ਅੰਮ੍ਰਿਤਸਰ, 3 ਜੂਨ ( ਰਣਜੀਤ ਸਿੰਘ ਮਸੌਣ ) ਵੱਡੇ ਪੱਧਰ ‘ਤੇ ਜੰਗਲਾਂ ਦੀ ਕਟਾਈ, ਨਤੀਜੇ ਵੱਜੋਂ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਇਸ ਦੇ ਪਾਣੀ, ਹਵਾ ਅਤੇ ਮਨੁੱਖੀ ਜੀਵਨ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਨੇ ਪਿੰਡ ਖਿਆਲਾਂ ਖੁਰਦ ਰਾਮ ਤੀਰਥ ਰੋਡ ਵਿਖੇ ਆਪਣੇ 10 ਏਕੜ ਦੇ ਕੈਂਪਸ ਵਿੱਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਰੁੱਖ ਲਗਾਏ।
ਸੰਸਥਾ ਨੇ ਇਸ ਮੌਕੇ ਆਪਣੇ ਅਹਾਤੇ ਵਿੱਚ ਫਲਦਾਰ, ਛਾਂਦਾਰ ਅਤੇ ਫੁੱਲਦਾਰ ਰੁੱਖ ਲਗਾ ਕੇ ਸਮੂਹ ਮਨੁੱਖਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਸ-ਪਾਸ ਖਾਲੀ ਪਈਆਂ ਥਾਵਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਉਣ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ (ਜੂਨੀਅਰ) ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ‘ਕੁਝ ਰੁਖ ਮੈਂਨੂੰ ਪੁਤ ਲਗਦੇ’ ਗਾ ਕੇ ਪੇਸ਼ ਕੀਤੀ।
ਸਿਡਾਨਾ ਇੰਸਟੀਟੀਊਟ ਅੰਮਿ੍ਤਸਰ ਦੇ ਡਾਇਰੈਕਟਰ ਡਾ ਜੀਵਨ ਜੋਤੀ ਸਿਡਾਨਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਵਾਤਾਵਰਨ ਪ੍ਰਦੂਸ਼ਣ ਵਿੱਚ ਕਈ ਗੁਣਾ ਵਾਧਾ ਹੋਇਆ ਹੈ, ਜਦਕਿ ਬਦਲਦੇ ਮੌਸਮ ਦੇ ਰੂਪ ਰੁੱਖਾਂ ਦੀ ਬੇਲੋੜੀ ਕਟਾਈ ਦਾ ਇੱਕ ਮਾੜਾ ਨਤੀਜਾ ਹੈ | ਉਨ੍ਹਾਂ ਸਰਕਾਰ, ਸਬੰਧਤ ਜ਼ਿਲ੍ਹਾ ਅਧਿਕਾਰੀਆਂ ਅਤੇ ਜਨਤਾ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। “ਮੌਸਮ ਦੀਆਂ ਅਸਥਿਰਤਾਵਾਂ ਅਤੇ ਅਤਿਅੰਤ ਤਾਪਮਾਨਾਂ ਦਾ ਜਿਹੜਾ ਸਾਹਮਣਾਂ ਅਸੀਂ ਕਰ ਰਹੇ ਹਾਂ, ਜੰਗਲਾਂ ਦੀ ਕਟਾਈ ਦੇ ਸਿੱਟਿਆਂ ਤੋਂ ਇਲਾਵਾ ਹੋਰ ਕੁਝ ਨਹੀਂ। ਉਸੇ ਤਰ੍ਹਾਂ ਹੀ ਵਾਯੂਮੰਡਲ ਵਿੱਚ ਪ੍ਰਦੂਸ਼ਣ ਦਾ ਵਧ ਰਿਹਾ ਪੱਧਰ ਅਤੇ ਇਸ ਕਾਰਨ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਹਨ। ਸਮੇਂ ਦੀ ਮੰਗ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾਈਏ ਤਾਂ ਜੋ ਵਾਤਾਵਰਣ ਨੂੰ ਪਹਿਲਾਂ ਤੋਂ ਹੀ ਹੋ ਰਹੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਅਤੇ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਇਸ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ।
ਸੀ.ਬੀ.ਐਸ.ਈ ਸਹੋਦਿਆ ਸਕੂਲ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ, ਜੋ ਕਿ ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਦੇ ਮੁੱਖ ਸਲਾਹਕਾਰ ਵੀ ਹਨ, ਉਹਨਾਂ ਨੇ ਕਿਹਾ ਕਿ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਮੋਹਰੀ ਹੋਣ ਦੇ ਨਾਲ-ਨਾਲ ਸੰਸਥਾ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ। “ਰੁੱਖ ਲਗਾਉਣ ਦੀ ਮਹੱਤਤਾ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਮਨੁੱਖਤਾ ਦੀ ਬਿਹਤਰੀ ਲਈ ਬੂਟੇ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਮੁਹਿੰਮਾਂ ਨਿਯਮਤ ਤੌਰ ‘ਤੇ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਵਾਤਾਵਰਣ ਸੰਬੰਧੀ ਪਹਿਲਕਦਮੀਆਂ ਨੂੰ ਜਾਰੀ ਰੱਖਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਤੇ ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਤੋਂ ਅਸਿਸਟੈਂਟ ਪ੍ਰੋਫ਼ੈਸਰ ਸ਼੍ਰੀਮਤੀ ਕਨਿਕਾ ਭਾਟੀਆ, ਸ਼੍ਰੀਮਤੀ ਸੋਨੀਆ, ਸਿਡਾਨਾ ਡਿਗਰੀ ਕਾਲਜ ਤੋਂ ਭੁਪਿੰਦਰ ਸਿੰਘ, ਗੁਰਸੇਵਕ ਸਿੰਘ, ਸਿਡਾਨਾ ਇੰਟਰਨੈਸ਼ਨਲ ਸਕੂਲ ਤੋਂ ਡਾਇਰੈਕਟਰ ਸ਼੍ਰੀਮਤੀ ਰਾਧਿਕਾ ਅਰੋੜਾ ਤੇ ਸਟਾਫ਼ ਅਤੇ ਸਿਡਾਨਾ ਇੰਸਟੀਟੀਊਟਸ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਇਸ ਮੌਕੇ ਤੇ ਹਾਜ਼ਰ ਸਨ।