ਲੁਧਿਆਣਾ 27 ਸਤੰਬਰ (ਕਰਨੈਲ ਸਿੰਘ ਐੱਮ.ਏ.)— ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਮੁਹਿੰਮ ਤਹਿਤ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਿਖੇ ਦੰਦਾਂ ਦੇ ਦੋ ਦਿਨਾਂ ਫਰੀ ਚੈਕਅੱਪ ਅਤੇ ਚੇਤਨਾ ਕੈਂਪ ਦਾ ਆਯੋਜਨ ਕਾਲਜ ਦੇ ਚੇਅਰਮੈਨ ਬਾਬਾ ਅਨਹਦਰਾਜ ਸਿੰਘ ਜੀ ਦੀ ਸਰਪ੍ਰਸਤੀ ਹੇਠ ਕੀਤਾ ਗਿਆ। ਇਸ ਕੈਂਪ ਵਿੱਚ ਡਾਕਟਰਾਂ ਦੀ ਟੀਮ ਨੇ 100 ਦੇ ਕਰੀਬ ਵਿਦਿਆਰਥੀਆਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ। ਡਾਕਟਰਾਂ ਵੱਲੋਂ ਵਿਦਿਆਰਥੀਆਂ ਨੂੰ ਸਿਹਤਮੰਦ ਸਰੀਰ ਦੇ ਵਿਕਾਸ ਵਿੱਚ ਦੰਦਾਂ ਦੀ ਅਰੋਗਤਾ ਦੇ ਮਹਤੱਵ ਸੰਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਦੰਦਾਂ ਦੇ ਖੌੜ ਅਤੇ ਉਨ੍ਹਾਂ ਵਿੱਚ ਕੀੜਾ ਲੱਗਣ ਵਰਗੀਆਂ ਬਿਮਾਰੀਆਂ
ਮਿੱਠੀਆਂ ਚੀਜਾਂ, ਫਾਸਟ ਫੂਡ ਅਤੇ ਕੋਲਡ ਡਰਿੰਕ ਦੇ ਜ਼ਿਆਦਾ ਸੇਵਨ ਕਰਕੇ ਹੁੰਦੀਆਂ ਹਨ। ਇਸ ਸੰਬੰਧੀ ਮੁੱਢਲੀ ਜਾਣਕਾਰੀ ਅਤੇ ਨਿਯਮਿਤ ਜਾਂਚ ਨਾਲ ਇਸ ਬਿਮਾਰੀ ਦਾ ਇਲਾਜ ਕਰਕੇ ਇਸ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਵਿੱਚ ਅਣਗਹਿਲੀ ਵਰਤਨ ਨਾਲ ਦੰਦਾਂ ਵਿੱਚ ਦਰਦ ਵੱਧ ਸਕਦਾ ਹੈ ਅਤੇ ਦੰਦਾਂ ਨੂੰ ਕੱਢਣਾ ਜਾਂ ਰੂਟ ਕਨਾਲ ਵੀ ਕਰਵਾਉਣਾ ਪੈ ਸਕਦਾ ਹੈ।ਇਸ ਤੋਂ ਬਚਣ ਦਾ ਸਭ ਤੋਂ ਸਰਲ ਉਪਾਅ ਹੈ ਕਿ ਦਿਨ ਵਿੱਚ ਘੱਟੋ ਘੱਟ ਦੋ ਵਾਰ ਬੁਰਸ਼ ਕੀਤਾ ਜਾਵੇ ਅਤੇ ਜਿਆਦਾ ਮਿੱਠੀਆਂ ਚੀਜ਼ਾਂ, ਫਾਸਟ ਫੂਡ ਤੋਂ ਪਰਹੇਜ ਕੀਤਾ ਜਾਵੇ। ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮੂੰਹ ਦੇ ਕੈਂਸਰ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਮੂੰਹ ਦੇ ਕੈਂਸਰ ਦੀ ਬਿਮਾਰੀ ਵਿੱਚ ਹੋ ਰਹੇ ਵਾਧੇ ਸੰਬੰਧੀ ਖਾਸ ਤੌਰ ਤੇ ਜਾਗਰੂਕ ਕੀਤਾ। ਡਾਕਟਰ ਕੋਲੋਂ ਦੰਦਾਂ ਦੀ ਨਿਯਮਿਤ ਜਾਂਚ ਕਰਵਾਉਣੀ ਬਹੁਤ ਹੀ ਜ਼ਰੂਰੀ ਹੈ। ਭਵਿੱਖ ਵਿੱਚ ਵੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਵਿਦਿਆਰਥੀਆਂ ਲਈ ਅਜਿਹੇ ਦੰਦਾਂ ਦੇ ਮੁਫਤ ਚੈਕਅੱਪ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਇਸ ਕੈਂਪ ਦੌਰਾਨ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਡੈਂਟਲ ਕੈਂਪ ਕਾਰਡ ਵੀ ਮੁਹੱਈਆ ਕੀਤੇ ਗਏ। ਜਿਸ ਰਾਹੀਂ ਭਵਿੱਖ ਵਿੱਚ ਹਸਪਤਾਲ ਵਿੱਚ ਰਿਆਇਤੀ ਦਰਾਂ ਤੇ ਇਲਾਜ ਕਰਵਾਇਆ ਜਾ ਸਕੇਗਾ। ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਦੰਦਾਂ ਦਾ ਮੁਫਤ ਕੈਂਪ ਲਗਾਉਣ ਲਈ ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਦੇ ਚੇਅਰਮੈਨ ਬਾਬਾ ਅਨਹਦਰਾਜ ਸਿੰਘ, ਕਾਲਜ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ।