ਆਈਸੀਸੀ ਵਨਡੇ ਵਰਲਡ ਕੱਪ ਭਾਰਤ ਵਿੱਚ 5 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ 3 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਆਗਾਮੀ ਮੈਗਾ ਈਵੈਂਟ ਨੂੰ ਲੈ ਕੇ ਇੱਕ ਪ੍ਰਮੋਸ਼ਨਲ ਵੀਡੀਓ ਲਾਂਚ ਕੀਤਾ ਗਿਆ ਹੈ। ਇਸ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਜਾਦੂਈ ਅੰਦਾਜ਼ ਦੇਖਣ ਨੂੰ ਮਿਲਿਆ ਹੈ, ਜਿਨ੍ਹਾਂ ਨੂੰ ICC ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਸ ਵੀਡੀਓ ‘ਚ ਸਾਲ 1975 ਦੇ ਪਹਿਲੇ ਵਿਸ਼ਵ ਕੱਪ ਤੋਂ ਲੈ ਕੇ ਹੁਣ ਤੱਕ ਵਿਸ਼ਵ ਕੱਪ ਦੇ ਸਾਰੇ ਸ਼ਾਨਦਾਰ ਪਲਾਂ ਨੂੰ ਦਿਖਾਇਆ ਗਿਆ ਹੈ।ਆਈਸੀਸੀ ਵੱਲੋਂ ਜਾਰੀ ਇਸ ਵੀਡੀਓ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਕ੍ਰਿਕਟ ਜਗਤ ਦੇ ਖਿਡਾਰੀ ਵੀ ਨਜ਼ਰ ਆਏ, ਜਿਨ੍ਹਾਂ ਵਿੱਚ ਭਾਰਤੀ ਟੀਮ ਦੇ ਮੌਜੂਦਾ ਨੌਜਵਾਨ ਸਟਾਰ ਖਿਡਾਰੀ ਸ਼ੁਭਮਨ ਗਿੱਲ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ, ਜੋਂਟੀ ਰੋਡਸ ਅਤੇ ਮੁਥੱਈਆ ਮੁਰਲੀਧਰਨ ਦੇ ਨਾਂ ਵੀ ਸ਼ਾਮਲ ਹਨ। ਇਸ ਪੂਰੀ ਵੀਡੀਓ ਦੌਰਾਨ ਸਿਰਫ ਸ਼ਾਹਰੁਖ ਖਾਨ ਦੀ ਹੀ ਆਵਾਜ਼ ਸੁਣਾਈ ਦਿੱਤੀ।ਇਸ ਵੀਡੀਓ ਦੌਰਾਨ ਸ਼ਾਹਰੁਖ ਖਾਨ ਪ੍ਰਸ਼ੰਸਕਾਂ ਨੂੰ ਮੈਸੇਜ ਦਿੰਦੇ ਨਜ਼ਰ ਆਏ ਕਿ ਆਲ ਇਟ ਟੈਕਸ ਇਜ ਵਨਡੇ! ਇਸ ਦਾ ਮਤਲਬ ਹੈ ਕਿ ਕੁਝ ਕਰ ਦਿਖਾਉਣ ਲਈ ਸਿਰਫ਼ ਇੱਕ ਦਿਨ ਹੀ ਕਾਫ਼ੀ ਹੈ। ਇਸ ਪ੍ਰੋਮੋ ਵੀਡੀਓ ਨੂੰ ਮੁੰਬਈ ‘ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਗਿਆ।
ਭਾਰਤ ਦੇ 10 ਸ਼ਹਿਰਾਂ ਵਿੱਚ ਖੇਡੇ ਜਾਣਗੇ ਮੈਚ
ਵਨਡੇ ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ ਇਕੱਲੇ ਇਸ ਮੈਗਾ ਈਵੈਂਟ ਦਾ ਆਯੋਜਨ ਕਰ ਰਿਹਾ ਹੈ। ਦੇਸ਼ ਦੇ 10 ਸ਼ਹਿਰਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ। 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਵਾਰ ਟੂਰਨਾਮੈਂਟ ਵਿੱਚ ਕੁੱਲ 10 ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ ਅਤੇ ਕੁੱਲ 48 ਮੈਚ ਖੇਡੇ ਜਾਣਗੇ। ਮੈਗਾ ਈਵੈਂਟ ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ।