ਫਗਵਾੜਾ 3 ਜੂਨ (ਸ਼ਿਵ ਕੋੜਾ) ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਏ ਜਾ ਰਹੇ ਤਿੰਨ ਰੋਜਾ ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਅੱਜ ਝੰਡੇ ਦੀ ਰਸਮ ਨਿਭਾਈ ਗਈ। ਉਪਰੰਤ ਸਾਂਈ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਕੜੀ ਦਾ ਪ੍ਰਸਾਦ ਅਤੁੱਟ ਵਰਤਾਇਆ ਗਿਆ। ਰਾਤ ਨੂੰ ਕੱਵਾਲ ਸ਼ੌਕਤ ਅਲੀ ਮਲੇਰਕੋਟਲਾ ਵਾਲਿਆਂ ਨੇ ਆਪਣਾ ਸੂਫੀਆਨਾ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਰੁਹਾਨੀਅਤ ਨਾਲ ਜੋੜਿਆ। ਸਮਾਗਮ ਦੌਰਾਨ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਸਾਂਈ ਕਰਨੈਲ ਸ਼ਾਹ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੇ ਆਖਰੀ ਦਿਨ ਐਤਵਾਰ 4 ਜੂਨ ਨੂੰ ਦੁਪਿਹਰ 2 ਵਜੇ ਇੰਟਰਨੈਸ਼ਨਲ ਗਾਇਕ ਰੰਮੀ ਰੰਧਾਵਾ ਤੇ ਪਿ੍ਰੰਸ ਰੰਧਾਵਾ (ਰੰਧਾਵਾ ਬ੍ਰਦਰਜ) ਤੋਂ ਇਲਾਵਾ ਹੋਰ ਨਾਮਵਰ ਗਾਇਕ ਕਲਾਕਾਰ ਆਪਣੇ ਪ੍ਰਸਿੱਧ ਗੀਤਾਂ ਨਾਲ ਭਰਪੂਰ ਹਾਜਰੀ ਲਗਵਾਉਣਗੇ। ਸ਼ਾਮ ਨੂੰ 4 ਵਜੇ ਸੈਣੀ ਡੀ.ਜੇ ਲੈਂਡ ਐਂਡ ਪਾਰਟੀ ਵਲੋਂ ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਉਪਰੰਤ ਛਿੰਜ ਮੇਲੇ ਦਾ ਆਯੋਜਨ ਹੋਵੇਗਾ। ਜਿਸ ਵਿਚ ਪੰਜਾਬ ਦੇ ਨਾਮਵਰ ਪਹਿਲਵਾਨ ਕੁਸ਼ਤੀ ਦੇ ਜੋਹਰ ਦਿਖਾਉਣਗੇ। ਪਟਕੇ ਦੀ ਪਹਿਲੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 9100 ਰੁਪਏ ਤੇ ਟਰਾਫੀ ਜਦਕਿ ਉਪ ਜੇਤੂ ਪਹਿਲਵਾਨ ਨੂੰ 7100 ਰੁਪਏ ਦੇ ਨਗਦ ਇਨਾਮ ਤੋਂ ਇਲਾਵਾ ਪਟਕੇ ਦੀ ਦੂਸਰੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 6100 ਰੁਪਏ ਨਗਦ ਇਨਾਮ ਅਤੇ ਉਪ ਜੇਤੂ ਨੂੰ 4100 ਰੁਪਏ ਨਗਦ ਰਾਸ਼ੀ ਨਾਲ ਨਵਾਜਿਆ ਜਾਵੇਗਾ। ਦਾਤਾ ਜੀ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਕੜੀ ਦਾ ਪ੍ਰਸਾਦ ਲੈਣ ਲਈ ਵੀ ਸੰਗਤਾਂ ‘ਚ ਵਿਸ਼ੇਸ਼ ਉਤਸ਼ਾਹ ਰਿਹਾ