ਹੁਸਿ਼ਆਰਪੁਰ, 27 ਸਤੰਬਰ (ਤਰਸੇਮ ਦੀਵਾਨਾ)-ਬੇਗਮਪੁਰਾ ਟਾਇਗਰ ਫੋਰਸ ਵਲੋ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ, ਲੇਖਕ ਜਗਦੀਪ ਅਤੇ ਅਦਾਕਾਰਾ ਨੀਰੂ ਬਾਜਵਾ ’ਤੇ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ , ਦੋਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਂਹੀ ਭੇਜਿਆ ਗਿਆ। ਇਸ ਸਬੰਧੀ ਸਾਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਆਗੂਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਲੀਜ਼ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ’ਚ ਐਸਸੀ ਸਮਾਜ ਨਾਲ ਸਬੰਧਿਤ ਔਰਤਾਂ ਦਾ ਮਜ਼ਾਕ ਉਡਾਇਆ ਗਿਆ ਹੈ, ਜਿਹੜੀ ਕਿ ਬਹੁਤ ਹੀ ਸੰਵੇਦਨਸ਼ੀਲ ਅਤੇ ਮਾੜੀ ਗੱਲ ਹੈ। ਉਨ੍ਹਾ ਕਿਹਾ ਕਿ ਇਹ ਵਰਤਾਰਾ ਭਾਰਤੀ ਕਾਨੂੰਨ, ਸੱਭਿਆਚਾਰ ਅਤੇ ਧਰਮ ਦੇ ਬਿੱਲਕੁਲ ਵਿਰੁੱਧ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਕਾਨੂੰਨ ਰਾਹੀਂ ਔਰਤਾਂ ਨੂੰ ਵਿ਼ਸੇਸ਼ ਅਧਿਕਾਰ ਦਿੱਤੇ ਹੋਏ ਹਨ। ਉਹਨਾ ਕਿਹਾ ਕਿ ਪੰਜਾਬੀ ਫਿਲਮ ਬੂਹੇ ਬਾਰੀਆਂ ’ਚ ਐਸਸੀ ਔਰਤਾਂ ਦਾ ਅਪਮਾਨ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਇਸ ਫਿਲਮ ’ਚ ਸਰਪੰਚ ਦਾ ਰੋਲ ਨਿਭਾਅ ਰਹੇ ਵਿਅਕਤੀ ਨੇ ਔਰਤ ਨੂੰ ਪੈਰ ਦੀ ਜੁੱਤੀ ਕਹਿ ਕੇ ਜੱਗ ਜਨਣੀ ਨੂੰ ਬੇਇੱਜ਼ਤ ਕੀਤਾ ਹੈ। ‘ਗੋਹਾ ਕੂੜਾ ਕਰਨ ਵਾਲੀਆਂ ਹੁਣ ਲੜਨਗੀਆਂ ਸਰਪੰਚੀ ਦੀਆਂ ਚੋਣਾਂ?’ ਗਲ ਆਖ ਕੇ ਐਸਸੀ ਔਰਤਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਖੌਤੀ ਉੱਚੀ ਜਾਤ ਦੇ ਮਰਦਾਂ ਦੁਆਰਾ ਬਲਾਤਕਾਰ ਦੀ ਸਿ਼ਕਾਰ ਹੋਈ ਐਸਸੀ ਕ੍ਰਾਂਤੀਕਾਰੀ ਔਰਤ ਫੂਲਨ ਦੇਵੀ ਜੀ ਬਾਰੇ ਵੀ ਇਸ ਫਿਲਮ ’ਚ ਅਪਮਾਨ ਜਨਕ ਸ਼ਬਦ ਬੋਲੇ ਗਏ ਹਨ, ਜਿਸ ਕਾਰਨ ਐਸਸੀ ਸਮਾਜ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ, ਲੇਖਕ ਜਗਦੀਪ ਅਤੇ ਅਦਾਕਾਰਾ ਨੀਰੂ ਬਾਜਵਾ ’ਤੇ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਐਸਸੀ ਸਮਾਜ ਸਹਿਯੋਗੀ ਜਥੇਬੰਦੀਆਂ ਸਮੇਤ ਸੜਕਾਂ ’ਤੇ ਆ ਜਾਵੇਗਾ, ਜਿਸ ਦੀ ਨਿਰੋਲ ਜਿ਼ੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾ ਤੋ ਇਲਾਵਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ, ਭਿੰਦਾ ਸੀਣਾ ਉੱਪ ਪ੍ਰਧਾਨ ਹਲਕਾ ਚੱਬੇਵਾਲ , ਰਵੀ ਸੁੰਦਰ ਨਗਰ ,ਵਿੱਕੀ ਸਿੰਘ ਪੁਰਹੀਰਾ ਸਹਿਰੀ ਸਕੱਤਰ , ਮੁਨੀਸ ਕੁਮਾਰ ਸਕੱਤਰ ਬਲਾਕ 2 ਅਤੇ ਬਾਲੀ ਆਦਿ ਹਾਜਰ ।