ਸੰਗਰੂਰ, 3 ਜੂਨ, 2023: ਪੰਜਾਬ ਪੁਲਿਸ ਵਿੱਚ ਸਾਲ 2016 ਵਿੱਚ ਆਈਆਂ 7416 ਅਸਾਮੀਆਂ ਵਿੱਚ ਸਾਰੇ ਪੇਪਰ ਪਾਸ ਕਰਕੇ ਮੈਰਿਟ ਸੂਚੀ ਵਿਚ ਆਏ ਉਮੀਦਵਾਰਾਂ ਨੇ ਨਿਯੁਕਤੀਆਂ ਲੈਣ ਲਈ ਸਰਕਾਰ ਨੂੰ ਚਿਤਾਵਨੀ ਦੇ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਬੇਰੁਜ਼ਗਾਰ ਯੂਨੀਅਨ 2017 ਦੇ ਵੈਰੀਫਿਕੇਸ਼ਨ ਕਰਵਾ ਚੁੱਕੇ ਉਮੀਦਵਾਰ ਸੁਖਵਿੰਦਰ ਸਿੰਘ, ਜਗਤਾਰ ਸਿੰਘ, ਮਨਜਿੰਦਰ ਸਿੰਘ, ਬੇਅੰਤ ਸਿੰਘ, ਗੁਰਦੀਪ ਸਿੰਘ, ਸਤਪਾਲ ਸਿੰਘ, ਸੁਭਾਸ਼, ਗੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਮੈਰਿਟ ਸੂਚੀ ਜਾਰੀ ਹੋਣ ਮਗਰੋ ਜੁਲਾਈ, ਅਗਸਤ ਅਤੇ ਸਤੰਬਰ 2016 ਨੂੰ ਸਰੀਰਕ ਟਰਾਇਲ ਪਾਸ ਕੀਤੇ ਸਨ। ਉਪਰੰਤ ਜਾਰੀ ਕੀਤੀ ਸੂਚੀ ਵਿੱਚੋਂ ਉਹਨਾਂ ਦੇ ਨਾਮ ਸ਼ਾਮਿਲ ਨਹੀਂ ਸਨ, ਪ੍ਰੰਤੂ ਫੇਰ ਸਾਲ 2017 ਵਿੱਚ ਸੂਚੀ ਨੂੰ ਸੋਧ ਕੇ ਪਾਇਆ ਗਿਆ। ਇਸ ਮੈਰਿਟ ਸੂਚੀ ਵਿਚ ਆਉਣ ਵਾਲੇ ਸਰੀਰਕ ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਸ਼ਾਮਿਲ ਕਰਕੇ ਸੂਚੀ ਮੁੜ ਅੱਪਲੋਡ ਕੀਤੀ ਗਈ। ਜਿਸ ਵਿਚ ਉਹਨਾਂ ਦੇ ਨਾਮ ਸ਼ਾਮਿਲ ਸਨ। ਮੁੱਖ ਦਫਤਰ ਵੱਲੋ ਜ਼ਿਲ੍ਹਾ ਐੱਸ ਐੱਸ ਪੀ ਦਫਤਰਾਂ ਰਾਹੀਂ ਸਿਲੈਕਟਡ ਉਮੀਦਵਾਰਾਂ ਨੂੰ ਸੱਦੇ ਆਏ ਅਤੇ ਅਸਲੀ ਸਰਟੀਫਿਕੇਟ ਚੈੱਕ ਕਰਨ ਮਗਰੋ ਤਸਦੀਕਸ਼ੁਦਾ ਕਾਪੀਆਂ ਜਮਾ ਕਰਵਾ ਲਈਆਂ ਸਨ, ਪ੍ਰੰਤੂ ਕਰੀਬ 6 ਸਾਲ ਲੰਘਣ ਮਗਰੋ ਅਜੇ ਤੱਕ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਂ ਬੈਲਟ ਨੰਬਰ ਜਾਰੀ ਨਹੀਂ ਕੀਤੇ ਗਏ, ਜਦਕਿ ਨੌਕਰੀ ਪ੍ਰਾਪਤ ਕਰ ਚੁੱਕੇ ਉਮੀਦਵਾਰਾਂ ਦੀਆਂ ਲਿਸਟਾਂ ਵਿੱਚ, ਇਹਨਾਂ ਬੇਰੁਜ਼ਗਾਰਾਂ ਦੇ ਨਾਮ ਵੀ ਸਿਲੈਕਟਡ ਉਮੀਦਵਾਰਾਂ ਵਜੋਂ ਸ਼ਾਮਿਲ ਸਨ। ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਜ਼ਾਰਾਂ ਸਿਲੈਕਟਡ ਉਮੀਦਵਾਰ ਬੇਰੁਜ਼ਗਾਰੀ ਝੱਲਦੇ ਓਵਰਏਜ਼ ਹੋ ਰਹੇ ਹਨ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਰੁਜ਼ਗਾਰਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤੇ ਉੱਤੇ ਕਾਬਜ਼ ਹੋਈ ਹੈ। ਟੈਂਕੀਆਂ ਉੱਤੇ ਬੈਠੇ ਬੇਰੁਜ਼ਗਾਰਾਂ ਨੂੰ ਪੁਚਕਾਰ ਕੇ ਸਮਰਥਨ ਦੀ ਮੰਗ ਕਰਨ ਵਾਲੀ ਸਰਕਾਰ ਹੁਣ ਰੁਜ਼ਗਾਰ ਦੇਣ ਤੋ ਭੱਜ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਵਾਰ ਭਰੋਸੇ ਦੇਕੇ ਵੀ ਰੁਜ਼ਗਾਰ ਨਹੀਂ ਦਿੱਤਾ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ 9 ਜੂਨ ਤੱਕ ਮਸਲਾ ਹੱਲ ਨਾ ਕੀਤਾ ਤਾਂ ਸਰਕਾਰ ਖ਼ਿਲਾਫ਼ ਤਿੱਖਾ ਗੁਪਤ ਐਕਸ਼ਨ ਕੀਤਾ ਜਾਵੇਗਾ।