਟੀਆਈ