ਸੰਗਰੂਰ, 26 ਜੁਲਾਈ, 2023: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਰਾਜ ਕਮੇਟੀ ਵੱਲੋਂ 28 ਜੁਲਾਈ 2023, ਸ਼ੁੱਕਰਵਾਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਖੇ ਮਾਲਵਾ ਜ਼ੋਨ ਦੀ ਇੱਕ ਨੁਮਾਇੰਦਾ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਆਰ.ਐੱਮ.ਪੀ.ਆਈ. ਦੀ ਸੰਗਰੂਰ ਕਮੇਟੀ ਦੇ ਪ੍ਰਧਾਨ ਭੀਮ ਸਿੰਘ ਆਲਮਪੁਰ, ਸਕੱਤਰ ਊਧਮ ਸਿੰਘ ਸੰਤੋਖਪੁਰਾ ਅਤੇ ਖਜ਼ਾਨਚੀ ਮਾਸਟਰ ਸਰਬਜੀਤ ਸਿੰਘ ਵੜੈਚ ਨੇ ਕਿਹਾ ਕਿ ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ-ਅਖੰਡਤਾ ਨੂੰ ਖੇਰੂੰ-ਖੇਰੂੰ ਕਰਨ ਵਾਲੇ ਆਰ.ਐਸ.ਐਸ. ਦੇ ਫਿਰਕੂ-ਫਾਸ਼ੀਵਾਦੀ, ਫੁੱਟਪਾਊ ਏਜੰਡੇ ਅਤੇ ਲੋਕਾਈ ਨੂੰ ਕੰਗਾਲ ਕਰਕੇ ਕਾਰਪੋਰੇਟਾਂ ਦੇ ‘ਖਜ਼ਾਨੇ ਭਰਪੂਰ’ ਕਰਨ ਵਾਲੀਆਂ ਮੋਦੀ-ਸ਼ਾਹ ਸਰਕਾਰ ਦੀਆਂ ਨਵ ਉਦਾਰਵਾਦੀ ਨੀਤੀਆਂ ਖਿਲਾਫ਼ ਹਰ ਪੱਧਰ ‘ਤੇ ਵਿਚਾਰਧਾਰਕ ਤੇ ਰਾਜਸੀ ਘੋਲ ਵਿੱਢਣ ਦਾ ਹੋਕਾ ਦੇਣ ਲਈ ਸੱਦੀ ਜਾ ਰਹੀ ਉਕਤ ਕਨਵੈਨਸ਼ਨ ਦੇ ਮੁੱਖ ਬੁਲਾਰੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਹੋਣਗੇ ਆਗੂਆਂ ਨੇ ਸਭਨਾਂ ਦੇਸ਼ ਹਿਤੈਸ਼ੀ ਤੇ ਇਨਸਾਫਪਸੰਦ ਧਿਰਾਂ ਤੇ ਸ਼ਖਸੀਅਤਾਂ ਨੂੰ ਉਕਤ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਦੱਸਿਆ ਕਿ 2024 ਦੀਆਂ ਆਮ ਚੋਣਾਂ ‘ਚ ਮੋਦੀ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਬੇਦਖ਼ਲੀ ਦੇ ਸਰਵ ਸਾਂਝੇ ਘੋਲ ਨੂੰ ਮਜ਼ਬੂਤੀ ਅਤੇ ਬਲ ਬਖਸ਼ਨ ਦੀ ਨਿੱਗਰ ਯੋਜਨਾਬੰਦੀ ਕਰਨੀ ਕਨਵੈਨਸ਼ਨ ਦਾ ਪ੍ਰਮੁੱਖ ਏਜੰਡਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਏਕਾਧਿਕਾਰਵਾਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ, ਰਾਜਾਂ ਦੇ ਅਧਿਕਾਰਾਂ ‘ਤੇ ਮਾਰੇ ਜਾ ਰਹੇ ਛਾਪਿਆਂ ਅਤੇ ਪੰਜਾਬ ਨਾਲ ਸਬੰਧਤ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦੇ ਸਰਵ ਪ੍ਰਵਾਨਿਤ ਅਤੇ ਨਿਆਂ ਸੰਗਤ ਹੱਲ ਲੱਭਣ ਲਈ ਸਮੂਹ ਪੰਜਾਬੀਆਂ ਦਾ ਜਮਹੂਰੀ ਲੀਹਾਂ ‘ਤੇ ਜ਼ਾਬਤਾਬੱਧ ਘੋਲ ਵਿੱਢਣ ਪੱਖੋਂ ਵੀ ਕਨਵੈਨਸ਼ਨ ਨਿੱਗਰ ਪਹਿਲ ਕਦਮੀ ਕਰੇਗੀ। ਕਨਵੈਨਸ਼ਨ ਪੰਜਾਬ ਅੰਦਰ ਬਦਲਵੀਆਂ ਲੋਕ ਪੱਖੀ ਨੀਤੀਆਂ ‘ਤੇ ਆਧਾਰਿਤ ਹਕੀਕੀ ਰਾਜਸੀ ਬਦਲ ਦਾ ਖਾਕਾ ਵੀ ਸੂਬਾ ਵਾਸੀਆਂ ਸਨਮੁੱਖ ਪੇਸ਼ ਕਰੇਗੀ